Bible Language

Hosea 8 (PAV) Punjabi Old BSI Version

1 ਆਪਣੇ ਬੁੱਲਾਂ ਨੂੰ ਤੁਰ੍ਹੀ ਲਾ! ਓਹ ਉਕਾਬ ਵਾਂਙੁ ਯਹੋਵਾਹ ਦੇ ਭਵਨ ਉੱਤੇ ਹਨ, ਕਿਉਂ ਜੋ ਓਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ।
2 ਓਹ ਮੇਰੀ ਦੁਹਾਈ ਦਿੰਦੇ ਹਨ, - ਹੇ ਸਾਡੇ ਪਰਮੇਸ਼ੁਰ, ਅਸੀਂ ਇਸਰਾਏਲੀ ਤੈਨੂ ਜਾਣਦੇ ਹਾਂ!
3 ਇਸਰਾਏਲ ਨੇ ਭਲਿਆਈ ਨੂੰ ਰੱਦ ਕੀਤਾ, ਵੈਰੀ ਉਹ ਦਾ ਪਿੱਛਾ ਕਰੇਗਾ।
4 ਓਹਨਾਂ ਨੇ ਪਾਤਸ਼ਾਹ ਬਣਾਏ, ਪਰ ਮੇਰੀ ਵੱਲੋਂ ਨਹੀਂ, ਓਹਨਾਂ ਨੇ ਸਰਦਾਰ ਠਹਿਰਾਏ, ਪਰ ਮੈਂ ਨਹੀਂ ਜਾਤਾ, ਓਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ, ਭਈ ਓਹ ਮਿਟਾਏ ਜਾਣ।
5 ਉਹ ਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਯਾ! ਮੇਰਾ ਕ੍ਰੋਧ ਓਹਨਾਂ ਉੱਤੇ ਭੜਕਿਆ। ਓਹ ਕਦ ਤਕ ਸ਼ੁੱਧਤਾਈ ਤੀਕ ਅੱਪੜਨਗੇॽ
6 ਇਸਰਾਏਲ ਤੋਂ ਏਹ ਤਾਂ ਹੈ, - ਕਾਰੀਗਰ ਨੇ ਉਹ ਨੂੰ ਬਣਾਇਆ, ਅਤੇ ਉਹ ਪਰਮੇਸ਼ੁਰ ਨਹੀਂ ਹੈ, ਹਾਂ ਸਾਮਰਿਯਾ ਦਾ ਵੱਛਾ ਟੁੱਕੜੇ ਟੁੱਕੜੇ ਕੀਤਾ ਜਾਵੇਗਾ।।
7 ਓਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ! ਕੋਈ ਖੜੀ ਫ਼ਸਲ ਨਹੀਂ, ਸਿੱਟਾ ਆਟਾ ਨਹੀਂ ਦੇਵੇਗਾ, ਜੇ ਦੇਵੇ ਤਾਂ ਵੀ ਓਪਰੇ ਉਹ ਨੂੰ ਨਿਗਲ ਲੈਣਗੇ!
8 ਇਸਰਾਏਲ ਨਿਗਲਿਆ ਗਿਆ, ਹੁਣ ਓਹ ਕੌਮਾਂ ਦੇ ਵਿੱਚ ਨਾ ਪਸੰਦ ਭਾਂਡੇ ਵਰਗਾ ਹੈ।
9 ਕਿਉਂ ਜੋ ਓਹ ਅੱਸ਼ੂਰ ਨੂੰ ਚੱਲੇ ਗਏ ਹਨ, ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ। ਅਫ਼ਰਾਈਮ ਨੇ ਭਾੜੇ ਉੱਤੇ ਯਾਰ ਲਏ ਹਨ।
10 ਭਾਵੇਂ ਓਹ ਕੌਮਾਂ ਵਿੱਚ ਕਰਾਇਆ ਦੇਣ, ਮੈਂ ਓਹਨਾਂ ਨੂੰ ਹੁਣ ਇਕੱਠਾ ਕਰਾਂਗਾ। ਓਹ ਪਾਤਸ਼ਾਹ ਅਤੇ ਸਰਦਾਰਾਂ ਦੇ ਭਾਰ ਤੋਂ ਘੱਟ ਹੋਣ ਲੱਗੇ।।
11 ਏਸ ਲਈ ਕਿ ਅਫ਼ਰਾਈਮ ਨੇ ਪਾਪ ਕਰਨ ਲਈ ਬਹੁਤਿਆਂ ਜਗਵੇਦੀਆਂ ਬਣਾਈਆਂ, ਓਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ।
12 ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿੱਖੀਆਂ, ਪਰ ਓਹ ਓਪਰੀਆਂ ਜੇਹਾਂ ਸਮਝੀਆਂ ਗਈਆਂ।
13 ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ ਓਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਹੁਣ ਉਹ ਓਹਨਾਂ ਦੀਆਂ ਬਦੀਆਂ ਚੇਤੇ ਕਰੇਗਾ, ਅਤੇ ਓਹਨਾਂ ਦਿਆਂ ਪਾਪਾਂ ਦੀ ਖ਼ਬਰ ਲਵੇਗਾ, - ਓਹ ਮਿਸਰ ਨੂੰ ਮੁੜ ਜਾਣਗੇ।
14 ਇਸਰਾਏਲ ਆਪਣੇ ਕਰਤਾਰ ਨੂੰ ਭੁੱਲ ਗਿਆ ਹੈ, ਅਤੇ ਮਹਿਲ ਬਣਾਏ, ਯਹੂਦਾਹ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਘੱਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭੱਖ ਲਵੇਗੀ।।