Bible Versions
Bible Books

2 Samuel 3 (PAV) Punjabi Old BSI Version

1 ਸੋ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਚਿਰ ਤੋੜੀ ਜੁੱਧ ਹੁੰਦਾ ਰਿਹਾ ਪਰ ਦਾਊਦ ਦਿਨੋਂ ਦਿਨ ਤਕੜਾ ਹੁੰਦਾ ਗਿਆ ਪਰ ਸ਼ਾਊਲ ਦਾ ਘਰਾਣਾ ਮਾੜਾ ਹੁੰਦਾ ਗਿਆ।।
2 ਫੇਰ ਹਬਰੋਨ ਵਿੱਚ ਦਾਊਦ ਨੂੰ ਪੁੱਤ੍ਰ ਜਣੇ ਸੋ ਉਹ ਦੇ ਪੌਲਠੇ ਪੁੱਤ੍ਰ ਦਾ ਨਾਉਂ ਜੋ ਯਿਜ਼ਰੇਲਣ ਅਹੀਨੋਅਮ ਦੇ ਢਿੱਡੋਂ ਸੀ ਅਮਨੋਨ ਸੀ
3 ਅਤੇ ਦੂਜੇ ਦਾ ਨਾਉਂ ਜੋ ਕਰਮਲੀ ਨਾਬਾਲ ਦੀ ਤੀਵੀਂ ਅਬੀਗੈਲ ਦੇ ਢਿੱਡੋਂ ਹੋਇਆ ਕਿਲਆਬ ਸੀ ਅਤੇ ਤੀਜੇ ਦਾ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਢਿੱਡੋਂ ਸੀ ਅਬਸ਼ਾਲੋਮ ਸੀ
4 ਅਤੇ ਚੌਥੇ ਦਾ ਨਾਉਂ ਅਦੋਨਿੱਯਾਹ ਹੱਗੀਥ ਦਾ ਪੁੱਤ੍ਰ ਅਤੇ ਪੰਜਵੇਂ ਦਾ ਨਾਉਂ ਸਫਟਯਾਹ ਅਬੀਟਾਲ ਦਾ ਪੁੱਤ੍ਰ
5 ਅਤੇ ਛੀਵਾਂ ਯਿਬਰਆਮ ਸੀ, ਉਹ ਅਗਂਲਾਹ ਦੇ ਢਿੱਡੋਂ ਸੀ ਜੋ ਦਾਊਦ ਦੀ ਪਤਨੀ ਸੀ। ਏਹ ਦਾਊਦ ਤੋਂ ਹਬਰੋਨ ਵਿੱਚ ਜੰਮੇ।।
6 ਜਾਂ ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਜੋ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਿਆ ਕੀਤਾ
7 ਅਤੇ ਸ਼ਾਊਲ ਦੀ ਇੱਕ ਸੁਰੀਤ ਰਿਜ਼ਪਾਹ ਨਾਮੇ ਅੱਯਾਹ ਦੀ ਧੀ ਸੀ ਤਾਂ ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਉ ਦੀ ਸੁਰੀਤ ਨਾਲ ਕਿਉਂ ਸੰਗ ਕੀਤਾ?
8 ਸੋ ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਵੱਡਾ ਗੁੱਸੇ ਹੋਇਆ ਅਤੇ ਆਖਿਆ, ਭਲਾ, ਮੈਂ ਕੁੱਤੇ ਦਾ ਸਿਰ ਹਾਂ ਜੋ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੋੜੀ ਤੇਰੇ ਪਿਉ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤ੍ਰਾਂ ਉੱਤੇ ਕਿਰਪਾ ਕਰਦਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਪਿਆ ਜੋ ਤੂੰ ਅੱਜ ਇਸ ਤੀਵੀਂ ਦੇ ਕਾਰਨ ਮੇਰੇ ਉੱਤੇ ਊਜ ਲਾਵੇਂ?
9 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੀਕ ਜੇ ਕਦੀ ਮੈਂ ਜਿੱਕਰ ਯਹੋਵਾਹ ਨੇ ਦਾਊਦ ਨਾਲ ਸੌਂਹ ਖਾਧੀ ਹੈ ਉਸੇ ਤਰਾਂ ਨਾਲ ਕੰਮ ਨਾ ਕਰਾਂ
10 ਭਈ ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੋੜੀ ਟਿਕਾ ਦਿਆਂ!
11 ਤਦ ਉਹ ਅਬਨੇਰ ਦੇ ਸਾਹਮਣੇ ਫੇਰ ਕੁਝ ਉੱਤਰ ਨਾ ਦੇ ਸੱਕਿਆ ਕਿਉਂ ਜੋ ਉਸ ਕੋਲੋਂ ਉਹ ਡਰ ਗਿਆ ਸੀ।।
12 ਇਸੇ ਕਰਕੇ ਅਬਨੇਰ ਨੇ ਦਾਊਦ ਕੋਲ ਹਲਕਾਰੇ ਘੱਲੇ ਅਤੇ ਆਖਿਆ, ਭਈ ਦੇਸ ਕਿਹ ਦਾ ਹੈ? ਤੁਸੀਂ ਮੇਰੇ ਨਾਲ ਆਪਣਾ ਨੇਮ ਕਰੋ ਅਤੇ ਵੇਖੋ, ਮੇਰਾ ਹੱਥ ਤੁਹਾਡੇ ਨਾਲ ਹੋਵੇਗਾ ਜੋ ਸਾਰੇ ਇਸਰਾਏਲ ਨੂੰ ਤੁਹਾਡੀ ਵੱਲ ਕਰ ਦੇਵਾਂ
13 ਤਦ ਉਹ ਬੋਲਿਆ, ਸਤ ਬਚਨ, ਮੈਂ ਤੇਰੇ ਨਾਲ ਨੇਮ ਕਰਾਂਗਾ ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਹਾਂ ਅਤੇ ਇਸ ਤੋਂ ਬਿਨਾ ਤੂੰ ਮੇਰਾ ਮੂੰਹ ਨਾ ਵੇਖੇਂਗਾ ਭਈ ਜਿਸ ਵੇਲੇ ਤੂੰ ਮੇਰਾ ਮੂੰਹ ਵੇਖਣ ਨੂੰ ਆਵੇਂ ਤਾਂ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਲੈ ਆਵੀਂ
14 ਅਤੇ ਦਾਊਦ ਨੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਨੂੰ ਹਲਾਕਾਰਿਆਂ ਦੇ ਰਾਹੀਂ ਸੁਨੇਹਾ ਘੱਲਿਆ ਭਈ ਮੇਰੀ ਪਤਨੀ ਮੀਕਲ ਨੂੰ ਜੋ ਮੈਂ ਫਲਿਸਤੀਆਂ ਦੀ ਸੌ ਖਲੜੀ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇਹ
15 ਸੋ ਈਸ਼ਬੋਸ਼ਥ ਨੇ ਲੋਕ ਘੱਲੇ ਅਤੇ ਉਸ ਤੀਵੀਂ ਨੂੰ ਉਸ ਦੇ ਪਤੀ ਲਾਵਿਸ਼ ਦੇ ਪੁੱਤ੍ਰ ਫਲਟੀਏਲ ਕੋਲੋਂ ਖੋਹ ਲਿਆ
16 ਅਤੇ ਉਸ ਦਾ ਪਤੀ ਉਸ ਤੀਵੀਂ ਦੇ ਨਾਲ ਉਸ ਦੇ ਮਗਰੋ ਮਗਰ ਬਹੁਰੀਮ ਤੋੜੀ ਰੋਂਦਾ ਤੁਰਿਆ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾਹ, ਮੁੜ ਜਾਹ! ਤਦ ਉਹ ਮੁੜ ਗਿਆ।।
17 ਤਾਂ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਅੱਗੇ ਹੀ ਚਾਹੁੰਦੇ ਸਾਓ ਭਈ ਦਾਊਦ ਸਾਡਾ ਪਾਤਸ਼ਾਹ ਬਣੇ
18 ਸੋ ਹੁਣ ਤੁਸੀਂ ਕਮਾਓ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਜੋ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ
19 ਤਾਂ ਅਬਨੇਰ ਨੇ ਬਿਨਯਾਮੀਨ ਦੇ ਕੰਨਾਂ ਵਿੱਚ ਭੀ ਗੱਲ ਸੁਣਾਈ ਤਾਂ ਫੇਰ ਅਬਨੇਰ ਹਬੋਰਨ ਨੂੰ ਗਿਆ ਇਸ ਕਰਕੇ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਦਿੱਸਿਆ ਸੀ ਸੋ ਦਾਊਦ ਦੇ ਕੰਨਾਂ ਵਿੱਚ ਸੁਣਾਵੇ
20 ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਰ ਉਹ ਦੇ ਨਾਲ ਦੇ ਲੋਕਾਂ ਦੀ ਦਾਉਤ ਕੀਤੀ
21 ਅਤੇ ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਪਾਤਸ਼ਾਹ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਨੇਮ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਸੋ ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ।।
22 ਵੇਖੋ, ਉਸ ਵੇਲੇ ਦਾਊਦ ਦੇ ਟਹਿਲੂਏ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਕੇ ਆਏ ਅਤੇ ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੰ ਤੋਂਰ ਦਿੱਤਾ ਸੀ ਅਤੇ ਉਹ ਸੁਖ ਸਾਂਦ ਨਾਲ ਚੱਲਿਆ ਗਿਆ ਸੀ
23 ਜਾਂ ਯੋਆਬ ਦੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤ੍ਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਰ ਉਹ ਸੁਖ ਸਾਂਦ ਨਾਲ ਚੱਲਿਆ ਗਿਆ ਸੀ
24 ਸੋ ਯੋਆਬ ਪਾਤਸ਼ਾਹ ਦੇ ਕੋਲ ਕੇ ਬੋਲਿਆ, ਏਹ ਤੈਂ ਕੀ ਕੀਤਾ? ਵੇਖ, ਅਬਨੇਰ ਤੇਰੇ ਕੋਲ ਆਇਆ ਸੋ ਤੈਂ ਉਹ ਨੂੰ ਕਾਹਨੂੰ ਵਿਦਿਆ ਕੀਤਾ ਜੋ ਚੱਲਿਆ ਗਿਆ?
25 ਤੂੰ ਨੇਰ ਦੇ ਪੁੱਤ੍ਰ ਅਬਨੇਰ ਨੂੰ ਜਾਣਦਾ ਹੈਂ ਜੋ ਤੇਰੇ ਨਾਲ ਛਲ ਕਰਨ ਨੂੰ ਅਤੇ ਤੇਰਾ ਆਉਣਾ ਜਾਣਾ ਲੱਭਣ ਨੂੰ ਅਤੇ ਜੋ ਕੁਝ ਤੂੰ ਕਰਦਾ ਹੈਂ ਸੋ ਸਭ ਜਾਣ ਲੈਣ ਨੂੰ ਤੇਰੇ ਕੋਲ ਆਇਆ ਸੀ
26 ਫੇਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਹ ਨੇ ਅਬਨੇਰ ਦੇ ਮਗਰ ਹਲਕਾਰੇ ਘੱਲੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਇਹ ਖਬਰ ਦਾਊਦ ਨੂੰ ਨਹੀਂ ਸੀ
27 ਸੋ ਜਾਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹਾ ਇੱਕ ਗੱਲ ਕਰਨ ਲਈ ਉਹ ਨੂੰ ਡਿਉੜ੍ਹੀ ਦੀ ਨੁੱਕਰ ਵਿੱਚ ਇਕਲਵੰਜੇ ਲੈ ਗਿਆ ਅਤੇ ਉੱਥੇ ਉਸ ਦੀ ਪੰਜਵੀ ਪਸਲੀ ਦੇ ਹੇਠ ਆਪਣੇ ਭਰਾ ਅਸਾਹੇਲ ਦੇ ਖ਼ੂਨ ਦੇ ਵੱਟੇ ਅਜਿਹਾ ਮਾਰਿਆ ਜੋ ਉਹ ਮਰ ਗਿਆ।।
28 ਇਹ ਦੇ ਪਿੱਛੋਂ ਜਾਂ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਣੇ ਯਹੋਵਾਹ ਦੇ ਅੱਗੇ ਨੇਰ ਦੇ ਪੁੱਤ੍ਰ ਅਬਨੇਰ ਦੇ ਖ਼ੂਨ ਤੋਂ ਬਿਦੋਸ਼ਾ ਹਾਂ
29 ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਉ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਯਾ ਕੋੜ੍ਹਾ ਹੋਵੇ ਯਾ ਲਾਠੀ ਫੜ ਕੇ ਤੁਰੇ ਯਾ ਤਲਵਾਰ ਨਾਲ ਡਿੱਗੇ ਯਾ ਰੋਟੀ ਦੇ ਅਧੀਨ ਹੋਵੇ!
30 ਸੋ ਯੋਆਬ ਦੇ ਸਿਰ ਅਤੇ ਉਹ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।।
31 ਦਾਊਦ ਨੇ ਯੋਆਬ ਅਤੇ ਸਭਨਾਂ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਭਈ ਆਪਣੇ ਲੀੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਪਾਤਸ਼ਾਹ ਆਪ ਅਰਥੀ ਦੇ ਮਗਰ ਮਗਰ ਤੁਰਿਆ
32 ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦੱਬ ਦਿੱਤਾ ਅਤੇ ਪਾਤਸ਼ਾਹ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਰ ਲੋਕ ਵੀ ਸਭ ਰੋਏ
33 ਪਾਤਸ਼ਾਹ ਨੇ ਅਬਨੇਰ ਲਈ ਉਲ੍ਹਾਹਣੀਆਂ ਨਾਲ ਸਿਆਪਾ ਕੀਤਾ ਅਤੇ ਆਖਿਆ, - ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ ਮੋਇਓਂ?
34 ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਸਗੋਂ ਤੂੰ ਤਾਂ ਇਉਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ! ।। ਤਾਂ ਉਹ ਦੇ ਉੱਤੇ ਸਭ ਲੋਕ ਹੋਰ ਰੋਏ ।।
35 ਤਾਂ ਸਭ ਲੋਕ ਉੱਥੋਂ ਆਏ ਅਤੇ ਦਾਊਦ ਨੂੰ ਕੁਝ ਖੁਵਾਉਣ ਲੱਗੇ ਜਾਂ ਦਿਨ ਕੁਝ ਹੈਸੀ। ਤਦ ਦਾਊਦ ਨੇ ਸੌਂਹ ਖਾ ਕੇ ਆਖਿਆ, ਜੇ ਕਦੀ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਯਾ ਹੋਰ ਕੁਝ ਚੱਖਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੀਕ!
36 ਸਭਨਾਂ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਏਹ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਪਾਤਸ਼ਾਹ ਕਰਦਾ ਸੀ ਸੋ ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ
37 ਅਤੇ ਸਭਨਾਂ ਲੋਕਾਂ ਨੇ ਅਰ ਸਾਰੇ ਇਸਰਾਏਲ ਨੇ ਉਸ ਦਿਹਾੜੇ ਠੀਕ ਜਾਣ ਲਿਆ ਭਈ ਨੇਰ ਦਾ ਪੁੱਤ੍ਰ ਅਬਨੇਰ ਪਾਤਸ਼ਾਹ ਦੀ ਮਰਜੀ ਵਿੱਚ ਨਹੀਂ ਮੋਇਆ
38 ਅਤੇ ਪਾਤਸ਼ਾਹ ਨੇ ਆਪਣੇ ਟਹਿਲੂਆਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਜੋ ਅੱਜ ਦੇ ਦਿਨ ਇੱਕ ਸਰਦਾਰ ਸਗੋਂ ਇੱਕ ਮਹਾ ਪੁਰਸ਼ ਇਸਰਾਏਲ ਦੇ ਵਿੱਚੋਂ ਲਾਹ ਦਿੱਤਾ ਗਿਆ ਹੈ?
39 ਅਤੇ ਅੱਜ ਦੇ ਦਿਨ ਮੈਂ ਹੀਣਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਏਹ ਲੋਕ ਸਰੂਯਾਹ ਦੇ ਪੁੱਤ੍ਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ ਪਰ ਯਹੋਵਾਹ ਬੁਰਿਆਈ ਨੂੰ ਉਹ ਦੀ ਬੁਰਿਆਰ ਦਾ ਪੂਰਾ ਵੱਟਾ ਲਾਵੇਗਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×