Bible Books

:

1. ਜਦ ਅਬਰਾਮ ਨੜਿੰਨਵੇਂ ਸਾਲ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਤੇ ਸੰਪੂਰਨ ਹੋ।
2. ਮੈਂ ਆਪਣਾ ਨੇਮ ਆਪਣੇ ਅਤੇ ਤੇਰੇ ਵਿੱਚ ਬੰਨ੍ਹਾਂਗਾ ਅਤੇ ਮੈਂ ਤੈਨੂੰ ਹੱਦੋਂ ਬਾਹਲਾ ਵਧਾਵਾਂਗਾ।
3. ਤਦ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਤੇ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ
4. ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ।
5. ਤੇਰਾ ਨਾਮ ਫੇਰ ਅਬਰਾਮ * ਵੱਡਾ ਬਜ਼ੁਰਗ ਨਹੀਂ ਸੱਦਿਆ ਜਾਵੇਗਾ, ਪਰ ਤੇਰਾ ਨਾਮ ਅਬਰਾਹਾਮ ਬਹੁਤਿਆਂ ਦਾ ਬਜ਼ੁਰਗ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ।
6. ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ, ਮੈਂ ਤੈਥੋਂ ਕੌਮਾਂ ਬਣਾਵਾਂਗਾ ਅਤੇ ਤੇਰੀ ਪੀੜ੍ਹੀ ਤੋਂ ਰਾਜੇ ਨਿੱਕਲਣਗੇ।
7. ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਮੈਂ ਤੇਰਾ ਅਤੇ ਤੇਰੇ ਬਾਅਦ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ।
8. ਮੈਂ ਤੈਨੂੰ ਅਤੇ ਤੇਰੇ ਬਾਅਦ ਤੇਰੇ ਵੰਸ਼ ਨੂੰ ਵੀ ਇਹ ਸਾਰਾ ਕਨਾਨ ਦੇਸ਼ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈ, ਸਦਾ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
9. ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਤੂੰ ਮੇਰੇ ਨੇਮ ਦੀ ਪਾਲਣਾ ਕਰ, ਤੂੰ ਅਤੇ ਤੇਰੇ ਬਾਅਦ ਤੇਰੀ ਅੰਸ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇਸ ਨੇਮ ਦੀ ਪਾਲਣਾ ਕਰਨ।
10. ਮੇਰਾ ਇਹ ਨੇਮ, ਜਿਸ ਦੀ ਪਾਲਣਾ ਤੈਨੂੰ ਅਤੇ ਤੇਰੇ ਬਾਅਦ ਅੰਸ ਨੂੰ ਕਰਨੀ ਹੈ, ਉਹ ਇਹ ਹੈ: ਤੁਹਾਡੇ ਵਿੱਚੋਂ ਹਰ ਇੱਕ ਪੁਰਖ ਦੀ ਸੁੰਨਤ ਕੀਤੀ ਜਾਵੇ।
11. ਤੁਸੀਂ ਆਪਣੇ ਬਦਨ ਦੀ ਖੱਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ।
12. ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ, ਭਾਵੇਂ ਉਹ ਤੇਰੇ ਘਰਾਣੇ ਦਾ ਹੋਵੇ, ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਮੁੱਲ ਲਿਆ ਹੋਵੇ।
13. ਜੋ ਤੇਰੇ ਘਰਾਣੇ ਵਿੱਚ ਪੈਦਾ ਹੋਵੇ ਅਤੇ ਚਾਂਦੀ ਨਾਲ ਮੁੱਲ ਲਏ ਹੋਣ, ਉਨ੍ਹਾਂ ਦੀ ਸੁੰਨਤ ਜ਼ਰੂਰ ਕੀਤੀ ਜਾਵੇ। ਇਸ ਤਰ੍ਹਾਂ ਮੇਰਾ ਨੇਮ ਜਿਸ ਦਾ ਨਿਸ਼ਾਨ ਤੁਹਾਡੇ ਸਰੀਰ ਵਿੱਚ ਹੋਵੇਗਾ ਉਹ ਇੱਕ ਅਨੰਤ ਨੇਮ ਹੋਵੇਗਾ।
14. ਪਰ ਜੋ ਪੁਰਖ ਬੇਸੁੰਨਤਾ ਰਹੇ ਅਤੇ ਜਿਸ ਦੀ ਖੱਲੜੀ ਦੀ ਸੁੰਨਤ ਨਾ ਕੀਤੀ ਗਈ ਹੋਵੇ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ ਕਿਉਂ ਜੋ ਉਸ ਨੇ ਮੇਰੇ ਨੇਮ ਨੂੰ ਤੋੜਿਆ ਹੈ।
15. ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਮੇਰੀ ਰਾਣੀ ਜੋ ਤੇਰੀ ਪਤਨੀ ਹੈ, ਤੂੰ ਉਸ ਨੂੰ ਸਾਰਈ ਨਾ ਆਖੀਂ ਸਗੋਂ ਹੁਣ ਤੋਂ ਉਸ ਦਾ ਨਾਮ ਸਾਰਾਹ § ਰਾਣੀ ਹੋਵੇਗਾ।
16. ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਮੈਂ ਤੈਨੂੰ ਇੱਕ ਪੁੱਤਰ ਵੀ ਦਿਆਂਗਾ। ਮੈਂ ਉਹ ਨੂੰ ਅਜਿਹੀ ਅਸੀਸ ਦਿਆਂਗਾ ਕਿ ਉਹ ਕੌਮਾਂ ਦੀ ਮਾਤਾ ਹੋਵੇਗੀ, ਕੌਮਾਂ ਦੇ ਰਾਜੇ ਉਸ ਤੋਂ ਪੈਦਾ ਹੋਣਗੇ।
17. ਤਦ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਅਤੇ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਸਾਲ ਦੇ ਪੁਰਖ ਤੋਂ ਪੁੱਤਰ ਹੋਵੇਗਾ? ਅਤੇ ਕੀ ਸਾਰਾਹ ਜੋ ਨੱਬੇ ਸਾਲਾਂ ਦੀ ਹੈ, ਪੁੱਤਰ ਜਣੇਗੀ?
18. ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਨਜ਼ਰ ਵਿੱਚ ਬਣਿਆ ਰਹੇ, ਇਹ ਹੀ ਬਹੁਤ ਹੈ।
19. ਪਰ ਪਰਮੇਸ਼ੁਰ ਨੇ ਆਖਿਆ, ਤੇਰੀ ਪਤਨੀ ਸਾਰਾਹ ਜ਼ਰੂਰ ਤੇਰੇ ਲਈ ਇੱਕ ਪੁੱਤਰ ਜਣੇਗੀ, ਤੂੰ ਉਹ ਦਾ ਨਾਮ ਇਸਹਾਕ ਰੱਖੀਂ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਤੇ ਉਹ ਦੇ ਬਾਅਦ ਉਹ ਦੀ ਅੰਸ ਨਾਲ, ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ।
20. ਇਸਮਾਏਲ ਦੇ ਲਈ ਵੀ ਮੈਂ ਤੇਰੀ ਸੁਣੀ ਹੈ। ਵੇਖ, ਮੈਂ ਉਹ ਨੂੰ ਅਸੀਸ ਦਿੱਤੀ ਹੈ ਅਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਤੇ ਹੱਦੋਂ ਬਾਹਲਾ ਵਧਾਵਾਂਗਾ। ਉਸ ਤੋਂ ਬਾਰਾਂ ਪ੍ਰਧਾਨ ਜੰਮਣਗੇ ਅਤੇ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ।
21. ਪਰ ਮੈਂ ਆਪਣਾ ਨੇਮ ਇਸਹਾਕ ਨਾਲ ਹੀ ਕਾਇਮ ਕਰਾਂਗਾ, ਜਿਸ ਨੂੰ ਸਾਰਾਹ ਆਉਣ ਵਾਲੇ ਸਾਲ ਵਿੱਚ ਇਸੇ ਸਮੇਂ ਤੇਰੇ ਲਈ ਜਣੇਗੀ।
22. ਜਦ ਪਰਮੇਸ਼ੁਰ ਅਬਰਾਹਾਮ ਨਾਲ ਗੱਲਾਂ ਕਰ ਹਟਿਆ, ਤਦ ਪਰਮੇਸ਼ੁਰ ਅਬਰਾਹਾਮ ਕੋਲੋਂ ਉਤਾਹਾਂ ਚਲਾ ਗਿਆ।
23. ਤਦ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ, ਆਪਣੇ ਘਰਾਣੇ ਵਿੱਚ ਜੰਮਿਆ ਹੋਇਆਂ ਨੂੰ, ਜਿੰਨ੍ਹੇ ਉਸ ਨੇ ਆਪਣੀ ਚਾਂਦੀ ਨਾਲ ਮੁੱਲ ਲਏ ਸਨ ਅਰਥਾਤ ਉਸ ਦੇ ਘਰ ਵਿੱਚ ਜਿੰਨ੍ਹੇ ਪੁਰਖ ਸਨ ਉਨ੍ਹਾਂ ਸਾਰਿਆਂ ਨੂੰ ਲੈ ਕੇ ਉਸੇ ਦਿਨ ਉਨ੍ਹਾਂ ਦੀ ਖੱਲੜੀ ਦੀ ਸੁੰਨਤ ਕਰਾਈ, ਜਿਵੇਂ ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ ਸੀ।
24. ਜਦ ਅਬਰਾਹਾਮ ਦੀ ਖੱਲੜੀ ਦੀ ਸੁੰਨਤ ਕੀਤੀ ਗਈ ਤਦ ਅਬਰਾਹਾਮ ਨੜਿੰਨਵੇਂ ਸਾਲ ਦਾ ਸੀ,
25. ਅਤੇ ਇਸਮਾਏਲ ਤੇਰ੍ਹਾਂ ਸਾਲਾਂ ਦਾ ਸੀ, ਜਦ ਉਸ ਦੀ ਖੱਲੜੀ ਦੀ ਸੁੰਨਤ ਕੀਤੀ ਗਈ।
26. ਅਬਰਾਹਾਮ ਤੇ ਉਹ ਦੇ ਪੁੱਤਰ ਇਸਮਾਏਲ ਦੀ ਸੁੰਨਤ ਇੱਕੋ ਦਿਨ ਹੋਈ।
27. ਅਤੇ ਉਹ ਦੇ ਘਰ ਦੇ ਸਾਰੇ ਪੁਰਖਾਂ ਦੀ ਭਾਵੇਂ ਉਹ ਉਸ ਦੇ ਘਰਾਣੇ ਵਿੱਚ ਜੰਮੇ ਸਨ, ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇ ਕੇ ਮੁੱਲ ਲਏ ਹੋਏ ਸਨ, ਸਾਰਿਆਂ ਦੀ ਸੁੰਨਤ ਉਸ ਦੇ ਨਾਲ ਹੀ ਕੀਤੀ ਗਈ। PE
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×