Bible Versions
Bible Books

Isaiah 32 (PAV) Punjabi Old BSI Version

1 ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।
2 ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।
3 ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।
4 ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਾਫ਼ ਬੋਲਣ ਲਈ ਤਿਆਰ ਰਹੇਗੀ।
5 ਮੂਰਖ ਅੱਗੇ ਨੂੰ ਪਤਵੰਤ ਨਾ ਕਹਾਵੇਗਾ, ਨਾ ਲੁੱਚਾ ਸਖੀ ਅਖਵਾਏਗਾ।
6 ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ, ਅਤੇ ਉਹ ਦਾ ਮਨ ਬਦੀ ਸੋਚੇਗਾ, ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ ਗਲਤ ਬਚਨ ਬੋਲੇ, ਅਤੇ ਭੁੱਖੇ ਦੀ ਜਾਨ ਨੂੰ ਖਾਲੀ ਰੱਖੇ, ਅਤੇ ਤਿਹਾਏ ਦਾ ਪਾਣੀ ਰੋਕ ਲਵੇ।
7 ਲੁੱਚੇ ਦੇ ਹਥਿਆਰ ਬੁਰੇ ਹਨ, ਉਹ ਮਤਾ ਪਕਾਉਂਦਾ ਹੈ ਭਈ ਮਸਕੀਨਾਂ ਨੂੰ ਝੂਠੀਆਂ ਗੱਲਾਂ ਨਾਲ ਬਰਬਾਦ ਕਰੇ, ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ।
8 ਪਰ ਪਤਵੰਤ ਪਤ ਦੀਆਂ ਸਲਾਹਾਂ ਕਰਦਾ ਹੈ, ਉਹ ਪਤ ਦੀਆਂ ਗੱਲਾਂ ਉੱਤੇ ਕਾਇਮ ਹੈ।।
9 ਹੇ ਲਾਪਰਵਾਹ ਤੀਵੀਓ, ਉੱਠੋ, ਮੇਰੀ ਅਵਾਜ਼ ਸੁਣੋ! ਹੇ ਨਿਚਿੰਤ, ਬੇਟੀਓ ਮੇਰੇ ਆਖੇ ਤੇ ਕੰਨ ਲਾਓ!
10 ਵਰਹੇ ਤੋਂ ਕੁਝ ਦਿਨ ਉੱਤੇ ਹੋਇਆਂ ਤੁਸੀਂ ਘਾਬਰ ਜਾਓਗੀਆਂ, ਹੇ ਨਿਚਿੰਤ ਤੀਵੀਓ! ਕਿਉਂ ਜੋ ਅੰਗੂਰ ਦਾ ਚੁਗਣਾ ਘਟ ਜਾਵੇਗਾ, ਅਤੇ ਇਕੱਠਾ ਕਰਨ ਦਾ ਵੇਲਾ ਨਹੀਂ ਆਵੇਗਾ।
11 ਹੇ ਲਾਪਰਵਾਹੋ ਕੰਬੋ! ਹੇ ਨਿਚਿੰਤਣੀਓ, ਘਬਰਾ ਜਾਓ! ਕੱਪੜੇ ਲਾਹੋ, ਨੰਗੀਆਂ ਹੋ ਜਾਓ, ਆਪਣੇ ਲੱਕਾਂ ਉੱਤੇ ਪੇਟੀਆਂ ਪਾ ਲਓ!
12 ਓਹ ਰਸੀ ਹੋਈ ਬੇਲ ਦੇ ਕਾਰਨ, ਮਨ ਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣ- ਗੀਆਂ।
13 ਮੇਰੀ ਪਰਜਾ ਦੀ ਜਮੀਨ ਉੱਤੇ ਕੰਡੇ ਅਰ ਕੰਡਿਆਲੇ ਉੱਗਣਗੇ, ਸਗੋਂ ਅਨੰਦਮਈ ਨਗਰ ਦੇ ਸਾਰੇ ਖੁਸ਼ ਹਾਲ ਘਰਾਂ ਉੱਤੇ ਵੀ।
14 ਮਹਿਲ ਤਾਂ ਛੱਡਿਆ ਜਾਵੇਗਾ, ਸੰਘਣੀ ਅਬਾਦੀ ਵਾਲਾ ਸ਼ਹਿਰ ਬੇ ਚਰਾਗ ਹੋ ਜਾਵੇਗਾ, ਟਿੱਬਾ ਅਤੇ ਰਾਖੀ ਦਾ ਬੁਰਜ ਸਦਾ ਲਈ ਘੁਰੇ ਹੋ ਜਾਣਗੇ, ਜੰਗਲੀ ਖੋਤਿਆਂ ਦੀ ਖੁਸ਼ੀ, ਇੱਜੜਾਂ ਦੀ ਚਰਾਨ,
15 ਜਿੰਨਾ ਚਿੱਕੁਰ ਸਾਡੇ ਉੱਤੇ ਉੱਪਰੋਂ ਆਤਮਾ ਵਹਾਇਆ ਨਾ ਜਾਵੇ, ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ, ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ।
16 ਤਦ ਇਨਸਾਫ਼ ਉਜਾੜ ਵਿੱਚ ਵੱਸੇਗਾ, ਅਤੇ ਧਰਮ ਫਲਦਾਰ ਖੇਤ ਵਿੱਚ ਰਹੇਗਾ।
17 ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ।
18 ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।
19 ਬਣ ਦੇ ਡਿੱਗਣ ਉੱਤੇ ਗੜੇ ਪੈਣਗੇ, ਅਤੇ ਸ਼ਹਿਰ ਮੂਲੋਂ ਢਹਿ ਜਾਵੇਗਾ।
20 ਧੰਨ ਹੋ ਤੁਸੀਂ ਜਿਹੜੇ ਸਾਰੇ ਪਾਣੀਆਂ ਦੇ ਲਾਗੇ ਬੀਜਦੇ ਹੋ, ਅਤੇ ਬਲਦ ਅਰ ਗਧੇ ਖੁਲ੍ਹੇ ਛੱਡ ਦਿੰਦੇ ਹੋ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×