Bible Language

Isaiah 17 (PAV) Punjabi Old BSI Version

1 ਦੰਮਿਸਕ ਲਈ ਅਗੰਮ ਵਾਕ, - ਵੇਖੋ ਦੰਮਿਸਕ ਸ਼ਹਿਰ ਹੋਣ ਤੋਂ ਰਹਿ ਜਾਵੇਗਾ, ਸਗੋਂ ਉੱਜੜਿਆ ਹੋਇਆ ਥੇਹ ਹੋ ਜਾਵੇਗਾ।
2 ਅਰੋਏਰ ਦੇ ਸ਼ਹਿਰ ਤਿਆਗੇ ਜਾਣਗੇ, ਓਹ ਇੱਜੜਾ ਲਈ ਹੋਣਗੇ, ਅਤੇ ਓਹ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਵੇਗਾ।
3 ਇਫ਼ਰਾਈਮ ਵਿੱਚੋਂ ਗੜ੍ਹ, ਦੰਮਿਸਕ ਵਿੱਚੋਂ ਰਾਜ, ਅਤੇ ਅਰਾਮ ਦਾ ਬਕੀਆ ਮੁੱਕ ਜਾਣਗੇ, ਓਹ ਇਸਰਾਏਲੀਆਂ ਦੇ ਪਰਤਾਪ ਵਾਂਙੁ ਹੋਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
4 ਓਸ ਦਿਨ ਐਉਂ ਹੋਵੇਗਾ, ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ, ਅਤੇ ਉਹ ਦੇ ਸਰੀਰ ਦੀ ਮੁਟਿਆਈ ਪਤਲੀ ਪੈ ਜਾਵੇਗੀ
5 ਅਤੇ ਐਉਂ ਹੋ ਜਾਵੇਗਾ ਜਿਵੇਂ ਕੋਈ ਵਾਢਾ ਆਪਣੀ ਖੜੀ ਫ਼ਸਲ ਇਕੱਠੀ ਕਰਦਾ ਹੋਵੇ, ਅਤੇ ਉਹ ਦੀ ਬਾਂਹ ਸਿੱਟੇ ਤੋਂੜਦੀ ਹੋਵੇ, ਅਤੇ ਐਉਂ ਜਿਵੇਂ ਕੋਈ ਰਫਾਈਮ ਦੀ ਦੂਣ ਵਿੱਚ ਸਿਲਾ ਚੁਗਦਾ ਹੋਵੇ।
6 ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ ਪੰਜ ਫਲਦਾਰ ਬਿਰਛ ਦੇ ਬਾਹਰਲੇ ਟਹਿਣਿਆਂ ਉੱਤੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ।।
7 ਓਸ ਦਿਨ ਆਦਮੀ ਆਪਣੇ ਕਰਤਾਰ ਵੱਲ ਗੌਹ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਵੇਖਣਗੀਆਂ।
8 ਓਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਹ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰ ਟੁੰਡਾ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।।
9 ਓਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ ਉਸ ਬਣ ਦੇ ਅਤੇ ਉਸ ਟੀਸੀ ਦੇ ਵੱਡੇ ਹੋਏ ਥਾਵਾਂ ਵਾਂਙੁ ਹੋਣਗੇ, ਜਿਹੜੇ ਇਸਰਾਏਲ ਦੇ ਅੱਗੇ ਛੱਡੇ ਗਏ, ਸੋ ਵਿਰਾਨੀ ਹੋਵੇਗੀ।।
10 ਤੈਂ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚਟਾਨ ਨੂੰ ਚੇਤੇ ਨਾ ਰੱਖਿਆ, ਸੋ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਓਪਰੇ ਦੀ ਦਾਬ ਨੂੰ ਦੱਬੇਂ,
11 ਭਾਵੇਂ ਤੂੰ ਲਾਉਣ ਦੇ ਦਿਨ ਵਾੜ ਕਰੇਂ, ਅਤੇ ਸਵੇਰ ਨੂੰ ਆਪਣੇ ਬੀ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਰ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ ।।
12 ਅਹਾ! ਬਹੁਤ ਸਾਰੇ ਲੋਕਾਂ ਦੀ ਗੱਜ, ਸਮੁੰਦਰਾਂ ਦੀਆਂ ਗੱਜਾਂ ਵਾਂਙੁ ਓਹ ਗੱਜਦੇ ਹਨ! ਅਤੇ ਉੱਮਤਾਂ ਦਾ ਰੌਲਾ! ਓਹ ਹੜ੍ਹਾਂ ਦੇ ਰੌਲੇ ਵਾਂਙੁ ਰੌਲਾਂ ਪਾਉਂਦੇ ਹਨ।
13 ਉੱਮਤਾਂ ਬਹੁਤੇ ਪਾਣੀਆਂ ਦੇ ਰੌਲੇ ਵਾਂਙੁ ਰੌਲਾ ਪਾਉਂਦੀਆ ਹਨ, ਪਰ ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਓਹ ਦੂਰ ਦੂਰ ਨੱਠ ਜਾਣਗੀਆਂ। ਜਿਵੇਂ ਪਹਾੜਾਂ ਦਾ ਭੋਹ ਪੌਣ ਅੱਗੋਂ, ਜਿਵੇਂ ਵਾਵਰੋਲੇ ਦੀ ਧੂੜ ਝੱਖੜ ਝੋਲੇ ਅੱਗੋਂ, ਓਹ ਭਜਾਏ ਜਾਣਗੇ।
14 ਸ਼ਾਮਾਂ ਦੇ ਵੇਲੇ, ਵੇਖੋ ਭੈਜਲ! ਸਵੇਰ ਤੋਂ ਪਹਿਲਾਂ ਓਹ ਹਨ ਹੀ ਨਹੀਂ, - ਏਹ ਸਾਡੇ ਮੁੱਠਣ ਵਾਲਿਆਂ ਦਾ ਹਿੱਸਾ, ਅਤੇ ਸਾਡੇ ਲੁੱਟਣ ਵਾਲਿਆਂ ਦਾ ਭਾਗ ਹੈ।।