Bible Versions
Bible Books

Ezekiel 3 (PAV) Punjabi Old BSI Version

1 ਫੇਰ ਉਹ ਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤ੍ਰ, ਜੋ ਕੁਝ ਤੈਨੂੰ ਮਿਲਿਆ ਹੈ ਸੋ ਖਾ। ਇਸ ਲਪੇਟਵੀਂ-ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ!
2 ਤਦ ਮੈਂ ਮੂੰਹ ਅੱਡਿਆ ਅਤੇ ਉਹ ਨੇ ਉਹ ਲਪੇਟਵੀਂ-ਪੱਤ੍ਰੀ ਮੈਨੂੰ ਖੁਆ ਦਿੱਤੀ
3 ਤਾਂ ਉਸ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਆਪਣੇ ਢਿੱਡ ਨੂੰ ਇਸ ਦੇ ਨਾਲ ਖਿਲਾ ਅਤੇ ਏਸ ਲਪੇਟਵੀਂ-ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ। ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਙੁ ਮਿੱਠੀ ਸੀ
4 ਅਤੇ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਨ੍ਹਾਂ ਨੂੰ ਬੋਲ
5 ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ ਜਿਨ੍ਹਾਂ ਦੀ ਬੋਲੀ ਓਪਰੀ ਅਤੇ ਜਿਨ੍ਹਾਂ ਦੀ ਜ਼ਬਾਨ ਕਠਣ ਹੈ ਸਗੋਂ ਇਸਰਾਏਲ ਦੇ ਘਰਾਣੇ ਕੋਲ
6 ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਨ੍ਹਾਂ ਦੀ ਬੋਲੀ ਓਪਰੀ ਅਤੇ ਜ਼ਬਾਨ ਕਠਣ ਹੈ, ਜਿਨ੍ਹਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸੱਕਦਾ, ਕਿ ਜੇ ਕਰ ਮੈਂ ਤੈਨੂੰ ਉਨ੍ਹਾਂ ਦੇ ਕੋਲ ਘੱਲਦਾ ਤਾਂ ਓਹ ਤੇਰੀ ਸੁਣਦੀਆਂ
7 ਪਰ ਇਸਰਾਏਲ ਦਾ ਘਰਾਣਾ ਤੇਰੀ ਨਹੀਂ ਸੁਣੇਗਾ ਕਿਉਂ ਜੋ ਓਹ ਮੇਰੀ ਸੁਣਨਾ ਨਹੀਂ ਚਾਹੁੰਦੇ। ਇਸਰਾਏਲ ਦਾ ਸਾਰਾ ਘਰਾਣਾ ਕਠੋਰ ਮਸਤਕ ਤੇ ਪੱਥਰ ਦਿਲ ਹੈ
8 ਵੇਖ, ਮੈਂ ਉਨ੍ਹਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥਿਆਂ ਦੇ ਵਿਰੁੱਧ ਕਠੋਰ ਕਰ ਦਿੱਤਾ ਹੈ
9 ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗਰ ਚਕਮਕ ਤੋਂ ਵੀ ਵਧੀਕ ਕਰੜਾ ਕਰ ਦਿੱਤਾ ਹੈ। ਉਨ੍ਹਾਂ ਤੋਂ ਨਾ ਡਰ ਅਤੇ ਉਨ੍ਹਾਂ ਦਿਆਂ ਚਿਹਰਿਆਂ ਤੋਂ ਭੈ ਭੀਤ ਨਾ ਹੋ ਭਾਵੇਂ ਉਹ ਆਕੀ ਘਰਾਣਾ ਹੈ
10 ਫਿਰ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਮੇਰੀਆਂ ਸਾਰੀਆਂ ਗੱਲਾਂ ਨੂੰ ਜੋ ਮੈਂ ਤੈਨੂੰ ਆਖਾਂਗਾ ਆਪਣੇ ਦਿਲ ਵਿੱਚ ਪਰਵਾਨ ਕਰ ਅਤੇ ਆਪਣਿਆਂ ਕੰਨਾਂ ਨਾਲ ਸੁਣ
11 ਹੁਣ ਤੂੰ ਅਸੀਰਾਂ ਅਥਵਾ ਆਪਣੀ ਕੌਮ ਦੇ ਪੁੱਤ੍ਰਾਂ ਕੋਲ ਜਾ ਕੇ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ, ਭਾਵੇਂ ਉਹ ਸੁਣਨ, ਭਾਵੇਂ ਨਾ ਸੁਣਨ।।
12 ਤਾਂ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਕੜਕ ਦੀ ਅਵਾਜ਼ ਸੁਣੀ ਕਿ ਯਹੋਵਾਹ ਦਾ ਪਰਤਾਪ ਉਹ ਦੇ ਅਸਥਾਨ ਤੋਂ ਮੁਬਾਰਕ ਹੋਵੇ!
13 ਅਤੇ ਜੀਵਾਂ ਦੇ ਖੰਭਾਂ ਦੇ ਇੱਕ ਦੂਜੇ ਨਾਲ ਲਗਣ ਦੀ ਅਵਾਜ਼ ਅਤੇ ਉਨ੍ਹਾਂ ਦੇ ਵਿਰੁੱਧ ਪਹੀਆਂ ਦੀ ਅਵਾਜ਼ ਅਤੇ ਇੱਕ ਵੱਡੀ ਕੜਕ ਦੀ ਅਵਾਜ਼
14 ਅਤੇ ਆਤਮਾ ਮੈਨੂੰ ਚੁੱਕ ਕੇ ਲੈ ਗਿਆ ਸੋ ਮੈਂ ਆਤਮਾ ਦੀ ਕੁੜੱਤਣ ਅਤੇ ਗਰਮੀ ਵਿੱਚ ਤੁਰ ਪਿਆ ਅਤੇ ਯਹੋਵਾਹ ਦਾ ਹੱਥ ਮੇਰੇ ਉੱਤੇ ਤਕੜਾ ਸੀ
15 ਅਤੇ ਮੈਂ ਤੇਲ-ਅਬੀਬ ਵਿੱਚ ਅਸੀਰਾਂ ਦੇ ਕੋਲ ਜਿਹੜੇ ਕਬਾਰ ਨਹਿਰ ਦੇ ਕੋਲ ਵੱਸਦੇ ਸਨ ਪੁੱਜਿਆ ਅਤੇ ਜਿੱਥੇ ਓਹ ਰਹਿੰਦੇ ਸਨ ਮੈਂ ਸੱਤ ਦਿਨਾਂ ਤੀਕਰ ਉਨ੍ਹਾਂ ਦੇ ਵਿਚਕਾਰ ਚੁੱਪ ਚਾਪ ਬੈਠਾ ਰਿਹਾ।।
16 ਸੱਤਾਂ ਦਿਨਾਂ ਮਗਰੋਂ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ
17 ਕਿ ਹੇ ਆਦਮੀ ਦੇ ਪੁੱਤ੍ਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ ਸੋ ਤੂੰ ਮੇਰੇ ਮੂੰਹ ਦੇ ਬਚਨ ਸੁਣ ਅਤੇ ਮੇਰੀ ਵੱਲੋਂ ਉਨ੍ਹਾਂ ਨੂੰ ਚਿਤਾਉਨੀ ਦੇਹ
18 ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਨਿਸਚੇ ਮਰੇਂਗਾ ਅਤੇ ਤੂੰ ਉਸ ਨੂੰ ਚਿਤਾਉਨੀ ਨਾ ਦੇਵੇਂ ਅਤੇ ਦੁਸ਼ਟ ਨੂੰ ਉਹ ਦੇ ਕੁਚਲਣ ਤੋਂ ਖਬਰਦਾਰ ਨਾ ਕਰੇਂ ਭਈ ਉਹ ਜੀਵੇ ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ
19 ਪਰ ਜੇ ਤੂੰ ਦੁਸ਼ਟ ਨੂੰ ਚਿਤਾਉਨੀ ਦੇਵੇਂ ਅਤੇ ਉਹ ਆਪਣੇ ਕੁਚਲਣ ਅਤੇ ਦੁਸ਼ਟਪੁਣੇ ਤੋਂ ਨਾ ਮੁੜਿਆ ਤਾਂ ਉਹ ਆਪਣੇ ਔਗਣ ਵਿੱਚ ਮਰੇਗਾ ਪਰ ਤੂੰ ਆਪਣੀ ਜਾਨ ਨੂੰ ਛੁਡਾ ਲਵੇਂਗਾ
20 ਅਤੇ ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਮੈਂ ਉਹ ਦੇ ਮੂਹਰੇ ਠੋਕਰ ਲਾਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ। ਇਸ ਲਈ ਕਿ ਤੂੰ ਉਹ ਨੂੰ ਚਿਤਾਉਨੀ ਨਹੀਂ ਦਿੱਤੀ ਤਾਂ ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਹ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ
21 ਪਰ ਜੇ ਤੂੰ ਉਸ ਧਰਮੀ ਨੂੰ ਚਿਤਾਉਨੀ ਦੇਵੇਂ, ਤਾਂ ਜੋ ਉਹ ਧਰਮੀ ਪਾਪ ਨਾ ਕਰੇ, ਅਤੇ ਉਹ ਪਾਪਾਂ ਤੋਂ ਬਚਿਆ ਰਹੇ ਤਾਂ ਉਹ ਨਿਸਚੇ ਜੀਵੇਗਾ, ਏਸ ਲਈ ਉਹ ਨੇ ਚਿਤਾਉਨੀ ਮੰਨੀ ਅਤੇ ਤੂੰ ਆਪਣੀ ਜਾਨ ਛੁਡਾ ਲਵੇਂਗਾ
22 ਉੱਥੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਸ ਨੇ ਮੈਨੂੰ ਆਖਿਆ, ਉੱਠ, ਮਦਾਨ ਨੂੰ ਜਾਹ ਅਤੇ ਉੱਥੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ
23 ਤਦੋਂ ਮੈਂ ਉੱਠ ਕੇ ਮਦਾਨ ਨੂੰ ਗਿਆ। ਤਾਂ ਵੇਖੋ, ਯਹੋਵਾਹ ਦਾ ਪਰਤਾਪ ਉਸ ਪਰਤਾਪ ਵਾਂਙੁ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖਿਆ ਸੀ ਖਲੋਤਾ ਸੀ ਅਤੇ ਮੈਂ ਮੂੰਹ ਪਰਨੇ ਡਿੱਗ ਪਿਆ
24 ਤਦ ਆਤਮਾ ਮੇਰੇ ਅੰਦਰ ਦਾਖਲ ਹੋਇਆ ਅਤੇ ਉਹ ਨੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਨੂੰ ਆਖਿਆ, ਜਾਹ ਅਤੇ ਆਪਣੇ ਘਰ ਦਾ ਬੂਹਾ ਭੀੜ ਲੈ!
25 ਪਰ ਹੇ ਆਦਮੀ ਦੇ ਪੁੱਤ੍ਰ, ਵੇਖ, ਓਹ ਤੇਰੇ ਉੱਤੇ ਬੰਦਸ਼ ਲਾਉਣਗੇ, ਅਤੇ ਉਨ੍ਹਾਂ ਨਾਲ ਤੈਨੂੰ ਬੰਨ੍ਹਣਗੇ ਅਤੇ ਤੂੰ ਉਨ੍ਹਾਂ ਦੇ ਵਿੱਚ ਬਾਹਰ ਨਹੀਂ ਜਾਵੇਂਗਾ
26 ਅਤੇ ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਕਿ ਤੂੰ ਗੂੰਗਾ ਹੋ ਜਾਵੇਂ ਅਤੇ ਉਨ੍ਹਾਂ ਨੂੰ ਤਾੜਨਾ ਨਾ ਦੇ ਸੱਕੇਂ ਕਿਉਂ ਜੋ ਉਹ ਆਕੀ ਘਰਾਣਾ ਹੈ
27 ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ ਤਾਂ ਤੇਰਾ ਮੂੰਹ ਖੋਲ੍ਹਾਂਗਾ ਤਦ ਤੂੰ ਉਨ੍ਹਾਂ ਨੂੰ ਆਖੇਂਗਾ ਕਿ ਪ੍ਰਭੁ ਯਹੋਵਾਹ ਐਉਂ ਐਉਂ ਫਰਮਾਉਂਦਾ ਹੈ। ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ ਕਿਉਂ ਜੋ ਓਹ ਆਕੀ ਘਰਾਣੇ ਦੇ ਹਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×