Bible Versions
Bible Books

Ezra 9 (PAV) Punjabi Old BSI Version

1 ਜਦ ਏਹ ਸਭ ਕੁਝ ਹੋ ਚੁੱਕਿਆ ਤਾਂ ਸਰਦਾਰਾਂ ਨੇ ਮੇਰੇ ਕੋਲ ਆਣ ਕੇ ਆਖਿਆ ਕਿ ਇਸਰਾਏਲ ਦੀ ਪਰਜਾ, ਜਾਜਕ ਤੇ ਲੇਵੀ ਦੇਸਾਂ ਦੀਆਂ ਉੱਮਤਾਂ ਤੋਂ ਅੱਡ ਨਹੀਂ ਰਹੇ ਹਨ ਪਰ ਕਨਾਨੀਆਂ, ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ ਤੇ ਅਮੋਰੀਆਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਕਰਦੇ ਹਨ
2 ਕਿਉਂ ਜੋ ਓਹਨਾਂ ਨੇ ਉਨ੍ਹਾਂ ਦੀਆਂ ਧੀਆਂ ਵਿੱਚੋਂ ਆਪਣੇ ਲਈ ਤੇ ਆਪਣੇ ਪੁੱਤ੍ਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤ੍ਰ ਅੰਸ ਦੇਸਾਂ ਦੀਆਂ ਉੱਮਤਾਂ ਵਿੱਚ ਰਲ ਮਿਲ ਗਈ ਹੈ ਅਤੇ ਏਸ ਬੇਈਮਾਨੀ ਵਿੱਚ ਸਰਦਾਰਾਂ ਤੇ ਹਾਕਮਾਂ ਦਾ ਹੱਥ ਅੱਗੇ ਹੈ
3 ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤ੍ਰ ਅਤੇ ਆਪਣੀ ਚਾਦਰ ਪਾੜ ਛੱਡੀ ਅਤੇ ਸਿਰ ਤੇ ਦਾਹੜੀ ਦੇ ਬਾਲ ਪੁੱਟ ਸੁੱਟੇ ਅਰ ਨਿਮੂਝਾਣਾ ਹੋ ਕੇ ਬੈਠ ਗਿਆ
4 ਤਦ ਓਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ ਉਨ੍ਹਾਂ ਅਸੀਰਾਂ ਦੀ ਬੇ ਈਮਾਨੀ ਦੇ ਕਾਰਨ ਮੇਰੇ ਕੋਲ ਇੱਕਠੇ ਹੋ ਗਏ ਅਤੇ ਮੈਂ ਸੰਝ ਦੀ ਬਲੀ ਦੇ ਚੜ੍ਹਾਉਣ ਤੀਕ ਨਿਮੂਝਾਣਾ ਬੈਠਾ ਰਿਹਾ
5 ਸੰਝ ਦੀ ਬਲੀ ਚੜ੍ਹਾਉਣ ਦੇ ਵੇਲੇ ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤ੍ਰ ਤੇ ਆਪਣੀ ਚਾਦਰ ਪਾੜ ਕੇ ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇ
6 ਤਾਂ ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੈਂ ਸ਼ਰਮਿੰਦਾ ਹਾਂ ਅਤੇ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ, ਮੇਰੇ ਪਰਮੇਸ਼ੁਰ, ਮੈਂ ਲੱਜਿਆਵਾਨ ਹਾਂ ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਦੇ ਉੱਪਰ ਤੋਂ ਵੀ ਵੱਧ ਗਏ ਹਨ ਅਤੇ ਸਾਡੀਆਂ ਬਦਕਾਰੀਆਂ ਅਕਾਸ਼ ਤੀਕ ਪੁੱਜ ਗਈਆਂ ਹਨ!
7 ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਅਸੀਂ ਵੱਡੀ ਬਦਕਾਰੀ ਵਿੱਚ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਤੇ ਸਾਡੇ ਪਾਤਸ਼ਾਹ ਤੇ ਸਾਡੇ ਜਾਜਕ ਇਨ੍ਹਾਂ ਦੇਸਾਂ ਦੇ ਪਾਤਸ਼ਾਹਾਂ ਦੇ ਹੱਥ ਵਿੱਚ ਤਲਵਾਰ ਲਈ, ਅਸੀਰੀ ਲਈ, ਲੁੱਟਣ ਲਈ ਅਤੇ ਸ਼ਰਮ ਨਾਲ ਮੂੰਹ ਦੀ ਝੁਲਸ ਲਈ ਹਵਾਲੇ ਕੀਤੇ ਗਏ ਹਾਂ ਜਿਵੇਂ ਅੱਜ ਦੇ ਦਿਨ ਹੈ
8 ਹੁਣ ਥੋੜੇ ਚਿਰ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਦਾ ਤਰਸ ਸਾਡੇ ਉੱਤੇ ਹੋਇਆ ਹੈ ਅਤੇ ਉਸ ਨੇ ਸਾਡਾ ਕੁਝ ਕੁ ਬਕੀਆ ਬਚਾ ਦਿੱਤਾ ਹੈ ਅਤੇ ਸਾਨੂੰ ਉਸ ਨੇ ਆਪਣੇ ਪਵਿੱਤ੍ਰ ਅਸਥਾਨ ਵਿੱਚ ਇੱਕ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ੁਰ ਸਾਡੀਆਂ ਅੱਖਾਂ ਨੂੰ ਰੋਸ਼ਨ ਕਰੇ ਅਤੇ ਸਾਡੀ ਗੁਲਾਮੀ ਵਿੱਚ ਥੋੜੀ ਜਿਹੀ ਤਾਜ਼ੀ ਜ਼ਿੰਦਗੀ ਬਖਸ਼ੇ
9 ਕਿਉਂ ਜੋ ਅਸੀਂ ਤਾਂ ਗੁਲਾਮ ਹਾਂ ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਾਡੀ ਗੁਲਾਮੀ ਵਿੱਚ ਨਹੀਂ ਛੱਡ ਦਿੱਤਾ ਸਗੋਂ ਫਾਰਸ ਦੇ ਪਾਤਸ਼ਾਹ ਦੇ ਅੱਗੇ ਸਾਡੀ ਵੱਲ ਆਪਣੀ ਦਯਾ ਨੂੰ ਵਧਾਇਆ ਕਿ ਸਾਨੂੰ ਤਾਜ਼ੀ ਜਿੰਦਗੀ ਬਖਸ਼ੇ ਭਈ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਉਸਾਰੀਏ ਅਤੇ ਉਸ ਦੇ ਵਿਰਾਨਿਆਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾਹ ਤੇ ਯਰੂਸ਼ਲਮ ਵਿੱਚ ਓਟ ਦੇਵੇ
10 ਹੁਣ ਹੇ ਸਾਡੇ ਪਰਮੇਸ਼ੁਰ, ਏਸ ਦੇ ਪਿੱਛੋਂ ਅਸੀਂ ਤੈਨੂੰ ਕੀ ਆਖੀਏ? ਕਿਉਂ ਜੋ ਅਸੀਂ ਤੇਰੇ ਹੁਕਮਾਂ ਨੂੰ ਵਿਸਾਰ ਬੈਠੇ ਹਾਂ
11 ਜਿਨ੍ਹਾਂ ਦਾ ਤੈਂ ਇਹ ਆਖ ਕੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਹਨੂੰ ਤੁਸੀਂ ਕਬਜੇ ਵਿੱਚ ਲੈਣ ਲਈ ਜਾਂਦੇ ਹੋ ਉਹ ਦੇਸਾਂ ਦੀਆਂ ਉੱਮਤਾਂ ਦਿਆਂ ਘਿਣਾਉਣੇ ਕੰਮਾਂ ਤੋਂ ਇੱਕ ਨਾਪਾਕ ਧਰਤੀ ਹੈ ਜਿਹਨੂੰ ਉਨ੍ਹਾਂ ਨੇ ਏਸ ਸਿਰੇ ਤੋਂ ਉਸ ਸਿਰੇ ਤੀਕ ਭਰਿਸ਼ਟ ਕਰਕੇ ਭਰ ਛੱਡਿਆ ਹੈ
12 ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤ੍ਰਾਂ ਲਈ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਤੀਵੀਆਂ ਬਣਾਉਣ ਨੂੰ ਨਾ ਲਿਓ ਅਤੇ ਨਾ ਹੀ ਸਦਾ ਲਈ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਭਾਲਿਓ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੇ ਪਦਾਰਥ ਖਾਓ ਅਤੇ ਆਪਣੀ ਅੰਸ ਦੀ ਸਦੀਪਕ ਮੀਰਾਸ ਲਈ ਉਹ ਨੂੰ ਛੱਡ ਜਾਓ
13 ਅਤੇ ਇਨ੍ਹਾਂ ਆਫਤਾਂ ਦੇ ਪਿੱਛੋਂ ਜਿਹੜੀਆਂ ਸਾਡੇ ਬੁਰੇ ਕੰਮਾਂ ਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ੁਰ, ਤੈਂ ਸਾਡੇ ਪਾਪਾਂ ਨਾਲੋਂ ਸਾਨੂੰ ਥੋੜੀ ਸਜ਼ਾ ਦਿੱਤੀ ਸਗੋਂ ਇਜੇਹਾ ਛੁਟਕਾਰਾ ਸਾਨੂੰ ਦਿੱਤਾ,-
14 ਕੀ ਅਸੀਂ ਤੇਰੇ ਹੁਕਮਾਂ ਨੂੰ ਫੇਰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਉੱਮਤਾਂ ਨਾਲ ਸਾਕ ਕਰੀਏ? ਕੀ ਤੇਰਾ ਕ੍ਰੋਧ ਏਥੇ ਤੀਕ ਸਾਡੇ ਉੱਤੇ ਨਾ ਭੜਕੇਗਾ ਕਿ ਸਾਡਾ ਕੱਖ ਵੀ ਨਾ ਰਹੇ, ਨਾ ਕੋਈ ਬਕੀਆ ਨਾ ਛੁਟਕਾਰਾ?
15 ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਤੂੰ ਧਰਮਾਤਮਾ ਹੈਂ ਤਾਂ ਅਸੀਂ ਅੱਜ ਤੀਕ ਛੁਡਾਏ ਹੋਏ ਰਹਿੰਦੇ ਹਾਂ। ਵੇਖ, ਅਸੀਂ ਆਪਣੇ ਦੋਸ਼ਾਂ ਵਿੱਚ ਤੇਰੇ ਸਨਮੁਖ ਹਾਂ ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਹਜ਼ੂਰ ਖੜਾ ਰਹਿ ਸੱਕੇ? ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×