Bible Versions
Bible Books

Ecclesiastes 8 (PAV) Punjabi Old BSI Version

1 ਬੁੱਧਵਾਨ ਦੇ ਸਮਾਨ ਕੌਣ ਹੈ? ਅਤੇ ਕਿਸੇ ਗੱਲ ਦਾ ਨਿਰਨਾ ਕਰਨਾ ਕੌਣ ਜਾਣਦਾ ਹੈ? ਆਦਮੀ ਦੀ ਬੁੱਧ ਉਹ ਦੇ ਮੁਖੜੇ ਨੂੰ ਚਮਕਾ ਦਿੰਦੀ ਹੈ, ਅਤੇ ਉਹ ਦੇ ਮੁਖ ਦੀ ਕਠੋਰਤਾ ਬਦਲ ਜਾਂਦੀ ਹੈ
2 ਮੈਂ ਕਹਿੰਦਾ ਹਾ ਭਈ ਤੂੰ ਪਾਤਸ਼ਾਹ ਦੇ ਹੁਕਮ ਨੂੰ ਪਰਮੇਸ਼ੁਰ ਦੀ ਸੌਂਹ ਦੇ ਕਾਰਨ ਮੰਨਦਾ ਰਹੁ।
3 ਤੂੰ ਛੇਤੀ ਕਰ ਕੇ ਉਹ ਦੇ ਹਜ਼ੂਰ ਤੋਂ ਪਰੋਖੇ ਨਾ ਹੋ ਅਤੇ ਕਿਸੇ ਭੈੜੇ ਕੰਮ ਦੇ ਲਈ ਜ਼ਿਦ ਨਾ ਕਰ, ਕਿਉਂਕਿ ਜੋ ਕੁਝ ਉਹ ਨੂੰ ਭਾਉਂਦਾ ਹੈ ਸੋਈ ਕਰਦਾ ਹੈ,
4 ਇਸ ਲਈ ਜੋ ਪਾਤਸ਼ਾਹ ਦੀ ਆਗਿਆ ਵਿੱਚ ਸਮਰੱਥਾ ਹੈ, ਅਤੇ ਕੌਣ ਉਹ ਨੂੰ ਆਖੇ ਜੋ ਤੂੰ ਕੀਂ ਕਰਦਾ ਹੈਂ?।।
5 ਉਹ ਜੋ ਆਗਿਆ ਮੰਨਦਾ ਹੈ ਕਿਸੇ ਬੁਰਿਆਈ ਨੂੰ ਨਾ ਵੇਖੇਗਾ ਅਤੇ ਬੁੱਧਵਾਨ ਦਾ ਮਨ ਵੇਲੇ ਅਤੇ ਜੋਗਤਾ ਨੂੰ ਸਿਆਣਦਾ ਹੈ
6 ਕਿਉਂ ਜੋ ਹਰ ਮਨੋਰਥ ਦਾ ਵੇਲਾ ਅਤੇ ਜੋਗਤਾ ਹੈ ਭਾਵੇਂ ਆਦਮੀ ਦੀ ਬਿਪਤਾ ਉਹ ਦੇ ਉੱਤੇ ਵੱਡੀ ਹੋਵੇ
7 ਜੋ ਕੁਝ ਹੋਵੇਗਾ ਉਹ ਨਹੀਂ ਜਾਣਦਾ ਅਤੇ ਉਹ ਨੂੰ ਕੌਣ ਦੱਸ ਸਕਦਾ ਹੈ ਜੋ ਕਿੱਕਰ ਹੋਵੇਗਾ?
8 ਕਿਸੇ ਆਦਮੀ ਦਾ ਆਤਮਾ ਦੇ ਉੱਤੇ ਵੱਸ ਨਹੀਂ ਜੋ ਆਤਮਾ ਨੂੰ ਰੋਕ ਸੱਕੇ ਅਤੇ ਮਰਨ ਦੇ ਦਿਨ ਉੱਤੇ ਉਹ ਦਾ ਕੁਝ ਵੱਸ ਨਹੀਂ। ਉਸ ਲੜਾਈ ਵਿੱਚੋਂ ਛੁਟਕਾਰਾ ਨਹੀਂ ਹੁੰਦਾ ਨਾ ਹੀ ਬੁਰਿਆਈ ਆਪਣੇ ਵਰਤਣ ਵਾਲੇ ਨੂੰ ਛੁਡਾਵੇਗੀ
9 ਇਹ ਸਭ ਕੁਝ ਮੈਂ ਡਿੱਠਾ ਅਤੇ ਆਪਣਾ ਮਨ ਸਾਰਿਆਂ ਕੰਮਾਂ ਤੇ ਜੋ ਸੂਰਜ ਦੇ ਹੇਠ ਹੁੰਦੇ ਹਨ ਲਾਇਆ,-ਅਜਿਹਾ ਵੇਲਾ ਹੈ ਜਿਹ ਦੇ ਵਿੱਚ ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ
10 ਤਾਂ ਮੈਂ ਦੁਸ਼ਟਾਂ ਨੂੰ ਦੱਬੀਦਿਆਂ ਡਿੱਠਾ ਜਿਹੜੇ ਪਵਿੱਤਰ ਅਸਥਾਨ ਤੋਂ ਆਉਂਦੇ ਜਾਂਦੇ ਸਨ ਅਤੇ ਜਿਸ ਸ਼ਹਿਰ ਵਿੱਚ ਓਹਨਾਂ ਨੇ ਏਹ ਕੰਮ ਕੀਤੇ ਸਨ ਉਹ ਦੇ ਵਿੱਚ ਹੀ ਓਹ ਵਿਸਾਰੇ ਗਏ। ਇਹ ਵੀ ਵਿਅਰਥ ਹੈ
11 ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ
12 ਭਾਵੇਂ ਪਾਪੀ ਸੌ ਵਾਰੀ ਪਾਪ ਕਰੇ ਅਤੇ ਉਹ ਦੀ ਉਮਰ ਵੀ ਵੱਧ ਜਾਵੇ ਤਦ ਵੀ ਮੈਂ ਸੱਚ ਜਾਣਦਾ ਹਾਂ ਜੋ ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ ਅਰ ਉਹ ਦਾ ਭੈ ਮੰਨਦੇ ਹਨ
13 ਪਰ ਪਾਪੀ ਦਾ ਭਲਾ ਕਦੀ ਨਾ ਹੋਵੇਗਾ, ਨਾ ਉਹ ਪਰਛਾਵੇਂ ਵਾਂਗਰ ਆਪਣੇ ਦਿਨਾਂ ਨੂੰ ਵਧਾਵੇਗਾ ਕਿਉਂ ਜੋ ਉਹ ਪਰਮੇਸ਼ਰ ਕੋਲੋਂ ਨਹੀਂ ਡਰਦਾ
14 ਇੱਕ ਵਿਅਰਥ ਹੈ ਜੋ ਧਰਤੀ ਉੱਤੇ ਵਰਤਦਾ ਹੈ ਭਈ ਧਰਮੀ ਹਨ ਜਿੰਨ੍ਹਾਂ ਦੇ ਉੱਤੇ ਦੁਸ਼ਟਾਂ ਦੇ ਕੰਮਾਂ ਦੇ ਅਨੁਸਾਰ ਬੀਤਦਾ ਹੈ, ਅਤੇ ਦੁਸ਼ਟ ਹਨ ਜਿੰਨ੍ਹਾਂ ਦੇ ਉੱਤੇ ਧਰਮੀਆਂ ਦੇ ਕੰਮਾਂ ਦੇ ਅਨੁਸਾਰ ਬੀਤਦਾ ਹੈ। ਮੈਂ ਆਖਿਆ, ਇਹ ਵੀ ਵਿਅਰਥ ਹੈ!
15 ਤਦ ਮੈਂ ਅਨੰਦ ਨੂੰ ਸਲਾਹਿਆਂ ਕਿਉਂ ਜੋ ਸੂਰਜ ਦੇ ਹੇਠ ਆਦਮੀ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਹ ਦੇ ਧੰਦੇ ਦੇ ਵਿੱਚ ਉਹ ਦੇ ਜੀਉਣ ਦੇ ਸਾਰਿਆਂ ਦਿਨਾਂ ਤੋੜੀ ਜੋ ਪਰਮੇਸ਼ੁਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤਾ ਹੈ ਉਹ ਦੇ ਨਾਲ ਏਹ ਰਹੇਗਾ
16 ਜਦ ਮੈਂ ਆਪਣਾ ਮਨ ਲਾਇਆ ਭਈ ਬੁੱਧ ਜਾਣਾਂ ਅਤੇ ਉਸ ਕੰਮ ਧੰਦੇ ਨੂੰ ਜੋ ਧਰਤੀ ਦੇ ਉੱਤੇ ਕੀਤਾ ਜਾਂਦਾ ਹੈ ਵੇਖ ਲਵਾਂ, ਭਈ ਕਿਵੇਂ ਆਦਮੀ ਦੀਆਂ ਅੱਖੀਆਂ ਨਾ ਰਾਤ ਨੂੰ ਨਾ ਦਿਨ ਨੂੰ ਨੀੰਦਰ ਵੇਖਦੀਆਂ ਹਨ
17 ਤਦ ਮੈਂ ਪਰਮੇਸ਼ੁਰ ਦੇ ਸਾਰੇ ਕੰਮ ਡਿੱਠੇ ਭਈ ਆਦਮੀ ਕੋਲੋਂ ਉਹ ਕੰਮ ਜੋ ਸੂਰਜ ਦੇ ਹੇਠ ਹੁੰਦਾ ਹੈ ਬੁੱਝਿਆ ਨਹੀਂ ਜਾਂਦਾ ਭਾਵੇਂ ਆਦਮੀ ਜ਼ੋਰ ਲਾ ਕੇ ਵੀ ਉਹ ਦੀ ਭਾਲ ਕਰੇ ਤਾਂ ਵੀ ਕੁਝ ਨਾ ਲੱਭੇਗਾ। ਹਾਂ ਭਾਵੇਂ ਬੁੱਧਵਾਨ ਵੀ ਕਹੇ ਕਿ ਮੈਂ ਜਾਣ ਲਵਾਂਗਾ ਤਾਂ ਵੀ ਉਹ ਨਹੀਂ ਬੁੱਝ ਸੱਕੇਗਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×