Bible Books

:

1. {ਪ੍ਰਭੂ ਯਹੋਵਾਹ ਹੀ ਇੱਕਮਾਤਰ ਪਰਮੇਸ਼ੁਰ} PS ਹੁਣ ਹੇ ਯਾਕੂਬ ਮੇਰੇ ਦਾਸ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ!
2. ਯਹੋਵਾਹ ਜਿਸ ਨੇ ਤੈਨੂੰ ਬਣਾਇਆ, ਤੈਨੂੰ ਕੁੱਖ ਤੋਂ ਹੀ ਸਿਰਜਿਆ ਅਤੇ ਜੋ ਤੇਰੀ ਸਹਾਇਤਾ ਕਰੇਗਾ, ਉਹ ਆਖਦਾ ਹੈ, ਨਾ ਡਰ, ਹੇ ਯਾਕੂਬ ਮੇਰੇ ਦਾਸ, ਅਤੇ ਯਸ਼ੁਰੂਨ ਜਿਸ ਨੂੰ ਮੈਂ ਚੁਣਿਆ ਹੈ।
3. ਮੈਂ ਤਾਂ ਤਿਹਾਈ ਜ਼ਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੂਮੀ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ।
4. ਉਹ ਘਾਹ ਦੇ ਵਿੱਚ ਉਪਜਣਗੇ, ਜਿਵੇਂ ਵਗਦੇ ਪਾਣੀਆਂ ਉੱਤੇ ਬੈਂਤਾਂ।
5. ਕੋਈ ਆਖੇਗਾ, “ਮੈਂ ਯਹੋਵਾਹ ਦਾ ਹਾਂ,” ਕੋਈ ਆਪਣੇ ਆਪ ਨੂੰ ਯਾਕੂਬ ਦੇ ਨਾਮ ਤੋਂ ਸਦਾਵੇਗਾ, ਕੋਈ ਆਪਣੇ ਹੱਥ ਉੱਤੇ ਲਿਖੇਗਾ, “ਯਹੋਵਾਹ ਦਾ,” ਅਤੇ ਆਪ ਨੂੰ ਇਸਰਾਏਲ ਦੇ ਨਾਮ ਦੀ ਪਦਵੀ ਦੇਵੇਗਾ। PEPS
6. ਯਹੋਵਾਹ ਇਸਰਾਏਲ ਦਾ ਰਾਜਾ ਅਤੇ ਉਹ ਦਾ ਛੁਡਾਉਣ ਵਾਲਾ, ਸੈਨਾਂ ਦਾ ਯਹੋਵਾਹ, ਇਹ ਫ਼ਰਮਾਉਂਦਾ ਹੈ, ਮੈਂ ਆਦ ਹਾਂ ਅਤੇ ਮੈਂ ਅੰਤ ਹਾਂ, ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ।
7. ਮੇਰੇ ਵਰਗਾ ਕੌਣ ਹੈ, ਜੋ ਇਸ ਦਾ ਪਰਚਾਰ ਕਰੇਗਾ? ਉਹ ਇਸ ਦੀ ਘੋਸ਼ਣਾ ਕਰੇ ਅਤੇ ਮੇਰੇ ਸਾਹਮਣੇ ਦੱਸੇ ਕਿ ਜਿਸ ਸਮੇਂ ਤੋਂ ਮੈਂ ਆਪਣੀ ਸਨਾਤਨ ਪਰਜਾ ਨੂੰ ਕਾਇਮ ਕੀਤਾ ਉਸ ਸਮੇਂ ਕੀ ਹੋਇਆ ਅਤੇ ਆਉਣ ਵਾਲੀਆਂ ਗੱਲਾਂ ਦੱਸੇ - ਹਾਂ ਉਹ ਦੱਸੇ ਜੋ ਕੀ ਹੋਵੇਗਾ।
8. ਭੈਅ ਨਾ ਖਾਓ, ਨਾ ਡਰੋ, ਕੀ ਮੈਂ ਮੁੱਢ ਤੋਂ ਤੈਨੂੰ ਨਹੀਂ ਸੁਣਾਇਆ ਅਤੇ ਦੱਸਿਆ? ਤੁਸੀਂ ਮੇਰੇ ਗਵਾਹ ਹੋ। ਕੀ ਮੇਰੇ ਬਿਨ੍ਹਾਂ ਕੋਈ ਹੋਰ ਪਰਮੇਸ਼ੁਰ ਹੈ? ਕੋਈ ਹੋਰ ਚੱਟਾਨ ਨਹੀਂ, ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ। PS
9. {ਮੂਰਤੀ ਪੂਜਾ ਮੂਰਖਤਾ ਹੈ} PS ਬੁੱਤਾਂ ਦੇ ਘੜਨ ਵਾਲੇ ਸਾਰੇ ਵਿਅਰਥ ਹਨ, ਉਹਨਾਂ ਦੀਆਂ ਮਨ ਭਾਉਂਦੀਆਂ ਰੀਝਾਂ ਲਾਭਦਾਇਕ ਨਹੀਂ, ਉਹਨਾਂ ਦੇ ਗਵਾਹ ਨਾ ਵੇਖਦੇ ਨਾ ਜਾਣਦੇ ਹਨ, ਇਸ ਲਈ ਉਹ ਸ਼ਰਮਿੰਦੇ ਹੋਣਗੇ।
10. ਕਿਸ ਨੇ ਦੇਵਤਾ ਘੜਿਆ ਜਾਂ ਬੁੱਤ ਢਾਲਿਆ, ਜਿਸ ਤੋਂ ਕੋਈ ਲਾਭ ਨਹੀਂ?
11. ਵੇਖੋ, ਉਹ ਦੇ ਸਾਰੇ ਸਾਥੀ ਸ਼ਰਮਿੰਦੇ ਹੋਣਗੇ, ਇਹ ਕਾਰੀਗਰ ਮਨੁੱਖ ਹੀ ਹਨ! ਇਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ, ਉਹ ਭੈਅ ਖਾਣਗੇ, ਉਹ ਇਕੱਠੇ ਸ਼ਰਮਿੰਦੇ ਹੋਣਗੇ।
12. ਲੁਹਾਰ ਆਪਣਾ ਸੰਦ ਤਿੱਖਾ ਕਰਦਾ ਹੈ, ਉਹ ਕੋਲਿਆਂ ਨਾਲ ਕੰਮ ਕਰਦਾ, ਅਤੇ ਹਥੌੜਿਆਂ ਨਾਲ ਉਹ ਨੂੰ ਘੜ੍ਹਦਾ, ਉਹ ਆਪਣੀ ਬਲਵੰਤ ਬਾਂਹ ਨਾਲ ਉਹ ਨੂੰ ਬਣਾਉਂਦਾ ਹੈ, ਪਰ ਉਹ ਭੁੱਖਾ ਹੋ ਜਾਂਦਾ ਅਤੇ ਉਹ ਦਾ ਬਲ ਘੱਟ ਜਾਂਦਾ ਹੈ, ਉਹ ਪਾਣੀ ਨਹੀਂ ਪੀਂਦਾ ਅਤੇ ਥੱਕ ਜਾਂਦਾ ਹੈ।
13. ਤਰਖਾਣ ਸੂਤ ਤਾਣਦਾ ਹੈ, ਉਹ ਕਲਮ ਨਾਲ ਉਸ ਉੱਤੇ ਨਿਸ਼ਾਨ ਲਾਉਂਦਾ ਹੈ, ਉਹ ਉਸ ਨੂੰ ਰੰਦਿਆਂ ਨਾਲ ਬਣਾਉਂਦਾ, ਅਤੇ ਪਰਕਾਰ ਨਾਲ ਉਸ ਦੇ ਨਿਸ਼ਾਨ ਲਾਉਂਦਾ, ਉਹ ਉਸ ਨੂੰ ਮਨੁੱਖ ਦੇ ਰੂਪ ਵਿੱਚ ਆਦਮੀ ਦੇ ਸੁਹੱਪਣ ਵਾਂਗੂੰ, ਮੰਦਰ ਵਿੱਚ ਬਿਰਾਜਮਾਨ ਹੋਣ ਲਈ ਬਣਾਉਂਦਾ ਹੈ!
14. ਉਹ ਆਪਣੇ ਲਈ ਦਿਆਰ ਵੱਢਦਾ ਹੈ, ਉਹ ਸਰੂ ਜਾਂ ਬਲੂਤ ਲੈਂਦਾ ਹੈ, ਅਤੇ ਉਹਨਾਂ ਨੂੰ ਜੰਗਲ ਦੇ ਰੁੱਖਾਂ ਵਿੱਚ ਵਧਣ ਦਿੰਦਾ ਹੈ, ਉਹ ਚੀਲ ਦਾ ਰੁੱਖ ਲਾਉਂਦਾ ਅਤੇ ਮੀਂਹ ਉਹ ਨੂੰ ਵਧਾਉਂਦਾ ਹੈ।
15. ਤਦ ਉਹ ਮਨੁੱਖ ਦੇ ਬਾਲਣ ਲਈ ਹੋ ਜਾਂਦਾ ਹੈ, ਉਹ ਉਸ ਦੇ ਵਿੱਚੋਂ ਲੈ ਕੇ ਅੱਗ ਸੇਕਦਾ ਹੈ, ਸਗੋਂ ਉਸ ਨੂੰ ਬਾਲ ਕੇ ਰੋਟੀ ਪਕਾਉਂਦਾ ਹੈ, ਪਰ, ਉਸੇ ਵਿੱਚੋਂ ਉਹ ਇੱਕ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਮੱਥਾ ਟੇਕਦਾ ਹੈ! ਉਹ ਬੁੱਤ ਬਣਾਉਂਦਾ ਹੈ, ਅਤੇ ਉਹ ਉਸ ਦੇ ਅੱਗੇ ਮੱਥਾ ਰਗੜਦਾ ਹੈ!
16. ਇੱਕ ਹਿੱਸੇ ਦੀ ਉਹ ਅੱਗ ਬਾਲਦਾ ਹੈ, ਇੱਕ ਹਿੱਸੇ ਉੱਤੇ ਉਹ ਕਬਾਬ ਭੁੰਨ ਕੇ ਮਾਸ ਖਾਂਦਾ ਹੈ ਅਤੇ ਰੱਜ ਜਾਂਦਾ ਹੈ, ਨਾਲੇ ਉਹ ਸੇਕਦਾ ਅਤੇ ਆਖਦਾ ਹੈ, ਆਹਾ! ਮੈਂ ਗਰਮ ਹੋ ਗਿਆ, ਮੈਂ ਅੱਗ ਵੇਖੀ।
17. ਉਸੇ ਦਾ ਬਚਿਆ ਹੋਇਆ ਟੁੱਕੜਾ ਲੈ ਕੇ ਉਹ ਇੱਕ ਦੇਵਤਾ, ਇੱਕ ਬੁੱਤ ਬਣਾਉਂਦਾ ਹੈ, ਅਤੇ ਉਹ ਦੇ ਅੱਗੇ ਮੱਥਾ ਟੇਕਦਾ ਸਗੋਂ ਮੱਥਾ ਰਗੜਦਾ ਹੈ, ਅਤੇ ਉਸ ਤੋਂ ਪ੍ਰਾਰਥਨਾ ਕਰਦਾ ਅਤੇ ਆਖਦਾ ਹੈ, ਮੈਨੂੰ ਛੁਡਾ, ਕਿਉਂ ਜੋ ਤੂੰ ਮੇਰਾ ਦੇਵਤਾ ਹੈਂ!
18. ਉਹ ਨਹੀਂ ਜਾਣਦੇ, ਉਹ ਨਹੀਂ ਸਮਝਦੇ, ਕਿਉਂ ਜੋ ਉਸ ਨੇ ਉਹਨਾਂ ਦੀਆਂ ਅੱਖਾਂ ਨੂੰ ਵੇਖਣ ਤੋਂ ਅਤੇ ਉਹਨਾਂ ਦਿਆਂ ਮਨਾਂ ਨੂੰ ਸਮਝਣ ਤੋਂ ਬੰਦ ਕਰ ਦਿੱਤਾ ਹੈ।
19. ਕੋਈ ਉਸ ਉੱਤੇ ਧਿਆਨ ਨਹੀਂ ਦਿੰਦਾ, ਨਾ ਕਿਸੇ ਨੂੰ ਗਿਆਨ ਹੈ, ਨਾ ਸਮਝ, ਕਿ ਉਹ ਆਖੇ, ਉਸ ਦਾ ਇੱਕ ਹਿੱਸਾ ਮੈਂ ਅੱਗ ਵਿੱਚ ਬਾਲ ਲਿਆ, ਹਾਂ, ਮੈਂ ਉਸ ਦੇ ਕੋਲਿਆਂ ਉੱਤੇ ਰੋਟੀ ਪਕਾਈ, ਮੈਂ ਮਾਸ ਭੁੰਨ ਕੇ ਖਾਧਾ, ਭਲਾ, ਮੈਂ ਉਸ ਦੇ ਬਚੇ ਹੋਏ ਟੁੱਕੜੇ ਤੋਂ ਇੱਕ ਘਿਣਾਉਣੀ ਚੀਜ਼ ਬਣਾਵਾਂ? ਕੀ ਮੈਂ ਲੱਕੜ ਦੇ ਟੁੰਡ ਅੱਗੇ ਮੱਥਾ ਰਗੜਾਂ?
20. ਉਹ ਸੁਆਹ ਖਾਂਦਾ ਹੈ, ਇੱਕ ਛਲੀਏ ਦਿਲ ਨੇ ਉਹ ਨੂੰ ਕੁਰਾਹੇ ਪਾਇਆ, ਉਹ ਆਪਣੀ ਜਾਨ ਨੂੰ ਛੁਡਾ ਨਹੀਂ ਸਕਦਾ, ਨਾ ਕਹਿ ਸਕਦਾ ਹੈ, ਕੀ ਮੇਰੇ ਸੱਜੇ ਹੱਥ ਵਿੱਚ ਇਹ ਚੀਜ਼ ਝੂਠ ਨਹੀਂ? PS
21. {ਜਗਤ ਦਾ ਸਿਰਜਣਹਾਰ ਅਤੇ ਮੁਕਤੀਦਾਤਾ} PS ਹੇ ਯਾਕੂਬ, ਇਹਨਾਂ ਗੱਲਾਂ ਨੂੰ ਯਾਦ ਰੱਖ, ਅਤੇ ਤੂੰ ਵੀ ਹੇ ਇਸਰਾਏਲ, ਤੂੰ ਮੇਰਾ ਦਾਸ ਜੋ ਹੈਂ, ਮੈਂ ਤੈਨੂੰ ਸਿਰਜਿਆ, ਤੂੰ ਮੇਰਾ ਦਾਸ ਹੈਂ, ਹੇ ਇਸਰਾਏਲ, ਮੈਂ ਤੈਨੂੰ ਨਾ ਵਿਸਾਰਾਂਗਾ।
22. ਮੈਂ ਤੇਰੇ ਅਪਰਾਧਾਂ ਨੂੰ ਘਟਾ ਵਾਂਗੂੰ, ਅਤੇ ਤੇਰੇ ਪਾਪਾਂ ਨੂੰ ਬੱਦਲ ਵਾਂਗੂੰ ਮਿਟਾ ਦਿੱਤਾ, ਮੇਰੀ ਵੱਲ ਮੁੜ ਆ, ਕਿਉਂ ਜੋ ਮੈਂ ਤੇਰਾ ਨਿਸਤਾਰਾ ਕੀਤਾ ਹੈ। PEPS
23. ਹੇ ਅਕਾਸ਼ੋ, ਜੈਕਾਰਾ ਗਜਾਓ, ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ, ਹੇ ਧਰਤੀ ਦੇ ਹੇਠਲੇ ਸਥਾਨੋਂ, ਲਲਕਾਰੋ, ਪਰਬਤ ਖੁੱਲ੍ਹ ਕੇ ਜੈ-ਜੈਕਾਰ ਕਰਨ, ਜੰਗਲ ਅਤੇ ਉਹ ਦੇ ਸਾਰੇ ਰੁੱਖ, ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਇਸਰਾਏਲ ਵਿੱਚ ਆਪਣੀ ਸੁੰਦਰਤਾ ਪਰਗਟ ਕਰੇਗਾ। PEPS
24. ਯਹੋਵਾਹ ਤੇਰਾ ਛੁਡਾਉਣ ਵਾਲਾ, ਜਿਸ ਨੇ ਤੈਨੂੰ ਕੁੱਖ ਵਿੱਚ ਸਿਰਜਿਆ ਇਹ ਆਖਦਾ ਹੈ, ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ, ਮੈਂ ਇਕੱਲਾ ਅਕਾਸ਼ਾਂ ਦਾ ਤਾਣਨ ਵਾਲਾ ਹਾਂ, ਅਤੇ ਮੈਂ ਆਪ ਹੀ ਧਰਤੀ ਦਾ ਵਿਛਾਉਣ ਵਾਲਾ ਹਾਂ।
25. ਮੈਂ ਝੂਠੇ ਨਬੀਆਂ ਦੇ ਨਿਸ਼ਾਨ ਵਿਅਰਥ ਕਰਦਾ ਹਾਂ, ਅਤੇ ਭਵਿੱਖ ਦੱਸਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ, ਮੈਂ ਸਿਆਣਿਆਂ ਨੂੰ ਪਿੱਛੇ ਹਟਾਉਂਦਾ, ਅਤੇ ਉਹਨਾਂ ਦਾ ਗਿਆਨ ਬੇਵਕੂਫ਼ੀ ਬਣਾ ਦਿੰਦਾ ਹਾਂ।
26. ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਯੋਜਨਾ ਪੂਰੀ ਕਰਦਾ ਹਾਂ, ਮੈਂ ਯਰੂਸ਼ਲਮ ਦੇ ਵਿਖੇ ਆਖਦਾ ਹਾਂ, ਉਹ ਆਬਾਦ ਹੋ ਜਾਵੇਗਾ, ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ, ਉਹ ਉਸਾਰੇ ਜਾਣਗੇ ਅਤੇ ਮੈਂ ਉਨ੍ਹਾਂ ਦੇ ਖੰਡਰਾਂ ਨੂੰ ਖੜ੍ਹਾ ਕਰਾਂਗਾ, -
27. ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ।
28. ਮੈਂ ਜੋ ਕੋਰਸ਼ ਵਿਖੇ ਆਖਦਾ ਹਾਂ, ਉਹ ਮੇਰਾ ਠਹਿਰਾਇਆ ਹੋਇਆ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਨੂੰ ਪੂਰੀ ਕਰੇਗਾ, ਉਹ ਯਰੂਸ਼ਲਮ ਦੇ ਵਿਖੇ ਆਖੇਗਾ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ। PE
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×