Bible Language

Isaiah 35 (PAV) Punjabi Old BSI Version

1 ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।
2 ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ ਹੋਵੇਗਾ, ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ, ਉਹ ਨੂੰ ਦਿੱਤੀ ਜਾਵੇਗੀ, ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।
3 ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ!
4 ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ! ਨਾ ਡਰੋ! ਆਪਣੇ ਪਰਮੇਸ਼ੁਰ ਨੂੰ ਵੇਖੋ! ਬਦਲੇ ਨਾਲ, ਸਗੋਂ ਪਰਮੇਸ਼ੁਰ ਦੇ ਵੱਟੇ ਨਾਲ ਆਵੇਗਾ, ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ।।
5 ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ।
6 ਤਦ ਲੰਙਾ ਹਿਰਨ ਵਾਂਙੁ ਚੌਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣ- ਗੀਆਂ।
7 ਤਪਦੀ ਰੇਤ ਤਲਾ ਬਣੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ। ਗਿੱਦੜਾਂ ਦੇ ਟਿਕਾਨੇ ਵਿੱਚ ਉਹ ਦੀ ਬੈਠਕ ਹੋਵੇਗੀ, ਕਾਨਿਆਂ ਅਤੇ ਦਬ ਦਾ ਚੁਗਾਨ।
8 ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ ਪਵਿੱਤ੍ਰ ਰਾਹ ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਰਾਹੀਂ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ।
9 ਉੱਥੇ ਕੋਈ ਬਬਰ ਸ਼ੇਰ ਨਹੀਂ ਹੋਵੇਗਾ, ਕੋਈ ਪਾੜਨ ਵਾਲਾ ਦਰਿੰਦਾ ਉਸ ਉੱਤੇ ਨਾ ਚੜ੍ਹੇਗਾ, ਓਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਚੱਲਣਗੇ।
10 ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ, ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ, ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ। ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਠ ਜਾਣਗੇ।।