Bible Books

:

1. ਫ਼ੇਸਤੁਸ ਰਾਜਪਲ ਬਣ ਗਿਆ, ਤਿੰਨਾਂ ਦਿਨਾਂ ਬਾਅਦ ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ।
2. ਪਰਧਾਨ ਜਾਜਕਾਂ ਅਤੇ ਖਾਸ ਯਹੂਦੀ ਆਗੂਆਂ ਨੇ ਫ਼ੇਸਤੁਸ ਦੇ ਅੱਗੇ ਪੌਲੁਸ ਦੇ ਖਿਲਾਫ਼ ਦੋਸ਼ ਲਗਾਏ।
3. ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁਡ਼ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ।
4. ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਯਾ ਵਿੱਚ ਰੱਖਿਆ ਜਾਵੇਗਾ, ਮੈਂ ਖੁਦ ਹੀ ਜਲਦੀ ਕੈਸਰਿਯਾ ਨੂੰ ਵਾਪਸ ਜਾਵਾਗਾ।
5. ਤੁਹਾਡੇ ਕੁਝ ਆਗੂ ਮੇਰੇ ਨਾਲ ਚਲਣ ਉਹ ਉਥੇ ਪੌਲੁਸ ਨੂੰ ਦੋਸ਼ੀ ਸਾਬਤ ਕਰਨ ਜੇਕਰ ਉਸਨੇ ਸੱਚ ਮੁੱਚ ਕੋਈ ਗਲਤੀ ਕੀਤੀ ਹੈ ਤਾਂ ਉਹ ਉਸ ਤੇ ਕੈਸਰਿਯਾ ਵਿੱਚ ਇਲਜ਼ਾਮ ਲਾ ਸਕਦੇ ਹਨ।”
6. ਫ਼ੇਸਤੁਸ ਅਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸਦੇ ਸਾਮ੍ਹਾਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ।
7. ਪੌਲੁਸ ਉਸ ਕਮਰੇ ਵਿੱਚ ਆਇਆ। ਜਿਹਡ਼ੇ ਯਹੂਦੀ ਯਰੂਸ਼ਲਮ ਤੋਂ ਆਏ ਸਨ ਉਸਦੇ ਆਸ-ਪਾਸ ਖਢ਼ੇ ਸਨ। ਉਨ੍ਹਾਂ ਨੇ ਪੌਲੁਸ ਦੇ ਖਿਲਾਫ਼ ਕਈ ਤਕਡ਼ੇ ਇਲਜ਼ਾਮ ਲਾਏ, ਪਰ ਉਨ੍ਹਾਂ ਵਿੱਚੋਂ ਇੱਕ ਵੀ ਇਲਜ਼ਾਮ ਨੂੰ ਸਾਬਿਤ ਨਾ ਕਰ ਸਕੇ।
8. ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਇਹੀ ਕਿਹਾ, “ਮੈਂ ਯਹੂਦੀ ਸ਼ਰ੍ਹਾ, ਮੰਦਰ ਜਾਂ, ਕੈਸਰ ਦੇ ਵਿਰੋਧ ਕੋਈ ਵੀ ਗਲਤ ਕੰਮ ਨਹੀਂ ਕੀਤਾ।”
9. ਪਰ ਫ਼ੇਸਤੁਸ ਯਹੂਦੀਆਂ ਨੂੰ ਕੁਸ਼ ਕਰਨਾ ਚਾਹੁੰਦਾ ਸੀ ਤਾਂ ਉਸਨੇ ਪੌਲੁਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ? ਕੀ ਤੂੰ ਚਾਹੁੰਦਾ ਹੈ ਕਿ ਮੈਂ ਉਥੇ ਇਨ੍ਹਾਂ ਦੋਸ਼ਾਂ ਉੱਪਰ ਤੇਰਾ ਨਿਰਣਾ ਕਰਾਂ?”
10. ਪੌਲੁਸ ਨੇ ਕਿਹਾ, “ਇਸ ਵਕਤ ਮੈਂ ਕੈਸਰੀ ਅਦਾਲਤ ਦੀ ਗੱਦੀ ਅੱਗੇ ਖਢ਼ਾ ਹਾਂ। ਮੇਰਾ ਨਿਆਂ ਇਥੇ ਹੀ ਹੋਵੇ। ਮੈਂ ਯਹੂਦੀਆਂ ਦੇ ਵਿਰੁੱਧ ਕੁਝ ਵੀ ਗਲਤ ਨਹੀਂ ਕੀਤਾ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ।
11. ਜੇਕਰ ਮੈਂ ਗਲਤ ਕੰਮ ਕੀਤਾ ਹੈ, ਜੋ ਮੌਤ ਦੀ ਸਜ਼ਾ ਦੇ ਕਾਬਿਲ ਹੈ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਾਂਗਾ। ਪਰ ਜੇਕਰ ਉਨ੍ਹਾਂ ਦੇ ਦੋਸ਼ ਗਲਤ ਹਨ, ਤਾਂ ਕਿਸੇ ਨੂੰ ਵੀ ਮੈਨੂੰ ਯਹੂਦੀਆਂ ਹੱਥੀਂ ਫ਼ਡ਼ਵਾਉਣ ਦਾ ਇਖਤਿਆਰ ਨਹੀਂ ਹੈ। ਮੈਂ ਕੈਸਰ ਨੂੰ ਇਹ ਬੇਨਤੀ ਕਰਦਾ ਹਾਂ।”
12. ਤਦ ਫ਼ੇਸਤੁਸ ਨੇ ਅਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ, “ਤੂੰ ਕੈਸਰ ਦੀ ਦੁਹਾਈ ਦਿੱਤੀ ਹੈ ਇਸ ਲਈ ਤੂੰ ਕੈਸਰ ਕੋਲ ਹੀ ਜਾਵੇਂਗਾ।”
13. ਕੁਝ ਦਿਨਾਂ ਬਾਅਦ, ਰਾਜਾ ਅਗ੍ਰਿਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨਾਲ ਭੇਂਟ ਕਰਨ ਲਈ ਆਏ।
14. ਉਹ ਉਥੇ ਕਾਫ਼ੀ ਦਿਨ ਰੁਕੇ। ਫ਼ੇਸਤੁਸ ਨੇ ਪੌਲੁਸ ਦੇ ਮਾਮਲੇ ਬਾਰੇ ਰਾਜੇ ਨਾਲ ਚਰਚਾ ਕੀਤੀ ਅਤੇ ਆਖਿਆ, “ਇਥੇ ਇੱਕ ਆਦਮੀ ਹੈ ਜਿਸਨੂੰ ਫ਼ੇਲਿਕੁਸ ਨੇ ਕੈਦ ਵਿੱਚ ਰਖ ਛਡਿਆ ਹੈ।
15. ਜਦੋਂ ਮੈਂ ਯਰੂਸ਼ਲਮ ਵਿੱਚ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸਦੇ ਵਿਰੁੱਧ ਦੋਸ਼ ਲਗਾਏ। ਇਹ ਯਹੂਦੀ ਚਾਹੁੰਦੇ ਸਨ ਕਿ ਮੈਂ ਇਸਨੂੰ ਮਾਰ ਦੇਵਾਂ।
16. ਪਰ ਮੈਂ ਆਖਿਆ, ‘ਇਹ ਰੋਮੀਆਂ ਦਾ ਕਾਨੂੰਨ ਨਹੀਂ ਕਿ ਜਿੰਨਾ ਚਿਰ ਮਨੁੱਖ ਆਪਣੇ ਤੇ ਦੋਸ਼ ਲਾਉਣ ਵਾਲਿਆਂ ਦਾ ਸਾਮ੍ਹਣਾ ਨਹੀਂ ਕਰਦਾ ਅਤੇ ਉਸਨੂੰ ਉਸਦੇ ਖਿਲਾਫ਼ ਲਾਏ ਦੋਸ਼ਾਂ ਤੋਂ ਆਪਣੀ ਰੱਖਿਆ ਕਰਨ ਦਾ ਅਵਸਰ ਨਹੀਂ ਦਿੱਤਾ ਜਾਂਦਾ ਉਸਨੂੰ ਹਵਾਲੇ ਨਹੀਂ ਕੀਤਾ ਜਾਂਦਾ।’
17. ਇਸ ਲਈ ਇਹ ਯਹੂਦੀ ਇਥੇ ਇਕਠੇ ਹੋਏ। ਮੈਂ ਮੁਨਸਫ਼ ਦੀ ਗੱਦੀ ਤੇ ਬੈਠਾ ਅਤੇ ਉਸ ਮਨੁੱਖ ਨੂੰ ਮੇਰੇ ਸਾਮ੍ਹਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ।
18. ਯਹੂਦੀ ਖਢ਼ੇ ਹੋਏ ਅਤੇ ਉਸਤੇ ਇਲਜ਼ਾਮ ਲਾਏ। ਪਰ ਉਨ੍ਹਾਂ ਨੇ ਉਸ ਉੱਤੇ ਅਜਿਹੇ ਕੋਈ ਅਪਰਾਧ ਨਹੀਂ ਲਾਏ ਜੋ ਮੈਂ ਸੋਚੇ ਸਨ।
19. ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ।
20. ਮੈਨੂੰ ਇਨ੍ਹਾਂ ਗੱਲਾਂ ਬਾਰੇ ਬਹੁਤਾ ਪਤਾ ਨਹੀਂ ਸੀ ਇਸ ਲਈ ਮੈਂ ਜ਼ਿਆਦਾ ਸਵਾਲ ਨਾ ਕੀਤੇ ਪਰ ਮੈਂ ਪੌਲੁਸ ਨੂੰ ਪੁੱਛਿਆ, ‘ਕੀ ਤੂੰ ਯਰੂਸ਼ਲਮ ਜਾਕੇ ਉਥੇ ਨਿਆਂ ਪਾਉਣਾ ਚਾਹੁੰਦਾ ਹੈ?’
21. ਪਰ ਪੌਲੁਸ ਨੇ ਚਾਹਿਆ ਕਿ ਉਸਨੂੰ ਕੈਸਰਿਯਾ ਵਿੱਚ ਹੀ ਰੱਖਿਆ ਜਾਵੇ। ਉਸਨੇ ਕੈਸਰ ਨੂੰ ਬੇਨਤੀ ਕੀਤੀ। ਸੋ ਮੈਂ ਹੁਕਮ ਦਿੱਤਾ ਕਿ ਪੌਲੁਸ ਨੂੰ ਉਦੋਂ ਤੱਕ ਨਜ਼ਰਬੰਦ ਰਖੋ ਜਦੋਂ ਤੱਕ ਮੈਂ ਉਸਨੂੰ ਰੋਮ ਵਿੱਚ ਕੈਸਰ ਕੋਲ ਨਾ ਭੇਜ ਦੇਵਾਂ।”
22. ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਨੂੰ ਸੁਨਣਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਕੱਲ ਤੂੰ ਉਸਨੂੰ ਸੁਣ ਸਕਦਾ ਹੈਂ।”
23. ਅਗਲੇ ਦਿਨ ਅਗ੍ਰਿਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ। ਉਹ ਦੋਨੋਂ ਅਤੇ ਸੈਨਾ ਦੇ ਮੁਖੀ ਅਤੇ ਖਾਸ-ਖਾਸ ਕੈਸਰਿਯਾ ਦੇ ਮਨੁੱਖ ਸਾਰੇ ਕਚਿਹਰੀ ਵਿੱਚ ਜਾ ਵਡ਼ੇ। ਫ਼ੇਸਤੁਸ ਨੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ।
24. ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇਥੇ ਸਾਡੇ ਨਾਲ ਇਕਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸਨੂੰ ਹੋਰ ਵਧੇਰੇ ਨਹੀਂ ਜਿਉਣਾ ਚਾਹੀਦਾ।
25. ਪਰ ਮੈਂ ਇਸਦੇ ਕਿਸੇ ਵੀ ਅਮਲ ਨੂੰ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਣ ਵਾਸਤੇ ਦੋਸ਼ੀ ਨਹੀਂ ਪਾਇਆ। ਪਰ ਉਸਨੇ ਖੁਦ ਕੈਸਰ ਨੂੰ ਬੇਨਤੀ ਕੀਤੀ, ਇਸ ਲਈ ਮੈਂ ਉਸਨੂੰ ਰੋਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ।
26. ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸਨੂੰ ਤੁਹਾਡੇ ਸਭ ਦੇ ਸਾਮ੍ਹਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਮ੍ਹਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸਕਾਂ।
27. ਮੈਂ ਸੋਚਦਾ ਹਾਂ ਕਿ ਇੱਕ ਕੈਦੀ ਤੇ ਦੋਸ਼ ਲਾਏ ਬਿਨਾ ਉਸਨੂੰ ਰੋਮ ਭੇਜਣਾ ਮੂਰਖਤਾ ਹੋਵੇਗੀ।”
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×