Bible Versions
Bible Books

Acts 22 (PAV) Punjabi Old BSI Version

1 ਹੇ ਭਰਾਵੋ ਅਤੇ ਹੇ ਪਿਤਰੋ, ਮੇਰਾ ਇਹ ਉਜ਼ਰ ਜੋ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ।।
2 ਉਨ੍ਹਾਂ ਨੇ ਜਾਂ ਸੁਣਿਆ ਜੋ ਉਹ ਇਬਰਾਨੀ ਭਾਖਿਆ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ ਤਾਂ ਹੋਰ ਵੀ ਚੁੱਪ ਰਹਿ ਗਏ। ਤਦ ਉਹ ਬੋਲਿਆ,
3 ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਿਕਿਯਾ ਦੇ ਤਰਸੁਸ ਵਿੱਚ ਜੰਮਿਆ ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ ਦਾਦਿਆਂ ਦੀ ਸ਼ਰਾ ਪੂਰੇ ਚੱਜ ਨਾਲ ਸਿੱਖੀ ਅਤੇ ਪਰਮੇਸ਼ੁਰ ਦੇ ਲਈ ਅਜਿਹਾ ਹੀ ਅਣਖੀ ਸਾਂ ਜਿਹੇ ਤੁਸੀਂ ਸਭ ਅੱਜ ਦੇ ਦਿਨ ਹੋ
4 ਅਰ ਮੈਂ ਪੁਰਖਾਂ ਅਤੇ ਤੀਵੀਆਂ ਨੂੰ ਬੰਨ੍ਹ ਬੰਨ੍ਹ ਕੇ ਅਰ ਕੈਦ ਵਿੱਚ ਪੁਆ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤੀਕੁਰ ਸਤਾਇਆ
5 ਜਿਵੇਂ ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲੋਂ ਮੈਂ ਭਾਈਆਂ ਦੇ ਨਾਉਂ ਚਿੱਠੀਆਂ ਵੀ ਲੈ ਕੇ ਦੰਮਿਸਕ ਨੂੰ ਜਾਂਦਾ ਸਾਂ ਭਈ ਓਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਯਰੂਸ਼ਲਮ ਵਿੱਚ ਬੱਧੇ ਹੋਏ ਲਿਆਵਾਂ
6 ਅਤੇ ਐਉਂ ਹੋਇਆ ਕਿ ਜਾਂ ਮੈਂ ਤੁਰਦੇ ਤੁਰਦੇ ਦੰਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰਕੁ ਦੇ ਵੇਲੇ ਚੁਫੇਰੇ ਅਚਾਣਕ ਅਕਾਸ਼ੋਂ ਵੱਡੀ ਜੋਤ ਚਮਕੀ
7 ਅਰ ਮੈਂ ਜਮੀਨ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂॽ
8 ਤਦ ਮੈਂ ਉੱਤਰ ਦਿੱਤਾ ਕਿ ਪ੍ਰਭੁ ਜੀ ਤੂੰ ਕੌਣ ਹੈਂॽ ਉਹ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ
9 ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ ਪਰ ਉਹ ਦੀ ਅਵਾਜ਼ ਜੋ ਮੇਰੇ ਸੰਗ ਬੋਲਦਾ ਸੀ ਨਾ ਸੁਣੀ
10 ਫੇਰ ਮੈਂ ਕਿਹਾ, ਹੇ ਪ੍ਰਭੁ ਮੈ ਕੀ ਕਰਾਂॽ ਪ੍ਰਭੁ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾਹ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ
11 ਜਾਂ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸੱਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜੀ ਦੰਮਿਸਕ ਵਿੱਚ ਆਇਆ
12 ਅਰ ਇੱਕ ਮਨੁੱਖ ਹਨਾਨਿਯਾਹ ਨਾਮੇ ਜੋ ਸ਼ਰਾ ਦੀ ਰੀਤ ਮੂਜਬ ਭਗਤ ਲੋਕ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ
13 ਮੇਰੇ ਕੋਲ ਆਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਸੁਜਾਖਾ ਹੋ ਜਾਹ, ਅਰ ਓਸੇ ਵੇਲੇ ਮੈਂ ਉਹ ਦੇ ਉੱਤੇ ਨਜ਼ਰ ਕੀਤੀ
14 ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ
15 ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੈਂ ਵੇਖੀਆਂ ਅਤੇ ਸੁਣੀਆਂ ਹਨ
16 ਹੁਣ ਤੂੰ ਕਿਉਂ ਢਿੱਲ ਕਰਦਾ ਹੈਂॽ ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ
17 ਅਤੇ ਐਉਂ ਹੋਇਆ ਕਿ ਜਾਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁਧ ਹੋ ਗਿਆ
18 ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਸ਼ਤਾਬੀ ਨਿੱਕਲ ਜਾਹ ਕਿਉਂ ਜੋ ਓਹ ਮੇਰੇ ਹੱਕ ਵਿੱਚ ਤੇਰੀ ਸਾਖੀ ਨਾ ਮੰਨਣਗੇ
19 ਮੈਂ ਆਖਿਆ, ਹੇ ਪ੍ਰਭੁ ਓਹ ਆਪ ਜਾਣਦੇ ਹਨ ਜੋ ਮੈਂ ਉਨ੍ਹਾਂ ਨੂੰ ਜਿਨ੍ਹਾਂ ਤੇਰੇ ਉੱਤੇ ਨਿਹਚਾ ਕੀਤੀ ਕੈਦ ਕਰਦਾ ਅਤੇ ਹਰੇਕ ਸਮਾਜ ਵਿੱਚ ਮਾਰਦਾ ਸਾਂ
20 ਅਰ ਜਾਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਭੀ ਕੋਲ ਖੜਾ ਅਤੇ ਰਾਜ਼ੀ ਸਾਂ ਅਤੇ ਉਹ ਦੇ ਖੂਨੀਆਂ ਦੇ ਬਸਤ੍ਰਾਂ ਦੀ ਰਾਖੀ ਕਰਦਾ ਸਾਂ
21 ਤਾਂ ਓਨ ਮੈਨੂੰ ਆਖਿਆ ਕਿ ਤੁਰ ਜਾਹ ਕਿਉਂ ਜੋ ਮੈਂ ਤੈਨੂੰ ਦੂਰ ਵਾਟ ਪਰਾਈਆਂ ਕੌਮਾਂ ਦੇ ਕੋਲ ਘੱਲਾਗਾਂ।।
22 ਓਹ ਏਸ ਗੱਲ ਤੀਕੁਰ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਭਈ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਜੋਗ ਨਹੀਂ!
23 ਜਾਂ ਉਹ ਧੁੰਮ ਮਚਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ
24 ਤਾਂ ਸਰਦਾਰ ਨੇ ਹੁਕਮ ਦਿੱਤਾ ਜੋ ਉਹ ਨੂੰ ਕਿਲੇ ਵਿੱਚ ਲਿਆਉਣ ਅਤੇ ਆਖਿਆ ਭਈ ਉਹ ਨੂੰ ਕੋਰੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਾਲੂਮ ਹੋਵੇ ਕਿ ਓਹ ਕਿਸ ਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ
25 ਜਾਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਜਕੜਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜਾ ਸੀ ਆਖਿਆ, ਕੀ ਤੁਹਾਨੂੰ ਜੋਗ ਹੈ ਜੋ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾ ਕੋਰੜੇ ਮਾਰੋॽ
26 ਜਾਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੋ ਹੋॽ ਇੱਹ ਮਨੁੱਖ ਤਾਂ ਰੋਮੀ ਹੈ!
27 ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਤੂੰ ਰੋਮੀ ਹੈਂॽ ਉਹ ਬੋਲਿਆ, ਹਾਂ ਜੀ
28 ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖਰਚ ਕੇ ਇਹ ਮਰਾਤਬਾ ਪਾਇਆ ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ
29 ਉਪਰੰਤ ਜਿਹੜੇ ਉਹ ਨੂੰ ਪਰਤਾਉਣ ਲੱਗੇ ਸਨ ਓਹ ਝੱਟ ਉਹ ਦੇ ਕੋਲੋਂ ਹਟ ਗਏ ਅਤੇ ਸਰਦਾਰ ਭੀ ਇਹ ਜਾਣ ਕੇ ਭਈ ਉਹ ਰੋਮੀ ਹੈ ਅਤੇ ਮੈਂ ਉਹਨੂੰ ਬੰਨ੍ਹਿਆ, ਡਰ ਗਿਆ।।
30 ਅਗਲੇ ਭਲਕ ਉਸ ਨੇ ਇਸ ਇਰਾਦੇ ਨਾਲ ਜੋ ਹਕੀਕਤ ਮਲੂਮ ਕਰੇ ਭਈ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਹ ਨੂੰ ਖੋਲ੍ਹ ਦਿੱਤਾ ਅਤੇ ਪਰਧਾਨ ਜਾਜਕਾਂ ਅਤੇ ਸਾਰੀ ਮਹਾ ਸਭਾ ਦੇ ਇਕੱਠੇ ਹੋਣ ਦਾ ਹੁਕਮ ਦਿੱਤਾ। ਫੇਰ ਉਸ ਨੇ ਪੌਲੁਸ ਨੂੰ ਹੇਠ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜਾ ਕੀਤਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×