Bible Language

Psalms 75 (PAV) Punjabi Old BSI Version

1 ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੇਰਾ ਨਾਮ ਨੇੜੇ ਹੈ, ਲੋਕ ਤੇਰੇ ਅਚਰਜ ਕਾਰਜਾਂ ਦਾ ਵਰਨਣ ਕਰਦੇ ਹਨ।।
2 ਜਦ ਮੈਂ ਠਹਿਰਾਏ ਹੋਏ ਵੇਲੇ ਨੂੰ ਅੱਪੜਾਂਗਾ, ਤਾਂ ਮੈਂ ਠੀਕ ਨਿਆਉਂ ਕਰਾਂਗਾ।
3 ਧਰਤੀ ਅਤੇ ਉਹ ਦੇ ਸਾਰੇ ਵਾਸੀ ਖਪ ਗਏ ਹਨ, ਮੈਂ ਹੀ ਉਹ ਦੇ ਥੰਮ੍ਹਾਂ ਨੂੰ ਸਮ੍ਹਾਲ ਰੱਖਿਆ ਹੈ।। ਸਲਹ।।
4 ਮੈਂ ਹੰਕਾਰੀਆਂ ਨੂੰ ਆਖਿਆ, ਹੰਕਾਰ ਨਾ ਕਰੋ! ਅਤੇ ਦੁਸ਼ਟਾਂ ਨੂੰ ਕਿ ਸਿੰਙ ਨਾ ਉਠਾਓ!
5 ਆਪਣਾ ਸਿੰਙ ਉਤਾਹਾਂ ਨਾ ਉਠਾਓ, ਨਾ ਢੀਠਪੁਣੇ ਦੀਆਂ ਗੋਲਾਂ ਕਰੋ!
6 ਉੱਚ ਹੋਣਾ ਨਾ ਤਾਂ ਚੜ੍ਹਦਿਓ ਨਾ ਲਹਿੰਦਿਓ, ਅਤੇ ਨਾ ਉਜਾੜੋਂ ਆਉਂਦਾ ਹੈ।
7 ਪਰ ਪਰਮੇਸ਼ੁਰ ਹੀ ਨਿਆਈ ਹੈ, ਉਹ ਇੱਕ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਕਰ ਦਿੰਦਾ ਹੈ।
8 ਯਹੋਵਾਹ ਦੇ ਹੱਥ ਵਿੱਚ ਇੱਕ ਕਟੋਰਾ ਹੈ, ਅਤੇ ਮਧ ਝੱਗ ਛੱਡਦੀ ਹੈ, ਉਹ ਮਿਲਾਉਟ ਨਾਲ ਭਰੀ ਹੋਈ ਹੈ ਅਤੇ ਉਹ ਉਸ ਵਿੱਚੋਂ ਉਲੱਦ ਦਿੰਦਾ ਹੈ, ਸੱਚ ਮੁੱਚ ਧਰਤੀ ਦੇ ਸਾਰੇ ਦੁਸ਼ਟ ਉਹ ਦੇ ਫੋਗ ਨੂੰ ਨਚੋੜ ਕੇ ਪੀਣਗੇ!
9 ਪਰ ਮੈਂ ਸਦਾ ਤੀਕ ਦੱਸਦਾ ਰਹਾਂਗਾ, ਮੈਂ ਯਾਕੂਬ ਦੇ ਪਰਮੇਸ਼ੁਰ ਲਈ ਭਜਨ ਗਾਵਾਂਗਾ।
10 ਮੈਂ ਦੁਸ਼ਟਾਂ ਦੇ ਸਾਰੇ ਸਿੰਙ ਵੱਢ ਸੁੱਟਾਂਗਾ, ਪਰ ਧਰਮੀ ਦੇ ਸਿੰਙ ਉੱਚੇ ਕੀਤੇ ਜਾਣਗੇ।।