Bible Language

Isaiah 39 (PAV) Punjabi Old BSI Version

1 ਉਸ ਵੇਲੇ ਬਾਬਲ ਦੇ ਪਾਤਸ਼ਾਹ ਬਲਦਾਨ ਦੇ ਪੁੱਤ੍ਰ ਮਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਰ ਇੱਕ ਸੁਗਾਤ ਘੱਲੀ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਬਿਮਾਰ ਹੋ ਗਿਆ ਸੀ ਅਤੇ ਹੁਣ ਤਕੜਾ ਹੈ
2 ਹਿਜ਼ਕੀਯਾਹ ਓਹਨਾਂ ਦੇ ਕਾਰਨ ਅਨੰਦ ਹੋਇਆ ਅਤੇ ਓਹਨਾਂ ਨੂੰ ਆਪਣਾ ਤੋਸ਼ਾ ਖਾਨਾ ਵਿਖਾਇਆ, ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸਾਰਾ ਸ਼ਸਤਰਖਾਨਾ ਅਰ ਉਹ ਸਭ ਕੁਝ ਜੋ ਉਹ ਦੇ ਭੰਡਾਰਾ ਵਿੱਚ ਸੀ। ਉਹ ਦੇ ਮਹਿਲ ਵਿੱਚ ਅਤੇ ਉਹ ਦੀ ਸਾਰੀ ਪਾਤਸ਼ਾਹੀ ਵਿੱਚ ਕੋਈ ਚੀਜ਼ ਨਹੀ ਸੀ ਜਿਹ ਨੂੰ ਹਿਜ਼ਕੀਯਾਹ ਨੇ ਓਹਨਾਂ ਨੂੰ ਨਹੀਂ ਵਿਖਾਇਆ
3 ਤਾਂ ਯਸਾਯਾਹ ਨਬੀ ਹਿਜ਼ਕੀਯਾਹ ਪਾਤਸ਼ਾਹ ਕੋਲ ਆਇਆ ਅਤੇ ਉਹ ਨੂੰ ਆਖਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਓਹ ਕਿੱਥੋਂ ਤੇਰੇ ਕੋਲ ਆਏ? ਹਿਜ਼ਕੀਯਾਹ ਨੇ ਅੱਗੋਂ ਆਖਿਆ, ਓਹ ਇੱਕ ਦੂਰ ਦੇ ਦੇਸ ਤੋਂ ਮੇਰੇ ਕੋਲ ਆਏ, ਬਾਬਲ ਤੋਂ
4 ਓਸ ਆਖਿਆ, ਓਹਨਾਂ ਨੇ ਤੇਰੇ ਮਹਿਲ ਵਿੱਚ ਕੀ ਵੇਖਿਆ? ਤਦ ਹਿਜ਼ਕਯਾਹ ਨੇ ਆਖਿਆ, ਜੋ ਕੁਝ ਮੇਰੇ ਮਹਿਲ ਵਿੱਚ ਹੈ ਓਹਨਾਂ ਨੇ ਵੇਖਿਆ, ਮੇਰਿਆਂ ਭੰਡਾਰਾਂ ਵਿੱਚ ਕੋਈ ਵਸਤ ਨਹੀਂ ਜੋ ਮੈਂ ਓਹਨਾਂ ਨੂੰ ਨਹੀਂ ਵਿਖਾਈ
5 ਤਾਂ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, ਸੈਨਾਂ ਦੇ ਯਹੋਵਾਹ ਦਾ ਬਚਨ ਸੁਣ!
6 ਵੇਖ, ਓਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਰ ਜੋ ਕੁਝ ਤੇਰੇ ਪਿਉ ਦਾਦਿਆਂ ਨੇ ਅੱਜ ਜੇ ਦਿਨ ਤਾਈਂ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ
7 ਅਤੇ ਤੇਰੇ ਪੁੱਤ੍ਰਾਂ ਵਿੱਚੋਂ ਜੋ ਤੈਥੋਂ ਪੈਦਾ ਹੋਣਗੇ ਜਿਨ੍ਹਾਂ ਨੂੰ ਤੂੰ ਜਨਮ ਦੇਵੇਂਗਾ ਕਈਆਂ ਨੂੰ ਓਹ ਲੈ ਜਾਣਗੇ ਅਰ ਓਹ ਬਾਬਲ ਦੇ ਪਾਤਸ਼ਾਹ ਦੇ ਮਹਿਲ ਵਿੱਚ ਖੁਸਰੇ ਬਣਨਗੇ
8 ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ, ਯਹੋਵਾਹ ਦਾ ਬਚਨ ਉਹ ਬੋਲਿਆ ਚੰਗਾ ਹੈ ਅਤੇ ਓਸ ਏਹ ਵੀ ਆਖਿਆ, ਮੇਰੇ ਦਿਨਾਂ ਵਿੱਚ ਤਾਂ ਸ਼ਾਂਤੀ ਤੇ ਅਮਨ ਰਹੇਗਾ।।