Bible Language

Proverbs 18 (PAV) Punjabi Old BSI Version

1 ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।
2 ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦੀ, ਪਰ ਇਸ ਤੋਂ ਭਈ ਉਹ ਦੇ ਮਨ ਦਾ ਹਾਲ ਖੁੱਲ੍ਹ ਜਾਵੇ।
3 ਦੁਸ਼ਟਤਾ ਦੇ ਨਾਲ ਅਪਮਾਨ, ਅਤੇ ਨਿਆਦਰੀ ਦੇ ਨਾਲ ਲਾਜ ਆਉਂਦੀ ਹੈ।
4 ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਵਗਦੀ ਨਦੀ ਜਿਹੀ ਹੈ।
5 ਦੁਸ਼ਟਾਂ ਦੀ ਰਈ ਕਰਨੀ ਚੰਗੀ ਨਹੀਂ, ਨਾ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ।
6 ਮੂਰਖ ਦੇ ਬੁੱਲ੍ਹ ਝਗੜਾ ਲਿਆਉਂਦੇ ਹਨ, ਅਤੇ ਉਹ ਦਾ ਮੂੰਹ ਕੋਟਲੇ ਮੰਗਦਾ ਹੈ।
7 ਮੂਰਖ ਦਾ ਮੂੰਹ ਉਹ ਦੀ ਬਰਬਾਦੀ ਹੈ, ਅਤੇ ਉਹ ਦੇ ਬੁੱਲ੍ਹ ਉਹ ਦੀ ਜਾਨ ਲਈ ਫਾਹੀ ਹਨ।
8 ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ। ਓਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
9 ਜਿਹੜਾ ਕੰਮ ਕਰਨ ਵਿੱਚ ਆਸਲੀ ਹੈ, ਉਹ ਉਡਾਊ ਦਾ ਭਰਾ ਹੈ।
10 ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।
11 ਧਨਵਾਨ ਦੀ ਮਾਯਾ ਉਹ ਦੇ ਲੇਖੇ ਪੱਕਾ ਨਗਰ ਅਤੇ ਉੱਚੀ ਸ਼ਹਿਰ ਪਨਾਹ ਵਾਂਙੁ ਹੈ।
12 ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ।
13 ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, - ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।
14 ਮਨੁੱਖ ਦਾ ਆਤਮਾ ਉਹ ਦੀ ਬਿਮਾਰੀ ਨੂੰ ਝੱਲੇਗਾ। ਪਰ ਉਦਾਸ ਆਤਮਾ ਨੂੰ ਕੌਣ ਸਹਿ ਸੱਕੇॽ
15 ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਮ ਗਿਆਨ ਦੀ ਭਾਲ ਕਰਦੇ ਹਨ।
16 ਨਜ਼ਰਾਨਾ ਆਦਮੀ ਦੇ ਲਈ ਢੋਹ ਬਣਾ ਦਿੰਦਾ ਹੈ, ਅਤੇ ਉਹ ਨੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ।
17 ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਓਹੋ ਸੱਚਾ ਜਾਪਦਾ ਹੈ, ਪਰ ਫੇਰ ਉਹ ਦਾ ਗੁਆਂਢੀ ਆਣ ਕੇ ਉਹ ਦੀ ਕਲੀ ਖੋਲ੍ਹਦਾ ਹੈ।
18 ਗੁਣਾ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ, ਅਤੇ ਜ਼ਬਰਦਸਤਾਂ ਦੇ ਵਿੱਚ ਫ਼ੈਸਲਾ ਹੋ ਜਾਂਦਾ ਹੈ।
19 ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲ੍ਹੇ ਦੇ ਹੋੜੇ ਵਰਗੇ ਹੁੰਦੇ ਹਨ।
20 ਆਤਮੀ ਦਾ ਢਿੱਡ ਉਹ ਦੇ ਮੂੰਹ ਦੇ ਫਲ ਨਾਲ ਭਰਦਾ ਹੈ, ਅਤੇ ਆਪਣੇ ਬੁੱਲ੍ਹਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ।
21 ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਓਹ ਉਸ ਦਾ ਫਲ ਖਾਣਗੇ।
22 ਜਿਹ ਨੂੰ ਵਹੁਟੀ ਲੱਭੀ ਉਹ ਨੂੰ ਚੰਗੀ ਵਸਤ ਲੱਭੀ, ਅਤੇ ਯਹੋਵਾਹ ਦੀ ਕਿਰਪਾ ਉਸ ਉੱਤੇ ਹੋਈ।
23 ਦੀਣ ਤਾਂ ਤਰਲੇ ਕਰ ਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ।
24 ਬਹੁਤ ਸਾਰੇ ਮਿੱਤ੍ਰ ਨੁਕਸਾਨ ਦਾ ਕਾਰਨ ਹਨ, ਪਰ ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।।