Bible Versions
Bible Books

Jeremiah 6 (PAV) Punjabi Old BSI Version

1 ਹੇ ਬਿਨਯਾਮੀਨਿਓ, ਆਪਣੇ ਬਚਾਓ ਲਈ ਯਰੂਸ਼ਲਮ ਦੇ ਵਿੱਚੋਂ ਨੱਠੋ, ਤਿਕਊ ਵਿੱਚ ਤੁਰ੍ਹੀ ਫੂਕੋ, ਬੈਤ-ਹੱਕਰਮ ਵਿੱਚ ਇੱਕ ਨਿਸ਼ਾਨ ਖੜਾ ਕਰੋ, ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ।
2 ਮੈਂ ਸੀਯੋਨ ਦੀ ਧੀ ਨੂੰ ਜਿਹੜੀ ਸੋਹਣੀ ਅਤੇ ਨਾਜ਼ਕ ਹੈ ਮਾਰ ਸੁੱਟਾਂਗਾ।
3 ਆਜੜੀ ਆਪਣੇ ਇੱਜੜਾਂ ਸਣੇ ਉਹ ਦੇ ਕੋਲ ਆਉਣਗੇ, ਓਹ ਉਸ ਦੇ ਵਿਰੁੱਧ ਆਲੇ ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ ਆਪਣੇ ਥਾਂ ਵਿੱਚ ਚਰਾਵੇਗਾ।
4 ਉਹ ਦੇ ਵਿਰੁੱਧ ਲੜਾਈ ਛੇੜੋ, ਉੱਠੋ! ਅਸੀਂ ਦੁਪਹਿਰ ਵੇਲੇ ਚੜ੍ਹਾਈ ਕਰੀਏ! ਹਾਇ ਸਾਨੂੰ! ਦਿਨ ਜੋ ਢਲਦਾ ਜਾਂਦਾ ਹੈ, ਅਤੇ ਸ਼ਾਮਾਂ ਦੇ ਪਰਛਾਵੇਂ ਵਧਦੇ ਜਾਂਦੇ ਹਨ।
5 ਉੱਠੋ! ਅਸੀਂ ਰਾਤ ਨੂੰ ਚੜ੍ਹਾਈ ਕਰੀਏ, ਅਤੇ ਉਹ ਦੇ ਮਹਿਲਾਂ ਨੂੰ ਢਾਹ ਸੁੱਟੀਏ!।।
6 ਸੈਨਾਂ ਦਾ ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ, - ਤੁਸੀਂ ਰੁੱਖਾਂ ਨੂੰ ਵੱਢ ਸੱਟੋ, ਯਰੂਸ਼ਲਮ ਦੇ ਵਿਰੁੱਧ ਦਮਦਮਾ ਬੰਨ੍ਹੋ, ਇਹ ਉਹ ਸ਼ਹਿਰ ਹੈ ਜਿਹ ਨੂੰ ਸਜ਼ਾ ਦੇਣੀ ਚਾਹੀਦੀ ਹੈ, ਉਹ ਦੇ ਵਿੱਚ ਧੱਕਾ ਧੋੜਾ ਹੀ ਹੈ।
7 ਜਿਵੇਂ ਖੂਹ ਆਪਣੇ ਪਾਣੀ ਨੂੰ ਤਾਜ਼ਾ ਰੱਖਦਾ ਹੈ, ਤਿਵੇਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ, ਧੱਕਾ ਅਤੇ ਲੁੱਟ ਉਹ ਦੇ ਵਿੱਚ ਸੁੱਣੀ ਜਾਂਦੀ ਹੈ, ਮੇਰੇ ਅੱਗੇ ਸਦਾ ਬਿਮਾਰੀ ਅਤੇ ਘਾਉ ਹਨ।
8 ਹੇ ਯਰੂਸ਼ਲਮ, ਸਿੱਖਿਆ ਲੈ, ਮਤੇ ਮੇਰਾ ਦਿਲ ਤੈਥੋਂ ਖੱਟਾ ਪੈ ਜਾਵੇ, ਮਤੇ ਮੈਂ ਤੈਨੂੰ ਵਿਰਾਨ ਕਰ ਛੱਡਾਂ, ਅਤੇ ਮੈਂ ਤੈਨੂੰ ਬੇ ਚਿਰਾਗ ਕਰ ਦਿਆਂ!।।
9 ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਓਹ ਇਸਰਾਏਲ ਦੀ ਰਹਿੰਦ ਖੂੰਧ ਨੂੰ ਅੰਗੂਰ ਵਾਂਙੁ ਉੱਕਾ ਹੀ ਚੁਗ ਲੈਣਗੇ, ਤੂੰ ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਙੁ ਟਹਿਣੀਆਂ ਉੱਤੇ ਫੇਰ।
10 ਮੈਂ ਕਿਹ ਨੂੰ ਬੋਲਾਂ ਅਤੇ ਕਿਹ ਨੂੰ ਜਤਾਵਾਂ, ਭਈ ਓਹ ਸੁਣਨ? ਵੇਖੋ, ਓਹਨਾਂ ਦੇ ਕੰਨ ਬੇਸੁੰਨਤੇ ਹਨ, ਓਹ ਧਿਆਨ ਨਹੀਂ ਦੇ ਸੱਕਦੇ, ਵੇਖੋ, ਯਹੋਵਾਹ ਦਾ ਬਚਨ ਓਹਨਾਂ ਲਈ ਇੱਕ ਨਿਆਦਰੀ ਹੈ, ਓਹ ਉਸ ਦੇ ਵਿੱਚੋਂ ਮਗਨ ਨਹੀਂ ਹਨ।
11 ਮੈਂ ਯਹੋਵਾਹ ਦੇ ਗਜ਼ਬ ਨਾਲ ਭਰਿਆ ਹੋਇਆ ਹਾਂ, ਮੈਂ ਉਹ ਨੂੰ ਸਹਿੰਦਾ ਸਹਿੰਦਾ ਥੱਕ ਗਿਆ ਹਾਂ, ਇਹ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇਹ, ਨਾਲੇ ਜੁਆਨਾਂ ਦੇ ਇਕੱਠ ਉੱਤੇ ਵੀ। ਨਾਲੇ ਮਨੁੱਖ ਆਪਣੀ ਤੀਵੀਂ ਨਾਲ ਫੜਿਆ ਜਾਵੇਗਾ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ।
12 ਓਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ, ਨਾਲੇ ਓਹਨਾਂ ਦੇ ਖੇਤ ਅਤੇ ਓਹਨਾਂ ਦੀਆਂ ਤੀਵੀਆਂ ਵੀ, ਮੈਂ ਆਪਣਾ ਹੱਥ ਦੇਸ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਯਹੋਵਾਹ ਦਾ ਵਾਕ ਹੈ।
13 ਓਹਨਾਂ ਵਿੱਚ ਛੋਟੇ ਤੈਂ ਲੈ ਕੇ ਵੱਡੇ ਤੀਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।
14 ਓਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਓਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।
15 ਕੀ ਓਹ ਲੱਜਿਆਵਾਨ ਹੋਏ ਜਦ ਓਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਮੂਲੋਂ ਹੀ ਲੱਜਿਆਵਾਨ ਨਾ ਹੋਏ! ਓਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਏਸ ਲਈ ਓਹ ਡਿੱਗਿਆ ਹੋਇਆਂ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਓਹਨਾਂ ਦੀ ਖ਼ਬਰ ਲਵਾਂਗਾ। ਓਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ।।
16 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਭਈ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ, ਪਰ ਓਹਨਾਂ ਆਖਿਆ, ਅਸੀਂ ਉਸ ਵਿੱਚ ਨਾ ਚੱਲਾਂਗੇ।
17 ਮੈਂ ਤੁਹਾਡੇ ਉੱਤੇ ਰਾਖੇ ਠਹਿਰਾਏ ਅਤੇ ਆਖਿਆ, ਤੁਸੀਂ ਤੁਰ੍ਹੀ ਦੀ ਅਵਾਜ਼ ਵੱਲ ਧਿਆਨ ਦਿਓ, ਪਰ ਓਹਨਾਂ ਆਖਿਆ, ਅਸੀਂ ਧਿਆਨ ਨਾ ਦੇਵਾਂਗੇ।
18 ਏਸ ਲਈ ਹੇ ਕੌਮੋ, ਤੁਸੀਂ ਸੁਣੋ, ਹੇ ਮੰਡਲੀ, ਤੂੰ ਜਾਣ ਜੋ ਓਹਨਾਂ ਉੱਤੇ ਕੀ ਹੋਣ ਵਾਲਾ ਹੈ।
19 ਹੇ ਧਰਤੀ, ਸੁਣ! ਮੈਂ ਏਸ ਪਰਜਾ ਉੱਤੇ ਬੁਰਿਆਈ ਲਿਆ ਰਿਹਾ ਹਾਂ। ਇਹ ਓਹਨਾਂ ਦੇ ਵਿਚਾਰਾਂ ਦਾ ਫਲ ਹੈ, ਓਹਨਾਂ ਨੇ ਤਾਂ ਮੇਰੇ ਬਚਨ ਉੱਤੇ ਧਿਆਨ ਨਹੀਂ ਦਿੱਤਾ, ਮੇਰੀ ਬਿਵਸਥਾ ਨੂੰ ਓਹਨਾਂ ਨੇ ਰੱਦ ਕਰ ਦਿੱਤਾ।
20 ਕਾਹਦੇ ਲਈ ਸ਼ਬਾ ਤੋਂ ਲੋਬਾਨ ਅਤੇ ਦੂਰ ਦੇਸ ਤੋਂ ਬੇਦ ਮੁਸ਼ਕ ਮੇਰੇ ਕੋਲ ਆਉਂਦੇ ਹਨ? ਤੇਰੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ, ਅਤੇ ਤੇਰੀਆਂ ਬਲੀਆਂ ਮੈਨੂੰ ਪਸੰਦ ਨਹੀਂ।
21 ਏਸ ਲਈ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਏਸ ਪਰਜਾ ਦੇ ਅੱਗੇ ਠੇਡਾ ਖਾਣ ਵਾਲੀਆਂ ਚੀਜ਼ਾਂ ਰੱਖਾਂਗਾ, ਪਿਉ ਅਤੇ ਪੁੱਤ੍ਰ ਇਕੱਠੇ ਠੇਡਾ ਖਾਣਗੇ, ਗੁਆਂਢੀ ਅਤੇ ਉਹ ਦਾ ਮਿੱਤ੍ਰ ਨਾਸ ਹੋ ਜਾਣਗੇ।।
22 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੋਖੋ, ਲੋਕ ਉੱਤਰ ਦੇਸ ਵੱਲੋਂ ਲਗੇ ਆਉਂਦੇ ਹਨ, ਅਤੇ ਇੱਕ ਵੱਡੀ ਕੌਮ ਧਰਤੀ ਦੀਆਂ ਹੱਦਾਂ ਤੋਂ ਜਾਗ ਉੱਠੀ ਹੈ।
23 ਓਹ ਧਣੁਖ ਅਤੇ ਬਰਛਾ ਫੜਦੇ ਹਨ, ਓਹ ਜ਼ਾਲਮ ਅਤੇ ਬੇਰਹਮ ਹਨ, ਓਹਨਾਂ ਦੀ ਅਵਾਜ਼ ਸਮੁੰਦਰ ਵਾਂਙੁ ਗੱਜਦੀ ਹੈ, ਓਹ ਘੋੜਿਆਂ ਉੱਤੇ ਚੜ੍ਹਦੇ ਹਨ, ਓਹ ਜੰਗੀ ਮਨੁੱਖਾਂ ਵਾਂਙੁ ਪਾਲਾਂ ਬੰਨ੍ਹਦੇ ਹਨ, ਹੇ ਸੀਯੋਨ ਦੀਏ ਧੀਏ, ਤੇਰੇ ਵਿਰੁੱਧ!
24 ਅਸਾਂ ਉਹ ਦੀ ਖ਼ਬਰ ਸੁਣੀ ਹੈ, ਸਾਡੇ ਹੱਥ ਢਿੱਲੇ ਪੈ ਗਏ ਹਨ, ਸਾਨੂੰ ਦੁੱਖ ਲੱਗਾ, ਜਿਵੇਂ ਜਣਨ ਵਾਲੀ ਤੀਵੀਂ ਨੂੰ ਪੀੜਾਂ।
25 ਖੇਤ ਵਿੱਚ ਨਾ ਜਾਓ ਨਾ ਰਾਹ ਵਿੱਚ ਚੱਲੋ, ਕਿਉਂ ਜੋ ਵੈਰੀ ਦੇ ਕੋਲ ਤਲਵਾਰ ਹੈ, ਅਤੇ ਹਰ ਪਾਸਿਓਂ ਭੈ ਹੈ।
26 ਹੇ ਮੇਰੀ ਪਰਜਾ ਦੀਏ ਧੀਏ, ਆਪਣੇ ਲੱਕ ਉੱਤੇ ਤੱਪੜ ਬਨ੍ਹ, ਅਤੇ ਸੁਆਹ ਵਿੱਚ ਲੇਟ ਰਹੁ। ਤੂੰ ਸੋਗ ਕਰ ਜਿਵੇਂ ਇੱਕਲੌਤੇ ਪੁੱਤ੍ਰ ਉੱਤੇ ਕਰੀਦਾ ਹੈ, ਤੂੰ ਬਹੁਤ ਭਾਰੀ ਸਿਆਪਾ ਕਰ, - ਸੱਤਿਆ ਨਾਸ ਕਰਨ ਵਾਲਾ ਅਚਾਣਕ ਸਾਡੇ ਉੱਤੇ ਪਵੇਗਾ।।
27 ਮੈਂ ਤੈਨੂੰ ਆਪਣੀ ਪਰਜਾ ਵਿੱਚ ਇੱਕ ਬੁਰਜ ਅਤੇ ਇੱਕ ਗੜ੍ਹ ਬਣਾਇਆ ਹੈ, ਭਈ ਤੂੰ ਓਹਨਾਂ ਦੇ ਰਾਹਾਂ ਨੂੰ ਜਾਣੇਂ ਅਤੇ ਪਰਖੇਂ।
28 ਓਹ ਸਾਰਿਆਂ ਦੇ ਸਾਰੇ ਢੀਠ ਤੇ ਆਕੀ ਹਨ, ਓਹ ਚੁਗਲੀਆਂ ਕਰਦੇ ਫਿਰਦੇ ਹਨ, ਓਹ ਪਿੱਤਲ ਅਤੇ ਲੋਹਾ ਹਨ, ਓਹ ਸਾਰੀਆਂ ਦੇ ਸਾਰੇ ਭੈੜੇ ਕੰਮ ਕਰਦੇ ਹਨ।
29 ਧੌਕਣੀ ਜ਼ੋਰ ਨਾਲ ਫੂਕਦੇ ਹਨ, ਸਿੱਕਾ ਅੱਗ ਨਾਲ ਭਸਮ ਹੋ ਜਾਂਦਾ ਹੈ, ਸਾਫ ਕਰਨ ਦਾ ਕੰਮ ਐਵੇਂ ਜਾਂਦਾ ਹੈ, ਪਰ ਬੁਰਿਆਰ ਵੱਖ ਨਹੀਂ ਹੋਏ।
30 ਓਹ “ਰੱਦੀ ਚਾਂਦੀ” ਅਖਵਾਉਣਗੇ, ਕਿਉਂਕਿ ਯਹੋਵਾਹ ਨੇ ਓਹਨਾਂ ਨੂੰ ਰੱਦ ਕੀਤਾ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×