Bible Versions
Bible Books

Jude 1 (PAV) Punjabi Old BSI Version

1 ਲਿਖਤੁਮ ਯਹੂਦਾਹ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਅੱਗੇ ਜੋਗ ਉਨ੍ਹਾਂ ਨੂੰ ਜਿਹੜੇ ਸੱਦੇ ਹੋਏ ਅਤੇ ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਰੱਖੇ ਹੋਏ ਹਨ,
2 ਤੁਹਾਡੇ ਲਈ ਰਹਮ, ਸ਼ਾਂਤੀ ਅਤੇ ਪ੍ਰੇਮ ਵੱਧ ਤੋਂ ਵੱਧ ਹੁੰਦਾ ਜਾਵੇ।।
3 ਪਿਆਰਿਓ, ਜਦੋਂ ਸਾਡੀ ਸਾਂਝੀ ਮੁਕਤੀ ਦੇ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਚਾਹ ਕਰਦਾ ਸਾਂ ਤਾਂ ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰੋ
4 ਕਿਉਂ ਜੋ ਕਈ ਮਨੁੱਖ ਚੋਰੀਂ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਰਾਚੀਨ ਕਾਲ ਵਿੱਚ ਅਗੇਤਰੇ ਲਿਖੇ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੁ ਹੈ ਇਨਕਾਰ ਕਰਦੇ ਹਨ।।
5 ਹੁਣ ਭਾਵੇਂ ਤੁਸੀਂ ਇੱਕੋ ਵਾਰ ਸੱਭੋ ਕੁਝ ਜਾਣ ਵੀ ਚੁੱਕੇ ਹੋ ਤਾਂ ਵੀ ਮੈਂ ਤੁਹਾਨੂੰ ਚਿਤਾਰਿਆ ਚਾਹੁੰਦਾ ਹਾਂ ਭਈ ਪ੍ਰਭੁ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ ਪਿੱਛੋਂ ਉਨ੍ਹਾਂ ਦਾ ਜਿਨ੍ਹਾਂ ਪਰਤੀਤ ਨਾ ਕੀਤੀ ਨਾਸ ਕੀਤਾ
6 ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ
7 ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਲਾਂਭ ਛਾਂਭ ਦੇ ਨਗਰ ਏਹਨਾਂ ਵਾਂਙੁ ਹਰਾਮਕਾਰੀ ਕਰ ਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਹੋਏ ਹਨ
8 ਤਾਂ ਵੀ ਇਸੇ ਤਰਾਂ ਏਹ ਵੀ ਆਪਣੇ ਸੁਫ਼ਨਿਆਂ ਵਿੱਚ ਸਰੀਰ ਨੂੰ ਭ੍ਰਿਸ਼ਟ ਕਰਦੇ, ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ
9 ਪਰ ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ!
10 ਪਰ ਇਹ ਲੋਕ ਜੋ ਕੁਝ ਓਹ ਜਾਣਦੇ ਹੀ ਨਹੀਂ ਓਹ ਦੇ ਵਿਖੇ ਕੁਫ਼ਰ ਬਕਦੇ ਹਨ ਅਤੇ ਜੋ ਕੁਝ ਬੇ ਅਕਲ ਪਸੂਆਂ ਵਰਗੇ ਸੁਭਾਉ ਨਾਲ ਹੀ ਜਾਣਦੇ ਹਨ ਉਸ ਵਿੱਚ ਨਾਸ ਹੋ ਜਾਂਦੇ ਹਨ
11 ਹਾਇ ਉਨ੍ਹਾਂ ਨੂੰ! ਕਿਉਂ ਜੋ ਓਹ ਕਇਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਆਮ ਦੇ ਭਰਮ ਵਿੱਚ ਸਿਰ ਤੋੜ ਭੱਜੇ ਅਤੇ ਕੋਰਾਹ ਦੇ ਵਿਰੋਧ ਵਿੱਚ ਨਾਸ ਹੋਏ
12 ਏਹ ਓਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ ਏਹ ਆਪਣੇ ਹੀ ਢਿੱਡ ਭਰਦੇ ਹਨ ਏਹ ਪੌਣਾਂ ਦੇ ਉਡਾਏ ਹੋਕੇ ਸੁੱਕੇ ਬੱਦਲ ਹਨ ਏਹ ਪੱਤ ਝੜ ਰੁੱਤ ਦੇ ਬਿਰਛ ਹਨ ਜੋ ਅਫਲ, ਦੋ ਵਾਰੀ ਮੋਏ ਅਤੇ ਜੜ੍ਹੋਂ ਪੁੱਟੇ ਹੋਏ ਹਨ
13 ਏਹ ਸਮੁੰਦਰ ਦੀਆਂ ਸ਼ੂਕਰਦੀਆਂ ਠਾਠਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ ਏਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੀਕ ਦਾ ਅਨ੍ਹੇਰ ਘੁੱਪ ਘੇਰ ਰੱਖ ਛੱਡਿਆ ਹੋਇਆ ਹੈ
14 ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਏਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ
15 ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰੀਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰਾਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ
16 ਏਹ ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਦੇ ਹਨ ਅਤੇ ਮੂੰਹੋਂ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਹੇ ਪਿੱਛੋਂ ਮੂੰਹ ਉੱਤੇ ਵਡਿਆਈ ਕਰਦੇ ਹਨ।।
17 ਪਰ ਤੁਸੀਂ ਹੇ ਪਿਆਰਿਓ, ਇਨ੍ਹਾਂ ਗੱਲਾਂ ਨੂੰ ਚੇਤੇ ਰੱਖੋ ਜੋ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਸੂਲ ਨੇ ਅੱਗੋਂ ਆਖੀਆਂ
18 ਭਈ ਉਨ੍ਹਾਂ ਨੇ ਤੁਹਾਨੂੰ ਕਿਹਾ ਜੋ ਅੰਤ ਤੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੇ ਸ਼ਤਾਨੀ ਕਾਮਨਾਂ ਦੇ ਅਨੁਸਾਰ ਚੱਲਣਗੇ
19 ਏਹ ਓਹੋ ਹਨ ਜਿਹੜੇ ਧੜੇਬਾਜ਼, ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ
20 ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ
21 ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ
22 ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ ਦਯਾ ਕਰੋ
23 ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਖਿੱਚ ਕੇ ਬਚਾਓ, ਅਤੇ ਓਸ ਬਸਤ੍ਰ ਤੋਂ ਵੀ ਜਿਹ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਗ ਕਰਦੇ ਹੋਏ ਕਿੰਨਿਆ ਉੱਤੇ ਭੈ ਨਾਲ ਦਯਾ ਕਰੋ ।।
24 ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸੱਕਦਾ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਸਹਿਤ ਨਿਰਮਲ ਖੜਾ ਕਰ ਸੱਕਦਾ ਹੈ
25 ਓਸੇ ਦੀ ਅਰਥਾਤ ਓਸ ਅਦੁਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀ ਦਾਤਾ ਹੈ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੀਕੁਰ ਮਹਿਮਾ, ਪਰਾਕ੍ਰਮ, ਮਹਾਨਤਾ ਅਤੇ ਇਖ਼ਤਿਆਰ ਹੋਵੇ।। ਆਮੀਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×