Bible Versions
Bible Books

Judges 5 (PAV) Punjabi Old BSI Version

1 ਉੱਸੇ ਦਿਨ ਦਬੋਰਾਹ ਤੇ ਅਬੀਨੋਅਮ ਬਾਰਾਕ ਨੇ ਇਉਂ ਗਾਇਆ,-
2 ਇਸਰਾਏਲ ਦੇ ਸਰਦਾਰਾਂ ਦੀ ਸਰਦਾਰੀ ਲਈ, ਅਤੇ ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾਹ ਨੂੰ ਧੰਨ ਆਖੋ! ।।
3 ਹੇ ਰਾਜਿਓ, ਸੁਣੋ ਅਤੇ ਹੇ ਰਾਜ ਪੁੱਤ੍ਰੋ, ਕੰਨ ਲਾਓ! ਮੈਂ, ਹਾਂ, ਮੈਂ ਯਹੋਵਾਹ ਲਈ ਗਾਵਾਂਗੀ, ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਾਂਗੀ।
4 ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ, ਜਦ ਤੂੰ ਅਦੋਮ ਦੀ ਭੂਮੀ ਤੋਂ ਤੁਰਿਆ, ਤਾਂ ਧਰਤੀ ਵੀ ਕੰਬ ਉੱਠੀ, ਅਕਾਸ਼ ਵੀ ਚੋ ਪਏ, ਘਟਾਂ ਤੋਂ ਵੀ ਕਣੀਆਂ ਵਰ੍ਹੀਆਂ।
5 ਪਹਾੜ ਯਹੋਵਾਹ ਦੇ ਅੱਗਿਓਂ ਢਲ ਗਏ, ਏਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗਿਓਂ।।
6 ਅਨਾਥ ਦੇ ਪੁੱਤ੍ਰ ਸ਼ਮਗਰ ਦੇ ਦਿਨਾਂ ਵਿੱਚ, ਯਾਏਲ ਦੇ ਦਿਨਾਂ ਵਿੱਚ ਸੜਕਾਂ ਵੇਹਲੀਆਂ ਰਹਿੰਦੀਆਂ ਸਨ, ਅਤੇ ਰਾਹੀਂ ਪੈਹਿਆਂ ਦੇ ਰਾਹ ਤੁਰਦੇ ਸਨ।
7 ਇਸਰਾਏਲ ਵਿੱਚ ਆਗੂ ਮੁੱਕ ਗਏ, ਓਹ ਉੱਕਾ ਹੀ ਮੁੱਕ ਗਏ, ਜਦ ਤੀਕ ਮੈਂ, ਦਬੋਰਾਹ, ਨਾ ਉੱਠੀ, ਜਦ ਤੀਕ ਮੈਂ ਇਸਰਾਏਲ ਵਿੱਚ ਮਾਤਾ ਬਣ ਕੇ ਨਾ ਉੱਠੀ!
8 ਉਨ੍ਹਾਂ ਨੇ ਨਵੇਂ ਦਿਓਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ, ਇਰਾਏਲ ਦਿਆਂ ਚਾਲੀ ਹਜ਼ਾਰਾਂ ਵਿੱਚੋਂ ਇੱਕ ਢਾਲ ਯਾ ਇੱਕ ਬਰਛੀ ਵੀ ਦਿੱਸੀ?
9 ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਾ ਹੋਇਆ ਹੈ, ਜਿਨ੍ਹਾਂ ਨੇ ਆਪੋ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾਹ ਨੂੰ ਧੰਨ ਆਖੋ! ।।
10 ਹੇ ਬੱਗਿਆਂ ਖੋਤਿਆਂ ਉੱਤੇ ਚੜ੍ਹਨ ਵਾਲਿਓ! ਹੇ ਨਫ਼ੀਸ ਗਲੀਚਿਆਂ ਉੱਤੇ ਬੈਠਣ ਵਾਲਿਓ! ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਏਹ ਦਾ ਚਰਚਾ ਕਰੋ!
11 ਬਾਉਲੀਆਂ ਉੱਤੇ ਤੀਰ-ਬਾਜਾਂ ਦੀ ਅਵਾਜ਼ ਤੋਂ ਦੂਰ, ਉੱਥੇ ਓਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ,- ਇਸਰਾਏਲ ਵਿੱਚ ਉਹ ਦੇ ਧਰਮੀ ਕੰਮਾਂ ਨੂੰ ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ।।
12 ਜਾਗ ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ! ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤ੍ਰ! ਅਤੇ ਆਪਣੇ ਬੰਧੂਆਂ ਨੂੰ ਬੰਨ੍ਹ।
13 ਤਦ ਮੁਖੀਆਂ ਦੇ ਬਕੀਏ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ।
14 ਇਫ਼ਰਾਈਮ ਵਿੱਚੋਂ ਓਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੋਕ ਵਿੱਚ ਸੀ, ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ। ਮਾਕੀਰ ਵਿੱਚੋਂ ਹਾਕਮ ਉਤਰ ਆਏ, ਅਤੇ ਜ਼ਬੂਲੁਨ ਵਿੱਚੋਂ ਓਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ।
15 ਅਤੇ ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਯਿੱਸਾਕਾਰ ਤੇ ਬਾਰਾਕ ਵੀ। ਉਹ ਖੱਡ ਵਿੱਚ ਪੈਦਲ ਘੱਲਿਆ ਗਿਆ ਰਊਬੇਨ ਦੇ ਜਥਿਆਂ ਵਿੱਚ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ।
16 ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਆਂਕਣੇ ਨੂੰ ਸੁਣਨ ਲਈ? ਰਊਬੇਨ ਦੇ ਜਥਿਆਂ ਲਈ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ।
17 ਗਿਲਆਦ ਯਰਦਨ ਪਾਰ ਵੱਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਾ ਰਿਹਾ।
18 ਜ਼ਬੂਲੁਨ ਅਤੇ ਨਫ਼ਤਾਲੀ ਓਹ ਲੋਕ ਸਨ ਜਿਨ੍ਹਾਂ ਨੇ ਰੜੇ ਦਿਆਂ ਉੱਚਿਆਂ ਥਾਵਾਂ ਉੱਤੇ ਆਪਣਿਆਂ ਪ੍ਰਾਣਾਂ ਨੂੰ ਤੁੱਛ ਜਾਣਿਆ।।
19 ਰਾਜੇ ਆਣ ਕੇ ਲੜੇ, ਤਦ ਕਨਾਨ ਦੇ ਰਾਜੇ ਲੜੇ, ਤਆਨਾਕ ਵਿੱਚ ਮਗਿੱਦੋ ਦੇ ਪਾਣੀਆਂ ਕੋਲ,–— ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ।
20 ਓਹ ਅਕਾਸ਼ੋਂ ਲੜੇ, ਤਾਰੇ ਆਪਣੀਆਂ ਦੌੜਾਂ ਵਿੱਚ ਸੀਸਰਾ ਨਾਲ ਲੜੇ।
21 ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ–— ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ!।।
22 ਤਦ ਘੋੜਿਆਂ ਦੇ ਖੁਰ ਟਾਪਾਂ ਮਾਰਦੇ ਸਨ, ਬਲਵਾਨਾਂ ਦੇ ਕੁੱਦ ਕੁੱਦਣ ਤੋਂ।
23 ਮੇਰੋਜ਼ ਨੂੰ ਸਰਾਪ ਦਿਓ, ਯਹੋਵਾਹ ਦੇ ਦੂਤ ਨੇ ਆਖਿਆ, ਉਹ ਦੇ ਵਸਨੀਕਾਂ ਨੂੰ ਕਰੜਾ ਸਰਾਪ ਦਿਓ! ਕਿਉਂ ਜੋ ਓਹ ਯਹੋਵਾਹ ਦੀ ਸਹਾਇਤਾ ਨੂੰ ਨਾ ਆਏ, ਯਹੋਵਾਹ ਦੀ ਸਹਾਇਆ ਨੂੰ ਸੂਰਬੀਰਾਂ ਦੇ ਵਿਰੁੱਧ।।
24 ਹਬਰ ਕੇਨੀ ਦੀ ਤੀਵੀਂ ਯਾਏਲ ਸਭਨਾਂ ਤੀਵੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਦੀਆਂ ਤੀਵੀਆਂ ਨਾਲੋਂ ਮੁਬਾਰਕ!
25 ਉਹ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ, ਉਹ ਧਨੀਆਂ ਦੇ ਥਾਲ ਵਿੱਚ ਦਹੀਂ ਲਿਆਈ!
26 ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ। ਅਤੇ ਆਪਣਾ ਸੱਜਾ ਹੱਥ ਕਾਰੀਗਰ ਦੀ ਮੰਗਲੀ ਉੱਤੇ ਅਤੇ ਸੀਸਰਾ ਨੂੰ ਠੋਕਿਆ, ਉਹ ਦੇ ਸਿਰ ਨੂੰ ਭੰਨ ਸੁੱਟਿਆ, ਉਹ ਦੀ ਪੁੜਪੁੜੀ ਨੂੰ ਦੁਸਾਰ ਪਾਰ ਵਿੰਨ੍ਹ ਦਿੱਤਾ!
27 ਉਸ ਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸ ਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗ ਪਿਆ, ਜਿੱਥੇ ਉਹ ਨਿਵਿਆ ਉੱਥੇ ਹੀ ਉਹ ਮੁਰਦਾ ਡਿੱਗਿਆ।।
28 ਸੀਸਰਾ ਦੀ ਮਾਤਾ ਬਾਰੀ ਵਿੱਚੋਂ ਝਾਕ ਮਾਰ ਕੇ ਝਰੋਖੇ ਵਿੱਚੋਂ ਚਿੱਲਾਈ, ਉਹ ਦੇ ਰਥ ਦੇ ਆਉਣ ਵਿੱਚ ਇੱਡਾ ਚਿਰ ਕਿਉਂ ਲੱਗਾ? ਉਹ ਦੇ ਰਥਾਂ ਦੇ ਪਹੀਏ ਢਿੱਲ ਕਿਉਂ ਲਾਉਂਦੇ ਹਨ?
29 ਉਹ ਦੀਆਂ ਸਿਆਣੀਆਂ ਸਰਦਾਰਨੀਆਂ ਨੇ ਉਹ ਨੂੰ ਉੱਤਰ ਦਿੱਤਾ, ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ,
30 ਭਲਾ, ਓਹ ਨਹੀਂ ਲੁੱਟ ਪਾ ਪਾ ਕੇ ਉਹ ਨੂੰ ਵੰਡਦੇ ਹਨ, ਇੱਕ ਇੱਕ ਵੀਰ ਨੂੰ ਇੱਕ ਦੋ ਕੁੜੀਆਂ, ਅਤੇ ਸੀਸਰਾਂ ਨੂੰ ਰੰਗ ਬਰੰਗੇ ਬਸਤਰ ਦੀ ਲੁੱਟ? ਰੰਗ ਬਰੰਗੇ ਕੱਢਿਆਂ ਹੋਇਆਂ ਬਸਤਰਾਂ ਦੀ ਲੁੱਟ? ਲੁੱਟੇ ਹੋਇਆਂ ਦੀਆਂ ਧੌਣਾਂ ਦਾ ਦੋ ਪਾਸਾ ਕੰਢਿਆ ਹੋਇਆ ਰੰਗ ਬਿਰੰਗਾ ਬਸਤਰ?।।
31 ਇਸੇ ਤਰਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਹ ਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ।। ਅਤੇ ਦੇਸ ਨੂੰ ਚਾਲੀ ਵਰਹੇ ਸੁਖ ਰਿਹਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×