Bible Versions
Bible Books

Genesis 48 (PAV) Punjabi Old BSI Version

1 ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ, ਵੇਖੋ ਤੁਹਾਡਾ ਪਿਤਾ ਬੀਮਾਰ ਹੈ ਤਾਂ ਉਸ ਨੇ ਆਪਣੇ ਦੋਹਾਂ ਪੁੱਤ੍ਰਾਂ ਮਨੱਸ਼ਹ ਅਰ ਇਫ਼ਰਾਏਮ ਨੂੰ ਆਪਣੇ ਸੰਗ ਲਿਆ
2 ਕਿਸੇ ਨੇ ਯਾਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤ੍ਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ ਤਾਂ ਇਸਰਾਏਲ ਆਪਣੇ ਤਾਈਂ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ
3 ਯਾਕੂਬ ਨੇ ਯੂਸੁਫ਼ ਨੂੰ ਆਖਿਆ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ
4 ਅਰ ਮੈਨੂੰ ਆਖਿਆ ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਰ ਤੈਥੋਂ ਢੇਰ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਮਗਰੋਂ ਏਹ ਦੇਸ ਸਦਾ ਲਈ ਤੇਰੀ ਅੰਸ ਦੀ ਮਿਲਖ ਕਰਾਂਗਾ
5 ਹੁਣ ਤੇਰੇ ਦੋ ਪੁੱਤ੍ਰ ਜਿਹੜੇ ਤੈਥੋਂ ਮਿਸਰ ਦੇਸ ਵਿੱਚ ਮੇਰੇ ਮਿਸਰ ਵਿੱਚ ਤੇਰੇ ਕੋਲ ਆਉਣ ਤੋਂ ਪਹਿਲਾਂ ਜੰਮੇ ਮੇਰੇ ਹਨ। ਰਊਬੇਨ ਅਰ ਸ਼ਿਮਓਨ ਵਾਂਙੁ ਇਫ਼ਰਾਏਮ ਅਰ ਮਨੱਸ਼ਹ ਮੇਰੇ ਹਨ
6 ਅਤੇ ਉਨ੍ਹਾਂ ਦੇ ਪਿੱਛੋਂ ਜਿਹੜੀ ਅੰਸ ਤੈਥੋਂ ਜੰਮੇਗੀ ਉਹ ਤੇਰੀ ਹੋਵੇਗੀ ਉਹ ਆਪਣੀ ਮਿਲਖ ਵਿੱਚ ਆਪਣੇ ਭਰਾਵਾਂ ਦੇ ਨਾਉਂ ਤੋਂ ਪੁਕਾਰੀ ਜਾਵੇਗੀ
7 ਮੈਂ ਜਦ ਪਦਨ ਤੋਂ ਰਿਹਾ ਸੀ ਤਾਂ ਰਸਤੇ ਵਿੱਚ ਜਾਂ ਅਫਰਾਤ ਥੋੜੀ ਦੂਰ ਰਹਿ ਗਿਆ ਕਨਾਨ ਦੇ ਦੇਸ ਵਿੱਚ ਰਾਖੇਲ ਮੇਰੇ ਕੋਲ ਮਰ ਗਈ ਅਰ ਮੈਂ ਉਸ ਨੂੰ ਉੱਥੇ ਹੀ ਅਫ਼ਰਾਤ ਦੇ ਰਸਤੇ ਵਿੱਚ ਦੱਬ ਦਿੱਤਾ
8 ਏਹੋ ਹੀ ਬੈਤਲਹਮ ਹੈ। ਫੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤ੍ਰਾਂ ਨੂੰ ਵੇਖ ਕੇ ਆਖਿਆ, ਏਹ ਕੌਣ ਹਨ?
9 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਏਹ ਮੇਰੇ ਪੁੱਤ੍ਰ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ। ਉਸ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ
10 ਪਰ ਇਸਰਾਏਲ ਦੀਆਂ ਅੱਖਾਂ ਬਿਰਧ ਹੋਣ ਦੇ ਕਾਰਨ ਧੁੰਧਲੀਆਂ ਹੋ ਗਈਆਂ ਸਨ ਜੋ ਉਹ ਵੇਖ ਨਾ ਸਕਿਆ ਅਤੇ ਉਹ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗੱਲ ਲਾਇਆ
11 ਅਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ਼ਾ ਨਹੀਂ ਸੀ ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ
12 ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਰ ਆਪਣਾ ਮੂੰਹ ਧਰਤੀ ਤੀਕ ਨਿਵਾਇਆ
13 ਅਤੇ ਯੂਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ। ਇਫ਼ਰਾਏਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ ਅਰ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਰ ਉਸਦੇ ਨੇੜੇ ਕੀਤਾ
14 ਤਾਂ ਇਸਰਾਏਲ ਨੇ ਆਪਣਾ ਸੱਜਾ ਹੱਥ ਲੰਮਾ ਕਰਕੇ ਇਫ਼ਰਾਏਮ ਦੇ ਸਿਰ ਉੱਤੇ ਜਿਹੜਾ ਨਿੱਕਾ ਪੁੱਤ੍ਰ ਸੀ ਧਰਿਆ ਅਰ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ। ਉਸ ਜਾਣਬੁੱਝ ਕੇ ਆਪਣੇ ਹੱਥ ਐਉਂ ਧਰੇ ਕਿਉਂਜੋ ਮਨੱਸ਼ਹ ਪਲੌਠਾ ਸੀ
15 ਅਰ ਉਸ ਨੇ ਯੂਸੁਫ਼ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨ ਮੁੱਖ ਮੇਰਾ ਪਿਤਾ ਅਬਰਾਹਾਮ ਅਰ ਇਸਹਾਕ ਚੱਲਦੇ ਰਹੇ ਅਰ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੀਕ ਮੇਰੀ ਪਾਲਣਾ ਕੀਤੀ
16 ਉਹ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੇਰਾ ਛੁਡਾਉਣ ਵਾਲਾ ਹੈ ਸੋ ਇਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਰ ਉਨ੍ਹਾਂ ਨੂੰ ਮੇਰਾ ਨਾਉਂ ਅਰ ਮੇਰੇ ਪਿਤਾ ਅਬਰਾਹਾਮ ਅਰ ਇਸਹਾਕ ਦੇ ਨਾਉਂ ਤੋਂ ਬੁਲਾਇਆ ਜਾਵੇ ਅਰ ਉਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ
17 ਜਾਂ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਏਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਿਗਾਹ ਵਿੱਚ ਇਹ ਬੁਰਾ ਲੱਗਾ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਫੜ ਲਿਆ ਤਾਂ ਜੋ ਇਫ਼ਰਾਏਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਧਰੇ
18 ਅਰ ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ ਪਿਤਾ ਜੀ ਐਉਂ ਨਹੀਂ ਕਿਉਂ ਜੋ ਉਹ ਪਲੌਠਾ ਹੈ ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਧਰ
19 ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ ਮੇਰੇ ਪੁੱਤ੍ਰ ਮੈਂ ਜਾਣਦਾ ਹਾਂ। ਏਸ ਤੋਂ ਵੀ ਇੱਕ ਕੌਮ ਹੋਵੇਗੀ ਅਰ ਏਹ ਵੀ ਵੱਡਾ ਹੋਵੇਗਾ ਪਰ ਉਸਦਾ ਨਿੱਕਾ ਭਰਾ ਇਸ ਨਾਲੋਂ ਵੱਡਾ ਹੋਵੇਗਾ ਅਰ ਉਸ ਦੀ ਅੰਸ ਤੋਂ ਢੇਰ ਸਾਰੀਆਂ ਕੌਮਾਂ ਹੋਣਗੀਆਂ
20 ਅਤੇ ਉਸ ਨੇ ਓਸੇ ਦਿਨ ਉਨ੍ਹਾਂ ਨੂੰ ਬਰਕਤ ਦੇ ਆਖਿਆ ਕਿ ਇਸਰਾਏਲ ਤੇਰੇ ਦਵਾਰਾ ਐਉਂ ਆਖ ਕੇ ਬਰਕਤ ਦਿਆ ਕਰੇਗਾ ਕੀ ਪਰਮੇਸ਼ੁਰ ਤੈਨੂੰ ਇਫ਼ਰਾਏਮ ਅਰ ਮਨੱਸ਼ਹ ਵਰਗਾ ਰੱਖੇ ਸੋ ਉਸਨੇ ਇਫ਼ਰਾਏਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ
21 ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ ਵੇਖੋ ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਰ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ ਵਿੱਚ ਮੁੜ ਲੈ ਆਵੇਗਾ
22 ਅਰ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਪਹਾੜੀ ਇਲਾਕਾ ਦਿੱਤਾ ਹੈ ਜਿਹੜਾ ਮੈਂ ਆਪਣੀ ਤੇਗ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਖੋਇਆ ਸੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×