Bible Versions
Bible Books

Luke 7 (ERVPA) Easy to Read - Punjabi

1 ਜਦੋਂ ਯਿਸੂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਚੁੱਕਾ ਤਾਂ ਉਹ ਕਫ਼ਰਨਾਹੂਮ ਵੱਲ ਗਿਆ।
2 ਉਥੇ ਇੱਕ ਸੈਨਾ ਅਧਿਕਾਰੀ ਸੀ। ਉਸਦਾ ਨੌਕਰ ਬਡ਼ਾ ਬਿਮਾਰ ਸੀ, ਅਤੇ ਮਰਨ ਕਿਨਾਰੇ ਸੀ। ਉਸ ਨੂੰ ਨੌਕਰ ਨਾਲ ਬਡ਼ਾ ਪਿਆਰ ਸੀ।
3 ਜਦੋਂ ਅਧਿਕਾਰੀ ਨੂੰ ਯਿਸੂ ਬਾਰੇ ਪਤਾ ਲੱਗਾ ਉਸਨੇ ਕੁਝ ਬਜ਼ੁਰਗ ਯਹੂਦੀ ਆਗੂਆਂ ਨੂੰ ਯਿਸੂ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆਵੇ ਅਤੇ ਉਸਦੇ ਨੌਕਰ ਨੂੰ ਬਚਾਵੇ।
4 ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ।
5 ਉਹ ਸਾਡੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉਸਨੇ ਪ੍ਰਾਰਥਨਾ ਸਥਾਨ ਵੀ ਬਨਵਾਇਆ ਹੈ।”
6 ਇਸਲਈ ਯਿਸੂ ਉਨ੍ਹਾਂ ਦੇ ਨਾਲ ਚਲਿਆ ਗਿਆ ਅਤੇ ਜਦੋਂ ਉਹ ਉਸਦੇ ਘਰ ਤੋਂ ਜਿਆਦਾ ਦੂਰ ਨਹੀਂ ਸੀ। ਤਾਂ ਅਧਿਕਾਰੀ ਨੇ ਆਪਣੇ ਕੁਝ ਮਿੱਤਰਾਂ ਨੂੰ ਉਸਨੂੰ ਇਹ ਆਖਣ ਲਈ ਭੇਜਿਆ, “ਪ੍ਰਭੂ ਤੁਸੀਂ ਕਿਥੇ ਆਉਣ ਦੀ ਤਕਲੀਫ਼ ਨਾ ਕਰੋ, ਕਿਉਂਕਿ ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ।
7 ਇਸੇ ਕਾਰਣ ਮੈਂ ਆਪਣੇ-ਆਪ ਨੂੰ ਤੁਹਾਡੇ ਕੋਲ ਆਉਣ ਦੇ ਕਾਬਿਲ ਨਹੀਂ ਸਮਝਿਆ। ਪਰ ਤੁਸੀਂ ਕੇਵਲ ਇੱਕ ਸ਼ਬਦ ਆਖੋਂ ਤਾਂ ਮੇਰਾ ਨੌਕਰ ਰਾਜੀ ਹੋ ਜਾਵੇਗ਼ਾ।
8 ਕਿਉਂਕਿ ਮੈਂ ਖੁਦ ਆਪਣੇ ਤੋਂ ਉਚਿਆਂ ਦੇ ਅਧੀਨ ਕੰਮ ਕਰਦਾ ਹਾਂ। ਕੁਝ ਸਿਪਾਹੀ ਹਨ ਜੋ ਮੇਰੇ ਹੇਠਾਂ ਹਨ। ਜੇਕਰ ਮੈਂ ਕਿਸੇ ਨੂੰ ਆਖਦਾ ਹਾਂ, ‘ਜਾ’, ਤਾਂ ਉਹ ਜਾਂਦਾ ਹੈ ਤੇ ਜੇਕਰ ਮੈਂ ਕਿਸੇ ਹੋਰ ਨੂੰ ਆਖਦਾ ਹਾਂ, ‘ਆ’, ਉਹ ਆਉਂਦਾ ਹੈ। ਜੇਕਰ ਮੈਂ ਆਪਣੇ ਨੌਕਰ ਨੂੰ ਕਹਾਂ, ‘ਇਹ ਕਰ’, ਤਾਂ ਉਹ ਕਰਦਾ ਹੈ।
9 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਹੋਇਆ। ਯਿਸੂ ਉਨ੍ਹਾਂ ਲੋਕਾਂ ਵੱਲ ਮੁਡ਼ਿਆ ਜੋ ਉਸਦਾ ਹੁਕਮ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਵਿਸ਼ਵਾਸ ਤਾਂ ਮੈਂ ਇਸਰਾਏਲ ਵਿੱਚ ਵੀ ਨਹੀਂ ਵੇਖਿਆ।”
10 ਜਿਹਡ਼ੇ ਲੋਕ ਯਿਸੂ ਕੋਲ ਭੇਜੇ ਗਏ ਸਨ ਜਦੋਂ ਉਹ ਘਰ ਨੂੰ ਵਾਪਸ ਚਲੇ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਨੌਕਰ ਰਾਜ਼ੀ ਹੋ ਗਿਆ ਸੀ।
11 ਅਗਲੇ ਦਿਨ ਯਿਸੂ ਨਾਇਨ ਨਾਂ ਦੇ ਇੱਕ ਸ਼ਹਿਰ ਵਿੱਚ ਗਿਆ। ਉਸਦੇ ਚੇਲੇ ਅਤੇ ਲੋਕਾਂ ਦੀ ਇੱਕ ਵੱਡੀ ਭੀਡ਼ ਉਸਦੇ ਨਾਲ ਸਫ਼ਰ ਕਰ ਰਹੀ ਸੀ।
12 ਜਦੋਂ ਉਹ ਨਗਰ ਦੇ ਫ਼ਾਟਕ ਦੇ ਕੋਲ ਪਹੁੰਚਿਆ ਤਾਂ ਉਸਨੇ ਇੱਕ ਜਨਾਜ਼ਾ ਵੇਖਿਆ। ਇੱਕ ਵਿਧਵਾ ਦਾ ਇੱਕੋ-ਇੱਕ ਪੁੱਤਰ ਸੀ ਜੋ ਮਰ ਗਿਆ ਸੀ। ਜਦੋਂ ਉਸਦੇ ਪੁੱਤਰ ਦਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਤਾਂ ਉਸਦੇ ਨਾਲ ਕਾਫ਼ੀ ਲੋਕ ਵੀ ਤੁਰ ਰਹੇ ਸਨ।
13 ਜਦੋਂ ਪ੍ਰਭੂ ਯਿਸੂ ਨੇ ਉਸਨੂੰ ਵੇਖਿਆ ਤਾਂ ਉਸਦੇ ਦਿਲ ਨੂੰ ਬਡ਼ਾ ਦੁਖ ਲੱਗਾ ਅਤੇ ਉਸਨੇ ਉਸ ਔਰਤ ਨੂੰ ਕਿਹਾ, “ਤੂੰ ਰੋ ਨਹੀਂ।”
14 ਉਹ ਅਗਾਂਹ ਗਿਆ ਅਤੇ ਤਾਬੂਤ ਨੂੰ ਛੋਹਿਆ ਅਤੇ ਜਿਨ੍ਹਾਂ ਲੋਕਾਂ ਨੇ ਤਾਬੂਤ ਨੂੰ ਚੁਕਿਆ ਹੋਇਆ ਸੀ, ਉਥੇ ਹੀ ਰੁਕ ਗਏ। ਯਿਸੂ ਨੇ ਉਸ ਮੁਰਦਾ ਪੁੱਤਰ ਨੂੰ ਕਿਹਾ, “ਹੇ ਯੁਵਕ!
15 ਮੈਂ ਤੈਨੂੰ ਆਖਦਾ ਹਾਂ ਕਿ ਉਠ ਖਲੋ।” ਤਾਂ ਉਹ ਵਿਧਵਾ ਦਾ ਪੁੱਤਰ ਉਠ ਬੈਠਾ ਅਤੇ ਗੱਲਾਂ ਕਰਨ ਲੱਗ ਪਿਆ ਅਤੇ ਯਿਸੂ ਨੇ ਉਸਨੂੰ ਉਸਦੀ ਮਾਂ ਨੂੰ ਦੇ ਦਿੱਤਾ।
16 ਸਭ ਲੋਕ ਡਰ ਨਾਲ ਭਰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੇ “ਇੱਕ ਵੱਡਾ ਨਬੀ ਸਾਡੇ ਕੋਲ ਆਇਆ ਹੈ।” ਅਤੇ ਉਨ੍ਹਾਂ ਕਿਹਾ, “ਪਰਮੇਸ਼ੁਰ ਖੁਦ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ।”
17 ਇਹ ਖਬਰ ਯਿਸੂ ਬਾਰੇ ਸਾਰੇ ਯਹੂਦਿਯਾ ਅਤੇ ਉਸਦੇ ਆਸ-ਪਾਸ ਦੇ ਇਲਾਕੇ ਵਿੱਚ ਫ਼ੈਲ ਗਈ।
18 ਯੂਹੰਨਾ ਦੇ ਚੇਲਿਆਂ ਨੇ ਉਸਨੂੰ ਇਨ੍ਹਾਂ ਸਭ ਗੱਲਾਂ ਬਾਰੇ ਦਸਿਆ ਅਤੇ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ।
19 ਯੂਹੰਨਾ ਨੇ ਉਨ੍ਹਾਂ ਨੂੰ ਪ੍ਰਭੂ ਕੋਲ ਇਹ ਪੁਛਣ ਲਈ ਭੇਜਿਆ “ਕੀ ਤੂੰ ਉਹੀ ਹੈ ਜਿਸਦਾ ਸਾਨੂੰ ਇੰਤਜਾਰ ਹੈ ਜਾਂ ਅਸੀਂ ਕਿਸੇ ਦੂਜੇ ਦੇ ਆਉਣ ਦਾ ਇੰਤਜਾਰ ਕਰੀਏ?”
20 ਤਾਂ ਉਹ ਲੋਕ ਯਿਸੂ ਕੋਲ ਆਏ ਅਤੇ ਆਖਾਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲੋ ਇਹ ਸਵਾਲ ਪੁਛਣ ਲਈ ਭੇਜਿਆ ਹੈ ਕਿ ‘ਕੀ ਤੂੰ ਉਹੀ ਹੈ ਜਿਸਦੀ ਸਾਨੂੰ ਉਡੀਕ ਹੈ ਜਾਂ ਅਸੀਂ ਕਿਸੇ ਹੋਰ ਦੇ ਆਉਣ ਦੀ ਉਡੀਕ ਕਰੀਏ?”‘
21 ਉਸ ਵਕਤ ਯਿਸੂ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਬਿਮਰੀ ਤੇ ਰੋਗਾਂ ਤੋਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਅਤੇ ਬਹੁਤ ਸਾਰੇ ਅੰਨ੍ਹੇ ਲੋਕਾਂ ਨੂੰ ਦ੍ਰਿਸ਼ਟੀ ਦਿੱਤੀ ਤਾਂ ਜੋ ਉਹ ਦੋਬਾਰਾ ਵੇਖ ਸਕਣ।
22 ਤਦ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਜਾਕੇ ਜੋ ਕੁਝ ਤੁਸੀਂ ਸੁਣਿਆ ਅਤੇ ਵੇਖਿਆ ਹੈ ਯੂਹੰਨਾ ਨੂੰ ਦੱਸੋ, ਕਿ ਹੁਣ ਅੰਨ੍ਹੇ ਵੇਖ ਸਕਦੇ ਹਨ, ਲੰਗਡ਼ੇ ਤੁਰ ਸਕਦੇ ਹਨ ਕੋਢ਼ੀ ਰਾਜ਼ੀ ਹੋ ਗਏ ਹਨ, ਬੋਲੇ ਸੁਣ ਸਕਦੇ ਹਨ ਅਤੇ ਮੁਰਦਿਆਂ ਨੂੰ ਜੀਵਨ ਦਿੱਤਾ ਗਿਆ ਹੈ। ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼-ਖਬਰੀ ਗਰੀਬ ਲੋਕਾਂ ਨੂੰ ਦਿੱਤੀ ਗਈ ਹੈ।
23 ਜੋ ਵਿਅਕਤੀ ਮੈਨੂੰ ਸਵੀਕਾਰਦਾ ਹੈ ਉਹ ਧੰਨ ਹੈ।”
24 ਜਦੋਂ ਯੂਹੰਨਾ ਦੇ ਚੇਲੇ ਚਲੇ ਗਏ ਤਾਂ ਯਿਸੂ ਨੇ ਲੋਕਾਂ ਨੂੰ ਯੂਹੰਨਾ ਬਾਰੇ ਆਖਣਾ ਸ਼ੁਰੂ ਕੀਤਾ “ਤੁਸੀਂ ਕੀ ਵੇਖਣ ਲਈ ਉਜਾਡ਼ ਵਿੱਚ ਗਏ ਸੀ? ਕੀ ਇੱਕ ਕਾਨੇ ਨੂੰ ਜਿਹਡ਼ਾ ਹਵਾ ਦੇ ਬੁਲ੍ਲੇ ਨਾਲ ਹਿਲਦਾ ਹੈ?
25 ਤੁਸੀਂ ਬਾਹਰ ਕੀ ਵੇਖ ਰਹੇ ਸੀ? ਕੀ ਇੱਕ ਵਧੀਆ ਪੋਸ਼ਾਕ ਪਾਈ ਹੋਏ ਆਦਮੀ ਨੂੰ ਵੇਖਦੇ ਸੀ? ਨਹੀਂ ਜਿਹਡ਼ੇ ਲੋਕ ਵਧੀਆ ਕੱਪਡ਼ੇ ਪਾਉਂਦੇ ਹਨ ਅਤੇ ਐਸ਼ ਨਾਲ ਜਿਉਂਦੇ ਹਨ, ਰਾਜਿਆਂ ਦੇ ਮਹਿਲਾਂ ਵਿੱਚ ਹੀ ਵੇਖੇ ਜਾ ਸਕਦੇ ਹਨ।
26 ਸੱਚੀਂ! ਤੁਸੀਂ ਬਾਹਰ ਕੀ ਵੇਖਣ ਗਏ ਸੀ? ਕੀ ਨਬੀ ਨੂੰ ਵੇਖਣ ਗਏ ਸੀ? ਹਾਂ! ਮੈਂ ਤੁਹਾਨੂੰ ਦੱਸਦਾ ਹਾਂ ਕਿ ਯੂਹੰਨਾ ਇੱਕ ਨਬੀ ਤੋਂ ਵਧ ਹੈ।
27 ਇਹ ਉਹੀ ਵਿਅਕਤੀ ਹੈ ਜਿਸ ਬਾਰੇ ਪੋਥੀਆਂ ਵਿੱਚ ਵੀ ਇਹ ਲਿਖਿਆ ਹੋਇਆ ਹੈ: ‘ਸੁਣੋ! ਮੈਂ ਪ੍ਰਭੂ, ਆਪਣਾ ਦੂਤ ਤੇਰੇ ਅੱਗੇ-ਅੱਗੇ ਭੇਜਦਾ ਹਾਂ ਜਿਹਡ਼ਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।’ ਮਲਾਕੀ 3:1
28 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹਡ਼ੇ ਵੀ ਇਥੇ ਮਨੁੱਖ ਜੰਮੇ ਹਨ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਵੀ ਕੋਈ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਉਸ ਕੋਲੋਂ ਵੱਡਾ ਹੈ।”
29 ਜਦੋਂ ਸਾਰੇ ਲੋਕਾਂ ਸਮੇਤ ਮਸੂਲੀਆਂ ਨੇ ਵੀ ਇਹ ਸੁਣਿਆ ਤਾਂ ਉਹ ਸਹਿਮਤ ਹੋਏ ਕਿ ਪਰਮੇਸ਼ੁਰ ਦਾ ਰਸਤਾ ਧਰਮੀ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ।
30 ਪਰ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਪਰਮੇਸ਼ੁਰ ਦੀ ਉਨ੍ਹਾਂ ਬਾਰੇ ਬਣਾਈ ਵਿਉਂਤ ਨੂੰ ਨਾਮੰਜੂਰ ਕਰ ਦਿੱਤਾ, ਉਨ੍ਹਾਂ ਨੇ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਅਨੁਮਤੀ ਨਾ ਦਿੱਤੀ।
31 “ਫ਼ਿਰ ਮੈਂ ਇਸ ਪੀਢ਼ੀ ਦੇ ਲੋਕਾਂ ਨੂੰ ਕਿਸ ਵਰਗਾ ਦੱਸਾਂ? ਉਨ੍ਹਾਂ ਦੀ ਤੁਲਨਾ ਕਿਸ ਨਾਲ ਹੈ?
32 ਉਹ ਉਨ੍ਹਾਂ ਬਚਿਆਂ ਵਰਗੇ ਹਨ ਜਿਹਡ਼ੇ ਰਾਹਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਦਾ ਇੱਕ ਸਮੂਹ ਦੂਜੇ ਸਮੂਹ ਨੂੰ ਆਖਦਾ ਹੈ, ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ, ਅਸੀਂ ਤੁਹਾਡੇ ਲਈ ਸ਼ੋਕ ਗੀਤ ਗਾਇਆ ਪਰ ਤੁਸੀਂ ਨਹੀਂ ਰੋਏ।’
33 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਨਾ ਤਾਂ ਉਹ ਰੋਟੀ ਖਾਂਦਾ ਹੈ ਨਾ ਹੀ ਮੈਅ ਪੀਂਦਾ ਹੈ ਪਰ ਤੁਸੀਂ ਕਹਿੰਦੇ ਹੋ ਉਸਨੂੰ ਭੂਤ ਚਿੰਬਡ਼ਿਆ ਹੋਇਆ ਹੈ।
34 ਫ਼ਿਰ ਮਨੁੱਖ ਦਾ ਪੁੱਤਰ ਖਾਂਦੇ ਅਤੇ ਪੀਂਦੇ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ ਕਿ ‘ਵੇਖੋ ਉਹ ਖਾਊ ਅਤੇ ਪਿਆਊ ਹੈ ਅਤੇ ਉਹ ਮਸੂਲੀਆਂ ਅਤੇ ਪਾਪੀਆਂ ਦਾ ਮਿੱਤਰ ਹੈ।’
35 ਪਰ ਸਿਆਣਪ ਆਪਣੇ ਕਾਰਨਾਮਿਆਂ ਦੁਆਰਾ ਹੀ ਧਰਮੀ ਦਿਖਾਈ ਦਿੰਦੀ ਹੈ।”
36 ਫ਼ਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ। ਤਾਂ ਯਿਸੂ ਉਸ ਫ਼ਰੀਸੀ ਨਾਲ ਉਸਦੇ ਘਰ ਜਾਕੇ ਖਾਣੇ ਦੀ ਮੇਜ ਤੇ ਬੈਠਾ।
37 ਉਸ ਨਗਰ ਵਿੱਚ ਇੱਕ ਪਾਪਣ ਔਰਤ ਸੀ ਅਤੇ ਉਹ ਜਾਣਦੀ ਸੀ ਕਿ ਯਿਸੂ ਇੱਕ ਫ਼ਰੀਸੀ ਦੇ ਘਰ ਭੋਜਨ ਖਾ ਰਿਹਾ ਸੀ, ਤਾਂ ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ।
38 ਉਹ ਯਿਸੂ ਦੇ ਚਰਨਾਂ ਕੋਲ ਖਢ਼ੀ ਸੀ ਅਤੇ ਰੋ ਰਹੀ ਸੀ। ਉਸਨੇ ਆਪਣੇ ਹੰਝੂਆਂ ਨਾਲ ਉਸਦੇ ਪੈਰ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਪੈਰਾਂ ਨੂੰ ਪੂੰਝਿਆ ਅਤੇ ਸੁਕਾਇਆ। ਉਸਨੇ ਕਿੰਨੀ ਵਾਰ ਉਸਦੇ ਪੈਰਾਂ ਨੂੰ ਚੁੰਮਿਆ ਅਤੇ ਫ਼ਿਰ ਉਸਦੇ ਪੈਰਾਂ ਤੇ ਅਤਰ ਮਲ ਦਿੱਤਾ।
39 ਜਿਸ ਫ਼ਰੀਸੀ ਨੇ ਯਿਸੂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਸੀ ਉਸਨੇ ਇਹ ਸਭ ਵੇਖਿਆ ਤਾਂ ਆਪਣੇ ਮਨ ਵਿੱਚ ਸੋਚਿਆ, “ਜੇਕਰ ਇਹ ਆਦਮੀ (ਯਿਸੂ) ਨਬੀ ਹੁੰਦਾ ਤਾਂ ਜਿਹਡ਼ੀ ਔਰਤ ਇਸਦੇ ਪੈਰ ਛੂਹ ਰਹੀ ਹੈ, ਉਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਇੱਕ ਪਾਪਣ ਔਰਤ ਹੈ।”
40 ਯਿਸੂ ਨੇ ਫ਼ਰੀਸੀ ਨੂੰ ਆਖਿਆ, “ਸ਼ਮਊਨ! ਮੈਂ ਤੈਨੂੰ ਕੁਝ ਆਖਣਾ ਹੈ।” ਸ਼ਮਊਨ ਨੇ ਕਿਹਾ, “ਗੁਰੂ! ਤੁਸੀਂ ਮੈਨੂੰ ਕੀ ਆਖਣਾ ਚਾਹੁੰਦੇ ਹੋ?”
41 ਯਿਸੂ ਨੇ ਆਖਿਆ: “ਦੋ ਆਦਮੀ ਸਨ। ਦੋਵੇ ਹੀ ਇੱਕੇ ਹੀ ਸਾਹੂਕਾਰ ਦੇ ਦੇਣਦਾਰ ਸਨ। ਇੱਕ ਬੰਦਾ ਸਹੂਕਾਰ ਨੂੰ 500 ਚਾਂਦੀ ਦੇ ਸਿਕਿਆਂ ਦਾ ਦੇਣਦਾਰ ਸੀ ਅਤੇ ਦੂਜਾ ਆਦਮੀ ਸਾਹੂਕਾਰ ਨੂੰ 50 ਚਾਂਦੀ ਦੇ ਸਿਕਿਆਂ ਦਾ ਦੇਣਦਾਰ ਸੀ।
42 ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸਲਈ ਉਹ ਆਪਣਾ ਕਰਜਾ ਨਾ ਦੇ ਸਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋਡ਼ ਨਹੀਂ। ਹੁਣ ਦੋਹਾਂ ਵਿੱਚੋਂ ਕਿਹਡ਼ਾ ਬੰਦਾ ਸਾਹੂਕਾਰ ਨੂੰ ਵਧ ਪਿਆਰ ਕਰੇਗਾ।
43 ਸ਼ਮਊਨ ਨੇ ਕਿਹਾ, “ਮੇਰੇ ਖਿਆਲ ਵਿੱਚ ਉਹ ਵਧੀਕ ਪਿਆਰ ਕਰੇਗਾ ਜਿਸਨੂੰ ਉਸਨੇ ਜਿਆਦਾ ਧਨ ਬਖਸ਼ਿਆ।” ਯਿਸੂ ਨੇ ਸ਼ਮਊਨ ਨੂੰ ਕਿਹਾ, “ਤੂੰ ਠੀਕ ਆਖ ਰਿਹਾ ਹੈ।”
44 ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ।
45 ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਹੀ ਮੈਂ ਅੰਦਰ ਆਇਆ ਤਦ ਤੋਂ ਉਹ ਮੇਰੇ ਪੈਰਾਂ ਨੂੰ ਚੁੰਮਦੀ ਰਹੀ।
46 ਤੂੰ ਮੇਰਾ ਸਿਰ ਤੇਲ ਨਾਲ ਨਹੀਂ ਝਸਿਆ ਪਰ ਉਸਨੇ ਅਤਰ ਨਾਲ ਮੇਰੇ ਪੈਰ ਮਲੇ।
47 ਇਸਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਅਨੰਦ ਪਿਆਰ ਇਹ ਦਰਸ਼ਾਉਂਦਾ ਹੈ ਕਿ ਉਸਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਉਹ, ਜਿਸਦੇ ਥੋਡ਼ੇ ਪਾਪ ਮਾਫ਼ ਹੋਏ ਹਨ, ਘੱਟ ਪਿਆਰ ਕਰਦਾ ਹੈ।”
48 ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।”
49 ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸਕਦਾ ਹੈ?”
50 ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੀ ਆਸਥਾ ਨੇ ਤੈਨੂੰ ਤੇਰੇ ਪਾਪਾਂ ਤੋਂ ਬਚਾਇਆ ਹੈ, ਜਾਂ ਸ਼ਾਂਤੀ ਨਾਲ ਚਲੀ ਜਾ।”
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×