Bible Versions
Bible Books

1 Corinthians 14 (PAV) Punjabi Old BSI Version

1 ਪ੍ਰੇਮ ਦੇ ਮਗਰ ਲੱਗੋ ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ ਪਰ ਵਧਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ
2 ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਬੋਲਦਾ ਹੈ ਇਸ ਲਈ ਕਿ ਕੋਈ ਨਹੀਂ ਸਮਝਦਾ ਹੈ ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਕਰਦਾ ਹੈ
3 ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ
4 ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਕਲਿਸਿਯਾ ਨੂੰ ਲਾਭ ਦਿੰਦਾ ਹੈ
5 ਹੁਣ ਮੈਂ ਚਾਹੁੰਦਾ ਹਾਂ ਜੋ ਤੁਸੀਂ ਸੱਭੇ ਪਰਾਈਆਂ ਭਾਖਿਆਂ ਬੋਲੋ ਪਰ ਇਸ ਤੋਂ ਵਧੀਕ ਇਹ, ਜੋ ਤੁਸੀਂ ਅਗੰਮ ਵਾਕ ਕਰੋ। ਜਿਹੜਾ ਪਰਾਈਆਂ ਭਾਖਿਆਂ ਬੋਲਣ ਵਾਲਾ ਹੈ ਜੇਕਰ ਉਹ ਅਰਥ ਨਾ ਕਰੇ ਜਿਸ ਤੋਂ ਕਲੀਸਿਯਾ ਲਾਭ ਉਠਾਵੇ ਤਾਂ ਅਗੰਮ ਵਾਕ ਕਰਨ ਵਾਲਾ ਉਸ ਨਾਲੋਂ ਉੱਤਮ ਹੈ
6 ਪਰ ਹੁਣ ਭਰਾਵੋ, ਜੇ ਮੈਂ ਪਰਾਈਆਂ ਭਾਖਿਆ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ ਅਤੇ ਪਰਕਾਸ਼ ਯਾਂ ਗਿਆਨ ਯਾਂ ਅਗੰਮ ਵਾਕ ਯਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾਂ ਤਾਂ ਮੈਥੋਂ ਤੁਹਾਨੂੰ ਕੀ ਲਾਭ ਹੋਵੇਗਾ?
7 ਬੇ ਜਾਨ ਵਸਤਾਂ ਭੀ ਜਿਹੜੀਆਂ ਅਵਾਜ਼ ਦਿੰਦੀਆਂ ਹਨ ਭਾਵੇਂ ਵੰਝਲੀ ਭਾਵੇਂ ਰਬਾਬ ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕੀ ਪਤਾ ਲੱਗੇ ਜੋ ਕੀ ਫੂਕਿਆ ਅਥਵਾ ਵਜਾਇਆ ਜਾਂਦਾ ਹੈ?
8 ਜੇ ਤੁਰ੍ਹੀ ਬੇ ਠਿਕਾਣੇ ਅਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨੇਗਾ
9 ਇਸੇ ਤਰ੍ਹਾਂ ਤੁਸੀਂ ਵੀ ਜੇ ਸਿੱਧੀ ਗੱਲ ਆਪਣੀ ਜੁਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇ ਜੋ ਕੀ ਬੋਲਿਆ ਜਾਂਦਾ ਹੈ? ਤੁਸੀਂ ਪੌਣ ਨਾਲ ਗੱਲਾਂ ਕਰਨ ਵਾਲੇ ਹੋਵੇਗੇ
10 ਕੀ ਜਾਣੀਏ ਜੋ ਸੰਸਾਰ ਵਿੱਚ ਕਿੰਨੇ ਪਰਕਾਰ ਦੀਆਂ ਬੋਲੀਆਂ ਹਨ ਅਤੇ ਕੋਈ ਵਿਅਰਥ ਨਹੀਂ ਹੈ
11 ਉਪਰੰਤ ਜੇ ਉਹ ਬੋਲੀ ਮੇਰੀ ਸਮਝ ਵਿੱਚ ਨਾ ਆਉਂਦੀ ਹੋਵੇ ਤਾਂ ਮੈਂ ਬੋਲਣ ਵਾਲੇ ਦੇ ਭਾਣੇ ਓਭੜ ਬਣਾਂਗਾ ਅਤੇ ਬੋਲਣ ਵਾਲਾ ਮੇਰੇ ਭਾਣੇ ਓਭੜ ਬਣੇਗਾ
12 ਇਸੇ ਤਰ੍ਹਾਂ ਤੁਸੀਂ ਵੀ ਜਾਂ ਆਤਮਿਕ ਦਾਨਾਂ ਨੂੰ ਲੋਚਦੇ ਹੋ ਤਾਂ ਜਤਨ ਕਰੋ ਜੋ ਕਲੀਸਿਯਾ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ
13 ਇਸ ਕਰਕੇ ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਭਈ ਅਰਥ ਵੀ ਕਰ ਸੱਕੇ
14 ਜੇ ਮੈਂ ਪਰਾਈ ਭਾਖਿਆ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸਫਲ ਹੈ
15 ਫਿਰ ਗੱਲ ਕੀ ਹੈ? ਮੈਂ ਤਾਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ
16 ਨਹੀਂ ਤਾਂ ਜੇ ਤੂੰ ਆਤਮਾ ਹੀ ਨਾਲ ਉਸਤਤ ਕਰੇਂ ਤਾਂ ਜਿਹੜਾ ਅਣਪੜ੍ਹ ਦੇ ਥਾਂ ਬੈਠਾ ਹੋਇਆ ਹੈ ਜਦੋਂ ਉਹ ਨਹੀਂ ਜਾਣਦਾ ਜੋ ਤੂੰ ਕੀ ਆਖਦਾ ਹੈਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ?
17 ਤੂੰ ਤਾਂ ਧੰਨਵਾਦ ਚੰਗੀ ਤਰ੍ਹਾਂ ਨਾਲ ਕਰਦਾ ਹੈਂ ਪਰ ਦੂਏ ਨੂੰ ਕੁੱਝ ਲਾਭ ਨਹੀਂ ਹੁੰਦਾ
18 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਸਾਂ ਸਭਨਾਂ ਨਾਲੋਂ ਵਧੀਕ ਪਰਾਈਆਂ ਭਾਖਿਆਂ ਬੋਲਦਾ ਹਾਂ
19 ਤਾਂ ਵੀ ਕਲੀਸਿਯਾ ਵਿੱਚ ਪੰਜ ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਭਈ ਹੋਰਨਾਂ ਨੂੰ ਵੀ ਸਿਖਾਲਾਂ ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ ਦਸ ਹਜਾਰ ਗੱਲਾਂ ਪਰਾਈ ਭਾਖਿਆ ਵਿੱਚ ਬੋਲਾਂ।।
20 ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ ਤਾਂ ਵੀ ਬੁਰਿਆਈ ਵਿੱਚ ਨਿਆਣੇ ਬਣੇ ਰਹੋ ਪਰ ਬੁੱਧ ਵਿੱਚ ਸਿਆਣੇ ਹੋਵੋ
21 ਸ਼ਰਾ ਵਿੱਚ ਲਿਖਿਆ ਹੋਇਆ ਹੈ ਜੋ ਪ੍ਰਭੁ ਆਖਦਾ ਹੈ ਭਈ ਮੈਂ ਪਰਾਈਆਂ ਭਾਖਿਆਂ ਦੇ ਬੋਲਣ ਵਾਲਿਆਂ ਅਤੇ ਓਪਰਿਆਂ ਦਿਆਂ ਬੁੱਲ੍ਹਾਂ ਦੇ ਰਾਹੀਂ ਇੰਨ੍ਹਾਂ ਲੋਕਾਂ ਨਾਲ ਬੋਲਾਂਗਾ ਅਤੇ ਇਉਂ ਭੀ ਓਹ ਮੇਰੀ ਨਾ ਸੁਣਨਗੇ
22 ਸੋ ਪਰਾਈਆਂ ਭਾਖਿਆਂ ਨਿਹਚਾਵਾਨਾਂ ਲਈ ਨਹੀਂ ਸਗੋਂ ਨਿਹਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਲਈ ਹਨ ਪਰ ਅਗੰਮ ਵਾਕ ਨਿਹਚਾਹੀਣਾਂ ਲਈ ਨਹੀਂ ਸਗੋਂ ਨਿਹਚਾਵਾਨਾਂ ਲਈ ਹੈ
23 ਉਪਰੰਤ ਜੇ ਸਾਰੀ ਕਲੀਸਿਯਾ ਇੱਕ ਥਾਂ ਇੱਕਠੀ ਹੋਵੇ ਅਰ ਸੱਭੇ ਅੱਡੋ ਅੱਡੀ ਭਾਖਿਆ ਬੋਲਣ ਅਤੇ ਨਾ ਵਾਕਫ਼ ਅਥਵਾ ਨਿਹਚਾਹੀਣ ਲੋਕ ਅੰਦਰ ਆਉਣ ਤਾਂ ਭਲਾ, ਉਹ ਨਹੀਂ ਆਖਣਗੇ, ਭਲਾ, ਤੁਸੀਂ ਪਾਗਲ ਹੋ?
24 ਪਰ ਜੇ ਸੱਭੇ ਅਗੰਮ ਵਾਕ ਬੋਲਣ ਅਤੇ ਕੋਈ ਨਿਹਚਾਹੀਣ ਅਥਵਾ ਨਾ ਵਾਕਫ਼ ਅੰਦਰ ਆਵੇ ਤਾਂ ਸਭਨਾਂ ਤੋਂ ਕਾਇਲ ਕੀਤਾ ਜਾਵੇਗਾ, ਸਭਨਾਂ ਤੋਂ ਜਾਚਿਆ ਜਾਵੇਗਾ
25 ਉਹ ਦੇ ਮਨ ਦੀਆਂ ਗੁਪਤ ਗੱਲਾਂ ਪਰਗਟ ਹੋਣਗੀਆਂ ਅਤੇ ਇਉਂ ਮੂੰਧੇ ਪੈ ਕੇ ਉਹ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਭਈ ਸੱਚੀ ਮੁੱਚੀ ਪਰਮੇਸ਼ੁਰ ਇਹਨਾਂ ਦੇ ਵਿੱਚ ਹੈ।।
26 ਸੋ ਭਰਾਵੋ, ਗੱਲ ਕੀ ਹੈ? ਜਾਂ ਤੁਸੀਂ ਇੱਕਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਖਿਆ, ਕਿਸੇ ਦੇ ਕੋਲ ਅਰਥ ਹੈ। ਸੱਭੋ ਕੁੱਝ ਲਾਭ ਦੇ ਲਈ ਹੋਣਾ ਚਾਹੀਦਾ ਹੈ
27 ਜੇ ਕੋਈ ਪਰਾਈ ਭਾਖਿਆ ਬੋਲੇ ਤਾਂ ਦੋ ਦੋ ਅਥਵਾ ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ ਸੋ ਭੀ ਵਾਰੋ ਵਾਰੀ ਅਤੇ ਇੱਕ ਜਣਾ ਅਰਥ ਕਰੇ
28 ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਕਲੀਸਿਯਾ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ
29 ਅਤੇ ਨਬੀਆਂ ਵਿੱਚੋਂ ਦੋ ਅਥਵਾ ਤਿੰਨ ਬੋਲਣ ਅਤੇ ਬਾਕੀ ਦੇ ਪਰਖਣ
30 ਪਰ ਜੇ ਦੂਏ ਉੱਤੇ ਜੋ ਕੋਲ ਬੈਠਾ ਹੋਇਆ ਹੈ ਕਿਸੇ ਗੱਲ ਦਾ ਪਰਕਾਸ਼ ਹੋਇਆ ਹੋਵੇ ਤਾਂ ਪਹਿਲਾ ਚੁੱਪ ਹੋ ਰਹੇ
31 ਕਿਉਂ ਜੋ ਤੁਸੀਂ ਸਾਰੇ ਇੱਕ ਇੱਕ ਕਰਕੇ ਅਗੰਮ ਵਾਕ ਕਰ ਸੱਕਦੇ ਹੋ ਭਈ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ
32 ਅਤੇ ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ
33 ਕਿਉਂ ਜੋ ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।। ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਹੈ
34 ਮੰਡਲੀਆਂ ਵਿੱਚ ਤੀਵੀਆਂ ਚੁੱਪ ਹੋ ਰਹਿਣ ਕਿਉਂ ਜੋ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਸਗੋਂ ਉਹ ਅਧੀਨ ਹੋ ਰਹਿਣ ਜਿਵੇਂ ਸ਼ਰਾ ਵੀ ਕਹਿੰਦੀ ਹੈ
35 ਅਤੇ ਜੇ ਕੁੱਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤੀਆਂ ਕੋਲੋਂ ਪੁੱਛਣ ਕਿਉਂ ਜੋ ਤੀਵੀਂ ਦੇ ਲਈ ਮੰਡਲੀ ਵਿੱਚ ਬੋਲਣਾ ਲਾਜ ਦੀ ਗੱਲ ਹੈ
36 ਭਲਾ, ਪਰਮੇਸ਼ੁਰ ਦਾ ਬਚਨ ਤੁਸਾਂ ਹੀ ਤੋਂ ਨਿੱਕਲਿਆ ਅਥਵਾ ਨਿਰਾ ਤੁਹਾਡੇ ਹੀ ਤੀਕ ਪਹੁੰਚਿਆ?।।
37 ਜੇ ਕੋਈ ਆਪਣੇ ਆਪ ਨੂੰ ਨਬੀ ਯਾਂ ਆਤਮਕ ਸਮਝੇ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਓਹਨਾਂ ਨੂੰ ਜਾਣ ਲਵੇ ਭਈ ਓਹ ਪ੍ਰਭੁ ਦੇ ਹੁਕਮ ਹਨ
38 ਪਰ ਜੇ ਕੋਈ ਨਾ ਜਾਣੇ ਤਾਂ ਨਾ ਜਾਣੇ।।
39 ਗੱਲ ਕਾਹਦੀ, ਮੇਰੇ ਭਰਾਵੋ ਅਗੰਮ ਵਾਕ ਕਰਨ ਨੂੰ ਲੋਚੋ, ਅਤੇ ਪਰਾਈਆਂ ਭਾਖਿਆਂ ਬੋਲਣ ਤੋਂ ਨਾ ਵਰਜੋ
40 ਪਰ ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×