Bible Language Cross References for the verse Joshua 13:2 in PAV
- 1 ਯਹੋਸ਼ੁਆ ਬੁੱਢਾ ਅਤੇ ਵੱਡੀ ਉਮਰ ਦਾ ਸੀ ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਤੂੰ ਬੁੱਢਾ ਅਤੇ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਅਜੇ ਬਾਕੀ ਹੈ
- 2 ਬਾਕੀ ਦੀ ਧਰਤੀ ਏਹ ਹੈ, - ਫਲਿਸਤੀਆਂ ਦੇ ਸਾਰੇ ਹਲਕੇ ਅਤੇ ਗਸ਼ੂਰੀਆਂ ਦੇ ਸਾਰੇ
- 3 ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੀਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਗਿਣੀਦਾ ਹੈ, ਫਲਿਸੀਤੀਆਂ ਦੇ ਪੰਜ ਸਰਦਾਰ ਅਰਥਾਤ ਅੱਜ਼ੀਆਂ, ਅਸ਼ਦੋਦੀਆਂ, ਅਸਕਲੋਨੀਆਂ, ਗਿੱਤੀਆਂ ਅਤੇ ਅਕਰੋਨੀਆਂ ਦੇ, ਨਾਲੇ ਅੱਵੀਆਂ ਦੇ
- 4 ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ ਅਤੇ ਮਆਰਾਹ ਜਿਹੜਾ ਸੀਦੋਨਿਆਂ ਦਾ ਹੈ, ਅਫ਼ੇਕਾਹ ਤੀਕ ਅਮੋਰੀਆਂ ਦੀ ਹੱਦ ਤੀਕ
- 5 ਅਤੇ ਗਿਬਲੀਆਂ ਦਾ ਦੇਸ ਅਤੇ ਸਾਰਾ ਲਬਾਨੋਨ ਸੂਰਜ ਦੇ ਚੜ੍ਹਦੀ ਵੱਲ ਬਆਲ-ਗਾਦ ਤੋਂ ਜਿਹੜਾ ਹਬਰੋਨ ਦੇ ਪਰਬਤ ਹੇਠ ਹੈ ਹਮਾਥ ਦੇ ਰਾਹ ਤੀਕ
- 6 ਪਹਾੜ ਦੇ ਸਾਰੇ ਵਸਨੀਕ ਲਬਾਨੋਨ ਤੋਂ ਮਿਸਰਫੋਥ-ਮਯਿਮ ਤੀਕ ਅਰਥਾਤ ਸਾਰੇ ਸੀਦੋਨੀ। ਮੈਂ ਉਨ੍ਹਾਂ ਨੂੰ ਇਸਰੇਲੀਆਂ ਦੇ ਅੱਗੋਂ ਕੱਢ ਦਿਆਂਗਾ ਕੇਵਲ ਤੂੰ ਉਹ ਨੂੰ ਇਸਰਾਏਲ ਲਈ ਮਿਲਖ ਵਿੱਚ ਅਲਾਟ ਕਰ ਦੇਹ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ
- 7 ਹੁਣ ਏਸ ਧਰਤੀ ਨੂੰ ਓਹਨਾਂ ਨੌਆਂ ਗੋਤਾਂ ਅਤੇ ਮਨੱਸ਼ਾਹ ਦੇ ਅੱਧੇ ਗੋਤ ਲਈ ਮਿਲਖ ਵਿੱਚ ਵੰਡ ਦੇਈਂ
- 8 ਉਹ ਦੇ ਨਾਲ ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਖ ਜਿਹੜੀ ਮੂਸਾ ਨੇ ਓਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ ਲੈ ਲਈ ਹੈ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਉਨ੍ਹਾਂ ਨੂੰ ਦਿੱਤੀ ਸੀ
- 9 ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਦਾ ਸਾਰਾ ਮਦਾਨ ਦੀਬੋਨ ਤੀਕ
- 10 ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅੰਮੋਨੀਆਂ ਦੀ ਹੱਦ ਤੀਕ
- 11 ਅਤੇ ਗਿਲਆਦ ਅਤੇ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹਦ ਅਤੇ ਸਾਰਾ ਹਰਮੋਨ ਪਰਬਤ ਅਤੇ ਸਾਰਾ ਬਾਸ਼ਾਨ ਸਲਕਾਹ ਤੀਕ
- 12 ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ ਜਿਹੜਾ ਅਸ਼ਤਾਰੋਥ ਅਰ ਅਦਰਈ ਵਿੱਚ ਰਾਜ ਕਰਦਾ ਸੀ। ਉਹ ਰਫਾਈਆਂ ਦੇ ਬਕੀਏ ਤੋਂ ਰਹਿ ਗਿਆ ਸੀ ਕਿਉਂ ਜੋ ਮੂਸਾ ਨੇ ਉਨ੍ਹਾਂ ਨੂੰ ਮਾਰ ਕੇ ਕੱਢ ਦਿੱਤਾ ਸੀ
- 13 ਤਾਂ ਵੀ ਇਸਰਾਏਲੀਆਂ ਨੇ ਗਸ਼ੂਰੀਆਂ ਅਤੇ ਮਆਕਾਥੀਆਂ ਨੂੰ ਨਾ ਕੱਢਿਆ ਪਰ ਗਸ਼ੂਰੀ ਅਤੇ ਮਆਕਾਥੀ ਅੱਜ ਦੇ ਦਿਨ ਤੀਕ ਇਸਰਾਏਲ ਦੇ ਵਿੱਚ ਰਹਿੰਦੇ ਹਨ
- 14 ਕੇਵਲ ਲੇਵੀਆਂ ਦੇ ਗੋਤ ਨੂੰ ਉਸ ਨੇ ਮਿਲਖ ਨਾ ਦਿੱਤੀ। ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਉਹ ਦੀ ਮਿਲਖ ਹਨ ਜਿਵੇਂ ਉਹ ਓਹਨਾਂ ਨੂੰ ਬੋਲਿਆ ਸੀ।।
- 15 ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵੰਡ ਦਿੱਤਾ
- 16 ਅਤੇ ਉਨ੍ਹਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਤੀਕ ਸਾਰਾ ਮਦਾਨ
- 17 ਹਸ਼ਬੋਨ ਅਤੇ ਉਹ ਦੇ ਸਾਰੇ ਸ਼ਹਿਰ ਜਿਹੜੇ ਉਪਰਲੇ ਮਦਾਨ ਵਿੱਚ ਹਨ ਅਰਥਾਤ ਦੀਬੋਨ ਅਤੇ ਬਾਮੋਥ-ਬਆਲ ਅਤੇ ਬੈਤ-ਬਆਲ ਮਓਨ
- 18 ਅਤੇ ਯਹਸਾਹ ਅਤੇ ਕਦੇਮੋਥ ਅਤੇ ਮੇਫਾਅਥ
- 19 ਕਿਰਯਾਥਇਮ ਅਤੇ ਸਿਬਮਾਹ ਅਤੇ ਸਰਬ-ਸ਼ਹਰ ਜਿਹੜਾ ਪਹਾੜ ਦੀ ਖੱਡ ਵਿੱਚ ਹੈ
- 20 ਅਤੇ ਬੈਤ ਪਓਰ ਅਤੇ ਪਿਸਗਾਹ ਦੀਆਂ ਢਾਲਾਂ ਅਤੇ ਬੈਤ ਯਸ਼ਿਮੋਥ
- 21 ਅਤੇ ਉਪਰਲੇ ਮਦਾਨ ਦੇ ਸਾਰੇ ਸ਼ਹਿਰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਜਿਹ ਨੂੰ ਮੂਸਾ ਨੇ ਮਿਦਯਾਨ, ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਦਿਆਂ ਪਰਧਾਨਾਂ ਸਣੇ ਜਿਹੜੇ ਸੀਹੋਨ ਦੇ ਸਜ਼ਾਦੇ ਸਨ ਅਤੇ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਮਾਰਿਆ ਸੀ
- 22 ਉਸ ਫਾਲ ਪੌਣ ਵਾਲੇ ਬਓਰ ਦੇ ਪੁੱਤ੍ਰ ਬਿਲਆਮ ਨੂੰ ਵੀ ਇਸਰਾਏਲੀਆਂ ਨੇ ਤੇਗ ਨਾਲ ਓਹਨਾਂ ਦੇ ਵੱਢੇ ਹੋਇਆਂ ਦੇ ਵਿੱਚ ਵੱਢਿਆ
- 23 ਰਊਬੇਨੀਆਂ ਦੀ ਹੱਦ ਯਰਦਨ ਅਰ ਉਹ ਦੀ ਹੱਦ ਸੀ। ਰਊਬੇਨੀਆਂ ਦੀ ਮਿਲਖ ਉਨ੍ਹਾਂ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਉਨ੍ਹਾਂ ਦੇ ਪਿੰਡਾਂ ਸਣੇ ਸੀ।।
- 24 ਮੂਸਾ ਨੇ ਗਾਦ ਦੇ ਗੋਤ ਨੂੰ ਅਰਥਾਤ ਗਾਦੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਦੇ ਦਿੱਤੀ
- 25 ਅਤੇ ਉਨ੍ਹਾਂ ਦੀ ਹੱਦ ਯਜ਼ੇਰ ਸੀ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅੰਮੋਨੀਆਂ ਦਾ ਅੱਧਾ ਦੇਸ ਅਰੋਏਰ ਤੀਕ ਜਿਹੜਾ ਰੱਬਾਹ ਦੇ ਅੱਗੇ ਹੈ
- 26 ਅਤੇ ਹਸ਼ਬੋਨ ਤੋਂ ਰਾਮਥ ਮਿਸਪਹ ਅਤੇ ਬਟੋਨੀਮ ਤੀਕ ਅਤੇ ਮਹਨਇਮ ਤੋਂ ਦਬਿਰ ਦੀ ਹੱਦ ਤੀਕ
- 27 ਅਤੇ ਖੱਡ ਵਿੱਚ ਬੈਤ ਹਾਰਾਮ ਅਤੇ ਬੈਤ ਨਿਮਰਾਹ ਅਤੇ ਸੁੱਕੋਥ ਅਤੇ ਸਾਫੋਨ ਅਰਥਾਤ ਹਸ਼ਬੋਨ ਦੇ ਰਾਜੇ ਸੀਹੋਨ ਦਾ ਬਾਕੀ ਰਾਜ ਜਿਹ ਦੀ ਹੱਦ ਯਰਦਨ ਸੀ ਕਿੰਨਰਥ ਸਮੁੰਦਰ ਦੇ ਸਿਰੇ ਤੀਕ ਯਰਦਨ ਪਾਰ ਪੂਰਬ ਵੱਲ
- 28 ਏਹ ਗਾਦੀਆਂ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ, ਸ਼ਹਿਰਾਂ ਅਤੇ ਉਨ੍ਹਾਂ ਦੇ ਪਿੰਡਾਂ ਸਣੇ ਸੀ।।
- 29 ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਵੀ ਮਿਲਖ ਦੇ ਦਿੱਤੀ ਅਤੇ ਉਹ ਮਨੱਸ਼ੀਆਂ ਦੇ ਅੱਧੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ
- 30 ਅਤੇ ਉਨ੍ਹਾਂ ਦੀ ਹੱਦ ਮਹਨਇਮ ਤੋਂ ਸੀ ਅਰਥਾਤ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਯਾਈਰ ਦੇ ਸਾਰੇ ਨਗਰ ਜਿਹੜੇ ਬਾਸ਼ਾਨ ਵਿੱਚ ਸਨ ਸੱਠ ਸ਼ਹਿਰ ਸਨ
- 31 ਅਤੇ ਗਿਲਆਦ ਦਾ ਅੱਧ ਅਤੇ ਅਸ਼ਤਾਰੋਥ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸ਼ਹਿਰ ਮਨੱਸ਼ਹ ਦੇ ਪੁੱਤ੍ਰ ਮਾਕੀਰ ਦੇ ਪੁੱਤ੍ਰਾਂ ਲਈ ਸਨ ਅਰਥਾਤ ਮਾਕੀਰ ਦੇ ਪੁੱਤ੍ਰਾਂ ਦੇ ਅੱਧ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ
- 32 ਏਹ ਓਹ ਮਿਲਖਾਂ ਹਨ ਜਿਹੜੀਆਂ ਮੂਸਾ ਨੇ ਮੋਆਬ ਦੇ ਮਦਾਨਾਂ ਵਿੱਚ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਵੰਡੀਆਂ
- 33 ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਮਿਲਖ ਨਾ ਦਿੱਤੀ। ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਓਹਨਾਂ ਦੀ ਮਿਲਖ ਹੈ ਜਿਵੇਂ ਉਹ ਓਹਨਾਂ ਨੂੰ ਬੋਲਿਆ ਸੀ।।
- 1 ਸੋ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਚਿਰ ਤੋੜੀ ਜੁੱਧ ਹੁੰਦਾ ਰਿਹਾ ਪਰ ਦਾਊਦ ਦਿਨੋਂ ਦਿਨ ਤਕੜਾ ਹੁੰਦਾ ਗਿਆ ਪਰ ਸ਼ਾਊਲ ਦਾ ਘਰਾਣਾ ਮਾੜਾ ਹੁੰਦਾ ਗਿਆ।।
- 2 ਫੇਰ ਹਬਰੋਨ ਵਿੱਚ ਦਾਊਦ ਨੂੰ ਪੁੱਤ੍ਰ ਜਣੇ ਸੋ ਉਹ ਦੇ ਪੌਲਠੇ ਪੁੱਤ੍ਰ ਦਾ ਨਾਉਂ ਜੋ ਯਿਜ਼ਰੇਲਣ ਅਹੀਨੋਅਮ ਦੇ ਢਿੱਡੋਂ ਸੀ ਅਮਨੋਨ ਸੀ
- 3 ਅਤੇ ਦੂਜੇ ਦਾ ਨਾਉਂ ਜੋ ਕਰਮਲੀ ਨਾਬਾਲ ਦੀ ਤੀਵੀਂ ਅਬੀਗੈਲ ਦੇ ਢਿੱਡੋਂ ਹੋਇਆ ਕਿਲਆਬ ਸੀ ਅਤੇ ਤੀਜੇ ਦਾ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਢਿੱਡੋਂ ਸੀ ਅਬਸ਼ਾਲੋਮ ਸੀ
- 4 ਅਤੇ ਚੌਥੇ ਦਾ ਨਾਉਂ ਅਦੋਨਿੱਯਾਹ ਹੱਗੀਥ ਦਾ ਪੁੱਤ੍ਰ ਅਤੇ ਪੰਜਵੇਂ ਦਾ ਨਾਉਂ ਸਫਟਯਾਹ ਅਬੀਟਾਲ ਦਾ ਪੁੱਤ੍ਰ
- 5 ਅਤੇ ਛੀਵਾਂ ਯਿਬਰਆਮ ਸੀ, ਉਹ ਅਗਂਲਾਹ ਦੇ ਢਿੱਡੋਂ ਸੀ ਜੋ ਦਾਊਦ ਦੀ ਪਤਨੀ ਸੀ। ਏਹ ਦਾਊਦ ਤੋਂ ਹਬਰੋਨ ਵਿੱਚ ਜੰਮੇ।।
- 6 ਜਾਂ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਜੋ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਿਆ ਕੀਤਾ
- 7 ਅਤੇ ਸ਼ਾਊਲ ਦੀ ਇੱਕ ਸੁਰੀਤ ਰਿਜ਼ਪਾਹ ਨਾਮੇ ਅੱਯਾਹ ਦੀ ਧੀ ਸੀ ਤਾਂ ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਉ ਦੀ ਸੁਰੀਤ ਨਾਲ ਕਿਉਂ ਸੰਗ ਕੀਤਾ?
- 8 ਸੋ ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਵੱਡਾ ਗੁੱਸੇ ਹੋਇਆ ਅਤੇ ਆਖਿਆ, ਭਲਾ, ਮੈਂ ਕੁੱਤੇ ਦਾ ਸਿਰ ਹਾਂ ਜੋ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੋੜੀ ਤੇਰੇ ਪਿਉ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤ੍ਰਾਂ ਉੱਤੇ ਕਿਰਪਾ ਕਰਦਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਪਿਆ ਜੋ ਤੂੰ ਅੱਜ ਇਸ ਤੀਵੀਂ ਦੇ ਕਾਰਨ ਮੇਰੇ ਉੱਤੇ ਊਜ ਲਾਵੇਂ?
- 9 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੀਕ ਜੇ ਕਦੀ ਮੈਂ ਜਿੱਕਰ ਯਹੋਵਾਹ ਨੇ ਦਾਊਦ ਨਾਲ ਸੌਂਹ ਖਾਧੀ ਹੈ ਉਸੇ ਤਰਾਂ ਨਾਲ ਕੰਮ ਨਾ ਕਰਾਂ
- 10 ਭਈ ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਟਿਕਾ ਦਿਆਂ!
- 11 ਤਦ ਉਹ ਅਬਨੇਰ ਦੇ ਸਾਹਮਣੇ ਫੇਰ ਕੁਝ ਉੱਤਰ ਨਾ ਦੇ ਸੱਕਿਆ ਕਿਉਂ ਜੋ ਉਸ ਕੋਲੋਂ ਉਹ ਡਰ ਗਿਆ ਸੀ।।
- 12 ਇਸੇ ਕਰਕੇ ਅਬਨੇਰ ਨੇ ਦਾਊਦ ਕੋਲ ਹਲਕਾਰੇ ਘੱਲੇ ਅਤੇ ਆਖਿਆ, ਭਈ ਦੇਸ ਕਿਹ ਦਾ ਹੈ? ਤੁਸੀਂ ਮੇਰੇ ਨਾਲ ਆਪਣਾ ਨੇਮ ਕਰੋ ਅਤੇ ਵੇਖੋ, ਮੇਰਾ ਹੱਥ ਤੁਹਾਡੇ ਨਾਲ ਹੋਵੇਗਾ ਜੋ ਸਾਰੇ ਇਸਰਾਏਲ ਨੂੰ ਤੁਹਾਡੀ ਵੱਲ ਕਰ ਦੇਵਾਂ
- 13 ਤਦ ਉਹ ਬੋਲਿਆ, ਸਤ ਬਚਨ, ਮੈਂ ਤੇਰੇ ਨਾਲ ਨੇਮ ਕਰਾਂਗਾ ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਹਾਂ ਅਤੇ ਇਸ ਤੋਂ ਬਿਨਾ ਤੂੰ ਮੇਰਾ ਮੂੰਹ ਨਾ ਵੇਖੇਂਗਾ ਭਈ ਜਿਸ ਵੇਲੇ ਤੂੰ ਮੇਰਾ ਮੂੰਹ ਵੇਖਣ ਨੂੰ ਆਵੇਂ ਤਾਂ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਲੈ ਆਵੀਂ
- 14 ਅਤੇ ਦਾਊਦ ਨੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਨੂੰ ਹਲਾਕਾਰਿਆਂ ਦੇ ਰਾਹੀਂ ਸੁਨੇਹਾ ਘੱਲਿਆ ਭਈ ਮੇਰੀ ਪਤਨੀ ਮੀਕਲ ਨੂੰ ਜੋ ਮੈਂ ਫਲਿਸਤੀਆਂ ਦੀ ਸੌ ਖਲੜੀ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇਹ
- 15 ਸੋ ਈਸ਼ਬੋਸ਼ਥ ਨੇ ਲੋਕ ਘੱਲੇ ਅਤੇ ਉਸ ਤੀਵੀਂ ਨੂੰ ਉਸ ਦੇ ਪਤੀ ਲਾਵਿਸ਼ ਦੇ ਪੁੱਤ੍ਰ ਫਲਟੀਏਲ ਕੋਲੋਂ ਖੋਹ ਲਿਆ
- 16 ਅਤੇ ਉਸ ਦਾ ਪਤੀ ਉਸ ਤੀਵੀਂ ਦੇ ਨਾਲ ਉਸ ਦੇ ਮਗਰੋ ਮਗਰ ਬਹੁਰੀਮ ਤੋੜੀ ਰੋਂਦਾ ਤੁਰਿਆ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾਹ, ਮੁੜ ਜਾਹ! ਤਦ ਉਹ ਮੁੜ ਗਿਆ।।
- 17 ਤਾਂ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਅੱਗੇ ਹੀ ਚਾਹੁੰਦੇ ਸਾਓ ਭਈ ਦਾਊਦ ਸਾਡਾ ਪਾਤਸ਼ਾਹ ਬਣੇ
- 18 ਸੋ ਹੁਣ ਤੁਸੀਂ ਕਮਾਓ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਜੋ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ
- 19 ਤਾਂ ਅਬਨੇਰ ਨੇ ਬਿਨਯਾਮੀਨ ਦੇ ਕੰਨਾਂ ਵਿੱਚ ਭੀ ਗੱਲ ਸੁਣਾਈ ਤਾਂ ਫੇਰ ਅਬਨੇਰ ਹਬੋਰਨ ਨੂੰ ਗਿਆ ਇਸ ਕਰਕੇ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਦਿੱਸਿਆ ਸੀ ਸੋ ਦਾਊਦ ਦੇ ਕੰਨਾਂ ਵਿੱਚ ਸੁਣਾਵੇ
- 20 ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਰ ਉਹ ਦੇ ਨਾਲ ਦੇ ਲੋਕਾਂ ਦੀ ਦਾਉਤ ਕੀਤੀ
- 21 ਅਤੇ ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਨੇਮ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਸੋ ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ।।
- 22 ਵੇਖੋ, ਉਸ ਵੇਲੇ ਦਾਊਦ ਦੇ ਟਹਿਲੂਏ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਕੇ ਆਏ ਅਤੇ ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੰ ਤੋਂਰ ਦਿੱਤਾ ਸੀ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ ਸੀ
- 23 ਜਾਂ ਯੋਆਬ ਦੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤ੍ਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਰ ਉਹ ਸੁਖ ਸਾਂਦ ਨਾਲ ਚੱਲਿਆ ਗਿਆ ਸੀ
- 24 ਸੋ ਯੋਆਬ ਪਾਤਸ਼ਾਹ ਦੇ ਕੋਲ ਆ ਕੇ ਬੋਲਿਆ, ਏਹ ਤੈਂ ਕੀ ਕੀਤਾ? ਵੇਖ, ਅਬਨੇਰ ਤੇਰੇ ਕੋਲ ਆਇਆ ਸੋ ਤੈਂ ਉਹ ਨੂੰ ਕਾਹਨੂੰ ਵਿਦਿਆ ਕੀਤਾ ਜੋ ਚੱਲਿਆ ਗਿਆ?
- 25 ਤੂੰ ਨੇਰ ਦੇ ਪੁੱਤ੍ਰ ਅਬਨੇਰ ਨੂੰ ਜਾਣਦਾ ਹੈਂ ਜੋ ਤੇਰੇ ਨਾਲ ਛਲ ਕਰਨ ਨੂੰ ਅਤੇ ਤੇਰਾ ਆਉਣਾ ਜਾਣਾ ਲੱਭਣ ਨੂੰ ਅਤੇ ਜੋ ਕੁਝ ਤੂੰ ਕਰਦਾ ਹੈਂ ਸੋ ਸਭ ਜਾਣ ਲੈਣ ਨੂੰ ਤੇਰੇ ਕੋਲ ਆਇਆ ਸੀ
- 26 ਫੇਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਹ ਨੇ ਅਬਨੇਰ ਦੇ ਮਗਰ ਹਲਕਾਰੇ ਘੱਲੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਇਹ ਖਬਰ ਦਾਊਦ ਨੂੰ ਨਹੀਂ ਸੀ
- 27 ਸੋ ਜਾਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹਾ ਇੱਕ ਗੱਲ ਕਰਨ ਲਈ ਉਹ ਨੂੰ ਡਿਉੜ੍ਹੀ ਦੀ ਨੁੱਕਰ ਵਿੱਚ ਇਕਲਵੰਜੇ ਲੈ ਗਿਆ ਅਤੇ ਉੱਥੇ ਉਸ ਦੀ ਪੰਜਵੀ ਪਸਲੀ ਦੇ ਹੇਠ ਆਪਣੇ ਭਰਾ ਅਸਾਹੇਲ ਦੇ ਖ਼ੂਨ ਦੇ ਵੱਟੇ ਅਜਿਹਾ ਮਾਰਿਆ ਜੋ ਉਹ ਮਰ ਗਿਆ।।
- 28 ਇਹ ਦੇ ਪਿੱਛੋਂ ਜਾਂ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਣੇ ਯਹੋਵਾਹ ਦੇ ਅੱਗੇ ਨੇਰ ਦੇ ਪੁੱਤ੍ਰ ਅਬਨੇਰ ਦੇ ਖ਼ੂਨ ਤੋਂ ਬਿਦੋਸ਼ਾ ਹਾਂ
- 29 ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਉ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਯਾ ਕੋੜ੍ਹਾ ਹੋਵੇ ਯਾ ਲਾਠੀ ਫੜ ਕੇ ਤੁਰੇ ਯਾ ਤਲਵਾਰ ਨਾਲ ਡਿੱਗੇ ਯਾ ਰੋਟੀ ਦੇ ਅਧੀਨ ਹੋਵੇ!
- 30 ਸੋ ਯੋਆਬ ਦੇ ਸਿਰ ਅਤੇ ਉਹ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।।
- 31 ਦਾਊਦ ਨੇ ਯੋਆਬ ਅਤੇ ਸਭਨਾਂ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਭਈ ਆਪਣੇ ਲੀੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਪਾਤਸ਼ਾਹ ਆਪ ਅਰਥੀ ਦੇ ਮਗਰ ਮਗਰ ਤੁਰਿਆ
- 32 ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦੱਬ ਦਿੱਤਾ ਅਤੇ ਪਾਤਸ਼ਾਹ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਰ ਲੋਕ ਵੀ ਸਭ ਰੋਏ
- 33 ਪਾਤਸ਼ਾਹ ਨੇ ਅਬਨੇਰ ਲਈ ਉਲ੍ਹਾਹਣੀਆਂ ਨਾਲ ਸਿਆਪਾ ਕੀਤਾ ਅਤੇ ਆਖਿਆ, - ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ ਮੋਇਓਂ?
- 34 ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਸਗੋਂ ਤੂੰ ਤਾਂ ਇਉਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ! ।। ਤਾਂ ਉਹ ਦੇ ਉੱਤੇ ਸਭ ਲੋਕ ਹੋਰ ਰੋਏ ।।
- 35 ਤਾਂ ਸਭ ਲੋਕ ਉੱਥੋਂ ਆਏ ਅਤੇ ਦਾਊਦ ਨੂੰ ਕੁਝ ਖੁਵਾਉਣ ਲੱਗੇ ਜਾਂ ਦਿਨ ਕੁਝ ਹੈਸੀ। ਤਦ ਦਾਊਦ ਨੇ ਸੌਂਹ ਖਾ ਕੇ ਆਖਿਆ, ਜੇ ਕਦੀ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਯਾ ਹੋਰ ਕੁਝ ਚੱਖਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੀਕ!
- 36 ਸਭਨਾਂ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਏਹ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਪਾਤਸ਼ਾਹ ਕਰਦਾ ਸੀ ਸੋ ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ
- 37 ਅਤੇ ਸਭਨਾਂ ਲੋਕਾਂ ਨੇ ਅਰ ਸਾਰੇ ਇਸਰਾਏਲ ਨੇ ਉਸ ਦਿਹਾੜੇ ਠੀਕ ਜਾਣ ਲਿਆ ਭਈ ਨੇਰ ਦਾ ਪੁੱਤ੍ਰ ਅਬਨੇਰ ਪਾਤਸ਼ਾਹ ਦੀ ਮਰਜੀ ਵਿੱਚ ਨਹੀਂ ਮੋਇਆ
- 38 ਅਤੇ ਪਾਤਸ਼ਾਹ ਨੇ ਆਪਣੇ ਟਹਿਲੂਆਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਜੋ ਅੱਜ ਦੇ ਦਿਨ ਇੱਕ ਸਰਦਾਰ ਸਗੋਂ ਇੱਕ ਮਹਾ ਪੁਰਸ਼ ਇਸਰਾਏਲ ਦੇ ਵਿੱਚੋਂ ਲਾਹ ਦਿੱਤਾ ਗਿਆ ਹੈ?
- 39 ਅਤੇ ਅੱਜ ਦੇ ਦਿਨ ਮੈਂ ਹੀਣਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਏਹ ਲੋਕ ਸਰੂਯਾਹ ਦੇ ਪੁੱਤ੍ਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ ਪਰ ਯਹੋਵਾਹ ਬੁਰਿਆਈ ਨੂੰ ਉਹ ਦੀ ਬੁਰਿਆਰ ਦਾ ਪੂਰਾ ਵੱਟਾ ਲਾਵੇਗਾ।।