Bible Language

Ecclesiastes 11 (PAV) Punjabi Old BSI Version

1 ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।
2 ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ ਬਿਪਤਾ ਆਵੇਗੀ।
3 ਜਦ ਬੱਦਲ ਮੀਂਹ ਨਾਲ ਭਰੇ ਹੋਏ ਹੁੰਦੇ ਹਨ, ਤਾਂ ਧਰਤੀ ਉੱਤੇ ਵਰ੍ਹ ਕੇ ਸੱਖਣੇ ਹੋ ਜਾਂਦੇ ਹਨ, ਅਤੇ ਜੇ ਕਦੀ ਬਿਰਛ ਦੱਖਣ ਯਾ ਉੱਤਰ ਵੱਲ ਡਿੱਗੇ, ਤਾਂ ਜਿੱਥੇ ਬਿਰਛ ਡਿੱਗਦਾ ਹੈ ਉੱਥੇ ਹੀ ਪਿਆ ਰਹਿੰਦਾ ਹੈ।
4 ਜਿਹੜਾ ਪੌਣ ਦਾ ਪਾਰਖੂ ਹੈ ਸੋ ਨਹੀਂ ਬੀਜਦਾ, ਅਤੇ ਜਿਹੜਾ ਬੱਦਲਾਂ ਨੂੰ ਵੇਖਦਾ ਹੈ ਸੋ ਵਾਢੀ ਨਾ ਕਰੇਗਾ।
5 ਜਿੱਕਰ ਆਤਮਾ ਦੇ ਰਾਹ ਨੂੰ ਗਰਭਣੀ ਦੇ ਢਿੱਡ ਦੀਆਂ ਅੰਦਰਲੀਆਂ ਹੱਡੀਆਂ ਵਿੱਚ ਤੂੰ ਨਹੀਂ ਜਾਣਦਾ, ਤਿਹਾ ਹੀ ਪਰਮੇਸ਼ੁਰ ਦੇ ਕੰਮਾਂ ਨੂੰ ਤੂੰ ਨਹੀਂ ਜਾਣਦਾ ਜੋ ਸਭ ਕੁਝ ਬਣਾਉਂਦਾ ਹੈ।
6 ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋਂ ਜਿਹੇ ਚੰਗੇ ਹੋਣਗੇ,
7 ਚਾਨਣ ਤਾਂ ਮਿੱਠਾ ਹੈ, ਅਤੇ ਸੂਰਜ ਦਾ ਵੇਖਣਾ ਅੱਖੀਆਂ ਨੂੰ ਚੰਗਾ ਲੱਗਦਾ ਹੈ।
8 ਹਾਂ, ਜੇ ਕਦੀ ਆਦਮੀ ਢੇਰ ਵਰਿਹਾਂ ਤਾਈਂ ਜੀਉਂਦਾ ਰਹੇ, ਅਤੇ ਉਨ੍ਹਾਂ ਸਭਨਾਂ ਵਿੱਚ ਅਨੰਦ ਵਿੱਚ ਅਨੰਦ ਰਹੇ, ਤਦ ਵੀ ਉਹ ਅਨ੍ਹੇਰੇ ਦੇ ਦਿਨਾਂ ਦਾ ਚੇਤਾ ਰੱਖੇ, ਕਿਉਂ ਜੋ ਓਹ ਬਹੁਤ ਹੋਣਗੇ, ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ!।।
9 ਹੇ ਜੁਆਨ ਤੂੰ ਆਪਣੀ ਜੁਆਨੀ ਵਿੱਚ ਮੌਜ ਕਰ ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ, ਅਤੇ ਆਪਣੇ ਮਨ ਦਿਆਂ ਰਾਹਾਂ ਵਿੱਚ ਅਤੇ ਆਪਣੀਆਂ ਅੱਖੀਆਂ ਦੇ ਵੇਖਣ ਅਨੁਸਾਰ ਤੁਰ, ਪਰ ਤੂੰ ਜਾਣ ਲੈ ਜੋ ਏਹਨਾਂ ਸਾਰੀਆਂ ਗੱਲਾਂ ਦੇ ਲਈ ਪਰਮੇਸ਼ੁਰ ਤੇਰਾ ਨਿਆਉਂ ਕਰੇਗਾ।
10 ਏਸ ਲਈ ਚਿੰਤਾ ਨੂੰ ਆਪਣੇ ਮਨ ਤੋਂ ਦੂਰ ਕਰ, ਅਤੇ ਬੁਰਿਆਈ ਆਪਣੇ ਸਰੀਰ ਤੋਂ ਕੱਢ ਸੁੱਟ, ਕਿਉਂ ਜੋ ਬਾਲਕੁਪਣਾ ਅਤੇ ਜੁਆਨੀ ਦੋਵੇਂ ਵਿਅਰਥ ਹਨ!।।