Bible Books

:

1. {ਬੁੱਧ ਦੀ ਉਸਤਤ ਲਈ} PS ਭਲਾ, ਬੁੱਧ ਨਹੀਂ ਪੁਕਾਰਦੀ? ਭਲਾ, ਸਮਝ ਅਵਾਜ਼ ਨਹੀਂ ਮਾਰਦੀ?
2. ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।
3. ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ,
4. ਹੇ ਮਨੁੱਖੋ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸ਼ੀਆਂ ਲਈ ਮੇਰੀ ਅਵਾਜ਼ ਹੈ!
5. ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
6. ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ ਖਰੀਆਂ ਗੱਲਾਂ ਲਈ ਖੁੱਲਣਗੇ,
7. ਕਿਉਂ ਜੋ ਮੇਰੀ ਜੀਭ ਸੱਚੋ-ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ।
8. ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ।
9. ਸਮਝ ਵਾਲੇ, ਦੇ ਲਈ ਓਹ ਸੱਭੇ ਸਰਲ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
10. ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ,
11. ਕਿਉਂ ਜੋ ਬੁੱਧ ਹੀਰੇ ਮੋਤੀਆਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ।
12. ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ।
13. ਯਹੋਵਾਹ ਦਾ ਭੈਅ ਬੁਰਿਆਈ ਤੋਂ ਨਫ਼ਰਤ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ, ਪੁੱਠੀਆਂ ਸਿੱਧੀਆਂ ਗੱਲਾਂ ਨਾਲ ਵੀ ਮੈਂ ਵੈਰ ਰੱਖਦੀ ਹਾਂ।
14. ਮੱਤ ਅਤੇ ਸਿਆਣਪ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ।
15. ਰਾਜੇ ਮੇਰੀ ਸਹਾਇਤਾ ਨਾਲ ਰਾਜ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ।
16. ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤੇ ਅਤੇ ਸਾਰੇ ਨਿਆਈਂ ਵੀ।
17. ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ, ਅਤੇ ਜਿਹੜੇ ਮਨ ਨਾਲ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।
18. ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ।
19. ਮੇਰਾ ਫਲ ਸੋਨੇ ਸਗੋਂ ਚੋਖੇ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।
20. ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਂ ਦੇ ਰਾਹਾਂ ਦੇ ਵਿਚਕਾਰ ਤੁਰਦੀ ਹਾਂ,
21. ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂ ਅਤੇ ਉਨ੍ਹਾਂ ਦੇ ਖ਼ਜ਼ਾਨੇ ਭਰ ਦੇਵਾਂ।
22. ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
23. ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ, ਮੁੱਢੋਂ ਹੀ ਮੈਂ ਠਹਿਰਾਈ ਗਈ।
24. ਜਿਸ ਵੇਲੇ ਗਹਿਰੇ ਸਾਗਰ ਨਹੀਂ ਸਨ, ਜਦ ਵਗਦੇ ਸੋਤੇ ਨਹੀਂ ਸਨ, ਤਦ ਤੋਂ ਹੀ ਮੈਂ ਪੈਦਾ ਹੋਈ।
25. ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ ਮੈਂ ਪੈਦਾ ਹੋਈ।
26. ਜਦੋਂ ਪਰਮੇਸ਼ੁਰ ਨੇ ਨਾ ਹੀ ਧਰਤੀ, ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ, ਇਸ ਤੋਂ ਪਹਿਲਾਂ ਹੀ ਤੋਂ ਮੈਂ ਪੈਦਾ ਹੋਈ।
27. ਜਦ ਉਹ ਨੇ ਅਕਾਸ਼ ਸਥਿਰ ਕੀਤੇ, ਮੈਂ ਉੱਥੇ ਹੀ ਸੀ, ਜਦ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ।
28. ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਸਥਿਰ ਕੀਤਾ, ਅਤੇ ਡੂੰਘਿਆਈ ਦੇ ਚਸ਼ਮੇ ਬਣਾਏ,
29. ਜਦ ਉਹ ਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ, ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਅਤੇ ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
30. ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ, ਮੈਂ ਹਰ ਰੋਜ਼ ਉਸ ਦਾ ਅਨੰਦ ਸੀ, ਹਰ ਵੇਲੇ ਉਹ ਦੇ ਸਾਹਮਣੇ ਮਗਨ ਰਹਿੰਦੀ ਸੀ,
31. ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ, ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ।
32. ਸੋ ਹੁਣ, ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਹਨ।
33. ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਨੂੰ ਅਣਸੁਣੀ ਨਾ ਕਰੋ।
34. ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਕੋਲ ਤੱਕਦਾ ਰਹਿੰਦਾ ਹੈ।
35. ਜਿਹੜਾ ਮੈਨੂੰ ਪ੍ਰਾਪਤ ਕਰਦਾ ਹੈ, ਉਹ ਜੀਵਨ ਨੂੰ ਪ੍ਰਾਪਤ ਕਰਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।
36. ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਉਹ ਮੌਤ ਨਾਲ ਪ੍ਰੀਤ ਰੱਖਦੇ ਹਨ! PE
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×