Bible Versions
Bible Books

Proverbs 8 (PAV) Punjabi Old BSI Version

1 ਭਲਾ, ਬੁੱਧ ਨਹੀਂ ਪੁਕਾਰਦੀॽ ਭਲਾ, ਸਮਝ ਅਵਾਜ਼ ਨਹੀਂ ਮਾਰਦੀॽ
2 ਉਹ ਰਾਹ ਦੇ ਲਾਗੇ ਉੱਚੀਂ ਥਾਈਂ, ਅਤੇ ਚੌਰਾਹਿਆਂ ਵਿੱਚ ਖਲੋਂਦੀ ਹੈਂ।
3 ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ, -
4 ਹੇ ਮਨੁੱਖੋਂ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸੀਆਂ ਲਈ ਮੇਰੀ ਅਵਾਜ਼ ਹੈ!
5 ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
6 ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁਲ੍ਹਣਗੇ,
7 ਕਿਉਂ ਜੋ ਮੇਰੀ ਜੀਭ ਸੱਚੋ ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ।
8 ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ।
9 ਸਮਝ ਵਾਲੇ ਦੇ ਲਈ ਓਹ ਸੱਭੇ ਸਹਿਜ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
10 ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ,
11 ਕਿਉਂ ਜੋ ਬੁੱਧ ਲਾਲਾਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ।
12 ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲ ਕੇ ਕੱਢਦੀ ਹੈਂ।
13 ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ, ਘੁਮੰਡ, ਹੰਕਾਰ ਅਤੇ ਬੁਰੀ ਚਾਲ ਨਾਲ, ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦੀ ਹਾਂ।
14 ਮੱਤ ਅਤੇ ਦਨਾਈ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ।
15 ਪਾਤਸ਼ਾਹ ਮੇਰੀ ਸਹਾਇਤਾ ਨਾਲ ਪਾਤਸ਼ਾਹੀ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ।
16 ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤ ਅਤੇ ਸਾਰੇ ਨਿਆਈ ਵੀ।
17 ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ। ਅਤੇ ਜਿਹੜੇ ਮਨੋ ਲਾ ਕੇ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।।
18 ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ।
19 ਤੇਰਾ ਫ਼ਲ ਸੋਨੇ ਸਗੋਂ ਚੋਖੋ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ।
20 ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਉਂ ਦੇ ਪਹਿਆਂ ਦੇ ਵਿਚਕਾਰ ਤੁਰਦੀ ਹਾਂ।
21 ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਸ ਬਣਾਵਾਂ, ਅਤੇ ਉਨ੍ਹਾਂ ਦੇ ਖ਼ਜਾਨੇ ਭਰ ਦਿਆਂ।।
22 ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
23 ਆਦ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ, ਧਰਤੀ ਦੇ ਹੋਣ ਤੋਂ ਪਹਿਲਾਂ।
24 ਜਿਸ ਵੇਲੇ ਡੁੰਘਿਆਈਆਂ ਨਹੀਂ ਸਨ ਮੈਂ ਪੈਦਾ ਹੋਈ, ਜਦ ਵਗਦੇ ਸੋਤੇ ਨਹੀਂ ਸਨ।
25 ਪਹਾੜਾਂ ਦੇ ਰੱਖਣ ਤੋਂ ਪਹਿਲਾਂ, ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ।
26 ਜਦੋਂ ਉਹ ਨੇ ਨਾ ਧਰਤੀ ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ।
27 ਜਦ ਉਹ ਨੇ ਅਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ, - ਜਦ ਡੁੰਘਿਆਈ ਉੱਤੇ ਮੰਡਲ ਠਹਿਰਾਇਆ।
28 ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਇਸਥਿਰ ਕੀਤਾ, ਅਤੇ ਡੁੰਘਿਆਈ ਦੇ ਚਸ਼ਮੇ ਤਕੜੇ ਕੀਤੇ,
29 ਜਦ ਉਹ ਨੇ ਸਮੁੰਦਰ ਦੇ ਬੰਨੇ ਠਹਿਰਾਏ, ਭਈ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
30 ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦੀ ਤੇ ਸਦਾ ਉਹ ਦੇ ਅੱਗੇ ਖੇਡਦੀ ਰਹਿੰਦੀ,
31 ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਖੇਡਦੀ ਰਹਿੰਦੀ, ਅਤੇ ਆਦਮ ਵੰਸੀਆਂ ਨਾਲ ਪਰਸੰਨ ਹੁੰਦੀ ਸਾਂ।।
32 ਸੋ ਹੁਣ, ਹੇ ਮੇਰੇ ਪੁੱਤ੍ਰੋਂ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
33 ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਤੋਂ ਮੂੰਹ ਨਾ ਮੋੜੋ।
34 ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵੱਜਿਆਂ ਦੀਆਂ ਚੁਗਾਠਾਂ ਕੋਲ ਰਾਖੀ ਕਰਦਾ ਹੈ।
35 ਜਿਹੜਾ ਮੈਨੂੰ ਲੱਭਦਾ ਹੈ, ਉਹ ਜੀਉਣ ਲੱਭਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।
36 ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਓਹ ਮੌਤ ਨਾਲ ਪ੍ਰੀਤ ਲਾਉਂਦੇ ਹਨ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×