Bible Language

Job 26:6 (PAV) Punjabi Old BSI Version

1 ਫੇਰ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 ਤੈਂ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ!
3 ਤੈਂ ਬੁੱਧਹੀਣ ਨੂੰ ਕੇਹੀ ਸਲਾਹ ਦਿੱਤੀ, ਅਤੇ ਅਸਲੀ ਗਿਆਨ ਬਹੁਤਾ ਸਾਰਾ ਦੱਸਿਆ!
4 ਤੈਂ ਕਿਹ ਨੂੰ ਗੱਲਾਂ ਦੱਸਿਆਂ, ਅਤੇ ਕਿਹ ਦਾ ਸਾਹ ਤੇਰੇ ਵਿੱਚੋਂ ਨਿੱਕਲਿਆਂ?।।
5 ਭੂਤਨੇ ਕੰਬਦੇ ਹਨ, ਪਾਣੀਆਂ ਅਤੇ ਉਨ੍ਹਾਂ ਦੇ ਰਹਿਣ ਵਾਲਿਆਂ ਦੇ ਹੇਠੋਂ!
6 ਪਤਾਲ ਓਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪੜਦਾ ਹੈ!
7 ਉਹ ਉੱਤਰ ਦੇਸ਼ ਨੂੰ ਵੇਹਲੇ ਥਾਂ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ!
8 ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਪਰ ਬੱਦਲ ਉਨ੍ਹਾਂ ਦੇ ਹੇਠ ਪਾਟਦਾ ਨਹੀਂ।
9 ਉਹ ਆਪਣੀ ਰਾਜ ਗੱਦੀ ਨੂੰ ਢੱਕ ਲੈਂਦਾ ਹੈ, ਉਹ ਆਪਣਾ ਬੱਦਲ ਉਸ ਉੱਤੇ ਵਿਛਾਉਂਦਾ ਹੈ।
10 ਉਹਨੇ ਪਾਣੀਆਂ ਉੱਤੇ ਕੁੰਡਲ, ਚਾਨਣ ਤੇ ਅਨ੍ਹੇਰ ਦੀ ਰੱਦ ਤੀਕ ਪਾ ਦਿੱਤਾ ਹੈ।
11 ਅਕਾਸ਼ ਦੇ ਥੰਮ੍ਹ ਹਿੱਲਦੇ ਹਨ, ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ!
12 ਓਸ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੱਤਾ ਹੈ, ਅਤੇ ਆਪਣੀ ਬੁੱਧੀ ਨਾਲ ਰਾਹਬ ਨੂੰ ਮਾਰ ਸੁੱਟਿਆ ਹੈ।
13 ਉਹ ਦੇ ਆਤਮਾ ਨਾਲ ਅਕਾਸ਼ ਸਜ਼ਾਇਆ ਗਿਆ, ਉਹ ਦੇ ਹੱਥ ਨੇ ਉਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ।
14 ਵੇਖੋ, ਏਹ ਉਹ ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਪਰ ਉਹ ਦੀ ਸਮਰੱਥਾ ਦੀ ਗਰਜ ਕੌਣ ਸਮਝ ਸੱਕਦਾ ਹੈ?