Bible Versions
Bible Books

2 Kings 1 (PAV) Punjabi Old BSI Version

1 ਅਹਾਬ ਦੇ ਮਰਨ ਪਿੱਛੋਂ ਮੋਆਬ ਇਸਰਾਏਲ ਤੋਂ ਬੇ ਮੁਖ ਹੋ ਗਿਆ
2 ਅਤੇ ਅਹਜ਼ਯਾਹ ਆਪਣੇ ਉਸ ਚੁਬਾਰੇ ਦੀ ਜਾਲੀਦਾਰ ਤਾਕੀ ਵਿੱਚੋਂ ਜਿਹੜਾ ਸਾਮਰਿਯਾ ਵਿੱਚ ਸੀ ਡਿੱਗ ਪਿਆ ਤੇ ਬੀਮਾਰ ਪੈ ਗਿਆ। ਸੋ ਉਸ ਨੇ ਹਲਾਕਾਰਿਆਂ ਨੂੰ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ ਭਈ ਅਕਰੋਨ ਦੇ ਦਿਓਤਾ ਬਆਲ-ਜ਼ਬੂਬ ਨੂੰ ਜਾ ਕੇ ਪੁੱਛੋ ਭਈ ਕੀ ਮੈਂ ਇਸ ਰੋਗ ਤੋਂ ਅੱਛਾ ਹੋ ਜਾਵਾਂਗਾ?
3 ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, ਉੱਠ ਤੇ ਸਾਮਰਿਯਾ ਦੇ ਰਾਜੇ ਦੇ ਹਲਕਾਰਿਆਂ ਨੂੰ ਮਿਲਣ ਲਈ ਜਾਹ ਤੇ ਉਨ੍ਹਾਂ ਨੂੰ ਆਖ, ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜੋ ਤੁਸੀਂ ਅਕਰੋਨ ਦੇ ਦਿਓਤੇ ਬਆਲ-ਜ਼ਬੂਬ ਤੋਂ ਪੁੱਛਣ ਲਈ ਚੱਲੇ ਹੋ?
4 ਇਸ ਲਈ ਯਹੋਵਾਹ ਐਉਂ ਫ਼ਰਮਾਉਂਦਾ ਹੈ ਭਈ ਜਿਸ ਪਲੰਘ ਉੱਤੇ ਤੂੰ ਚੜ੍ਹਿਆ ਹੈਂ ਉਸ ਤੋਂ ਤੂੰ ਨਹੀਂ ਉਤਰੇਂਗਾ ਸਗੋਂ ਤੂੰ ਨਿਸ਼ੰਗ ਮਰੇਂਗਾ। ਤਾਂ ਏਲੀਯਾਹ ਤੁਰ ਪਿਆ
5 ਜਦ ਹਲਕਰੇ ਮੁੜ ਕੇ ਉਸ ਦੇ ਕੋਲ ਆਏ ਤਾਂ ਉਸ ਨੰ ਉਨ੍ਹਾਂ ਨੂੰ ਆਖਿਆ, ਤੁਸੀਂ ਮੁੜ ਕਿਉਂ ਆਏ?
6 ਅਤੇ ਉਨ੍ਹਾਂ ਨੇ ਉਸ ਨੂੰ ਆਖਿਆ, ਇੱਕ ਮਨੁੱਖ ਸਾਨੂੰ ਮਿਲਣ ਲਈ ਆਇਆ ਅਤੇ ਸਾਨੂੰ ਆਖਿਆ, ਜਿਸ ਰਾਜੇ ਨੇ ਤੁਹਾਨੂੰ ਘੱਲਿਆ ਉਸ ਦੇ ਕੋਲ ਮੁੜ ਕੇ ਜਾਓ ਅਤੇ ਉਸ ਨੂੰ ਆਖੋ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਕੀ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜੋ ਤੂੰ ਅਕਰੋਨ ਦੇ ਦਿਓਤਾ ਬਆਲ-ਜ਼ਬੂਬ ਕੋਲ ਪੁੱਛਣ ਲਈ ਘੱਲਦਾ ਹੈਂ? ਇਸ ਲਈ ਜਿਸ ਪਲੰਘ ਉੱਤੇ ਤੂੰ ਚੜ੍ਹਿਆ ਹੈਂ ਉਸ ਤੋਂ ਤੂੰ ਨਹੀਂ ਉਤਰੇਂਗਾ ਸਗੋਂ ਤੂੰ ਨਿਸ਼ੰਗ ਮਰੇਗਾ
7 ਤਾਂ ਉਸਨੇ ਉਨ੍ਹਾਂ ਨੂੰ ਆਖਿਆ, ਉਹ ਕਿਹੋ ਜਿਹਾ ਮਨੁੱਖ ਸੀ ਜਿਹੜਾ ਤੁਹਾਨੂੰ ਮਿਲਣ ਲਈ ਆਇਆ ਤੇ ਤੁਹਾਡੇ ਨਾਲ ਏਹ ਗੱਲਾਂ ਕੀਤੀਆਂ?
8 ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਇੱਕ ਜੱਤ ਵਾਲਾ ਆਦਮੀ ਜਿਹ ਦੇ ਲੱਕ ਦੁਆਲੇ ਚਮੜੇ ਦੀ ਪੇਟੀ ਬੱਧੀ ਹੋਈ ਸੀ। ਤਦ ਉਹ ਬੋਲਿਆ, ਉਹ ਤਾਂ ਏਲੀਯਾਹ ਤਿਸ਼ਬੀ ਹੈ
9 ਤਦ ਉਸ ਨੇ ਪੰਜਾਹ ਦੇ ਸਰਦਾਰ ਨੂੰ ਉਹ ਦੇ ਪੰਜਾਹ ਸਿਪਾਹੀਆਂ ਦੇ ਨਾਲ ਉਹ ਦੇ ਕੋਲ ਘੱਲਿਆ ਸੋ ਉਹ ਉਹ ਦੇ ਕੋਲ ਗਿਆ ਤੇ ਵੇਖੋ, ਉਹ ਇੱਕ ਟਿੱਲੇ ਦੀ ਚੋਟੀ ਉੱਤੇ ਬੈਠਾ ਸੀ। ਉਸ ਨੇ ਉਹ ਨੂੰ ਆਖਿਆ, ਹੇ ਪਰਮੇਸ਼ੁਰ ਦੇ ਬੰਦੇ, ਪਾਤਸ਼ਾਹ ਨੇ ਆਖਿਆ ਹੈ, ਭਈ ਉਤਰ
10 ਏਲੀਯਾਹ ਨੇ ਪੰਜਾਹ ਦੇ ਸਰਦਾਰ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਅਕਾਸ਼ੋਂ ਅੱਗ ਉਤਰੇ ਤੇ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ। ਸੋ ਅਕਾਸ਼ੋਂ ਅੱਗ ਉਤਰੀ ਅਤੇ ਉਸ ਨੂੰ ਤੇ ਉਸ ਦੇ ਪੰਜਾਹ ਨੂੰ ਭਸਮ ਕਰ ਦਿੱਤਾ
11 ਫੇਰ ਉਸ ਨੇ ਪੰਜਾਹ ਦੇ ਦੂਜੇ ਸਰਦਾਰ ਨੂੰ ਉਸ ਦੇ ਪੰਜਾਹਾਂ ਨਾਲ ਉਹ ਦੇ ਕੋਲ ਘੱਲਿਆ ਉਸ ਉਹ ਨੂੰ ਉੱਤਰ ਦਿੱਤਾ ਕਿ ਹੇ ਪਰਮੇਸ਼ੁਰ ਦੇ ਬੰਦੇ, ਪਾਤਸ਼ਾਹ ਐਉਂ ਆਖਦਾ ਹੈ ਭਈ ਛੇਤੀ ਉਤਰ
12 ਤਦ ਏਲੀਯਾਹ ਨੇ ਉਸ ਨੂੰ ਉੱਤਰ ਦਿੱਤਾ ਕਿ ਜੇ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਅਕਾਸ਼ੋ ਅੱਗ ਉਤਰੇ ਅਰ ਤੈਨੂੰ ਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ। ਸੋ ਪਰਮੇਸ਼ੁਰ ਦੀ ਅੱਗ ਅਕਾਸ਼ੋਂ ਉੱਤਰੀ ਅਤੇ ਉਹ ਨੂੰ ਤੇ ਉਸ ਦੇ ਪੰਜਾਹਾਂ ਨੂੰ ਭਸਮ ਕੀਤਾ
13 ਤਦ ਉਸ ਨੇ ਫੇਰ ਤੀਸਰੇ ਪੰਜਾਹਾਂ ਦੇ ਸਰਦਾਰ ਨੂੰ ਉਸ ਦੇ ਪੰਜਾਹਾਂ ਦੇ ਨਾਲ ਘੱਲਿਆ ਅਤੇ ਤੀਜਾ ਪੰਜਾਹਾਂ ਦਾ ਸਰਦਾਰ ਉੱਤੇ ਚੜ੍ਹ ਕੇ ਨੇੜੇ ਗਿਆ ਤੇ ਏਲੀਯਾਹ ਦੇ ਅੱਗੇ ਗੋਡੇ ਨਿਵਾਏ ਅਤੇ ਅਰਦਾਸ ਕਰ ਕੇ ਉਹ ਨੂੰ ਆਖਿਆ, ਹੇ ਪਰਮੇਸ਼ੁਰ ਦੇ ਬੰਦੇ, ਮੇਰੀ ਜਾਨ ਅਤੇ ਇਨ੍ਹਾਂ ਪੰਜਾਹਾਂ ਦਾਸਾਂ ਦੀਆਂ ਜਾਨਾਂ ਤੇਰੀ ਨਿਗਾਹ ਵਿੱਚ ਜ਼ਰਾ ਬਹੁ ਮੁੱਲੀਆਂ ਹੋਣ
14 ਵੇਖ, ਅਕਾਸ਼ੋਂ ਅੱਗ ਉੱਤਰੀ ਅਤੇ ਪੰਜਾਹ ਪੰਜਾਹ ਦੇ ਪਹਿਲੇ ਦੋ ਸਰਦਾਰਾਂ ਤੇ ਉਨ੍ਹਾਂ ਦਿਆਂ ਪੰਜਾਹਾਂ ਨੂੰ ਭਸਮ ਕਰ ਦਿੱਤਾ। ਪਰ ਹੁਣ ਮੇਰੀ ਜਾਨ ਤੇਰੇ ਨਿਗਾਹ ਵਿੱਚ ਬਹੁ ਮੁੱਲੀ ਹੋਵੇ
15 ਅਤੇ ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਆਖਿਆ, ਉਸ ਦੇ ਨਾਲ ਹੇਠਾ ਜਾਹ ਤੇ ਉਸ ਦੇ ਕੋਲੋਂ ਨਾ ਡਰ। ਤਾਂ ਉਹ ਉੱਠ ਕੇ ਉਸ ਦੇ ਨਾਲ ਪਾਤਸ਼ਾਹ ਕੋਲ ਉਤਰ ਗਿਆ
16 ਤੇ ਉਸ ਨੇ ਆਖਿਆ, ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਜੋ ਅਕਰੋਨ ਦੇ ਦਿਓਤਾ ਬਆਲ-ਜ਼ਬੂਬ ਦੇ ਕੋਲ ਪੁੱਛਣ ਲਈ ਹਲਕਾਰੇ ਘੱਲੇ, ਕੀ ਇਸ ਲਈ ਭਈ ਇਸਰਾਏਲ ਵਿੱਚ ਕੋਈ ਪਰਮੇਸ਼ੁਰ ਨਹੀਂ ਹੈ ਜਿਹ ਦੇ ਕੋਲੋਂ ਤੂੰ ਗੱਲ ਪੁੱਛ ਸੱਕੇਂ? ਇਸ ਲਈ ਜਿਸ ਪਲੰਘ ਉੱਤੇ ਤੂੰ ਚੜ੍ਹਿਆ ਹੈਂ ਉਸ ਤੋਂ ਨਹੀਂ ਉਤਰੇਂਗਾ ਸਗੋਂ ਤੂੰ ਨਿਸ਼ੰਗ ਮਰੇਂਗਾ
17 ਸੋ ਉਹ ਯਹੋਵਾਹ ਦੇ ਬਚਨ ਅਨੁਸਾਰ ਜਿਹੜਾ ਏਲੀਯਾਹ ਨੇ ਕਿਹਾ ਸੀ ਮਰ ਗਿਆ ਅਤੇ ਇਸ ਕਰਕੇ ਭਈ ਉਸ ਦਾ ਕੋਈ ਪੁੱਤ੍ਰ ਨਹੀਂ ਸੀ ਯਹੋਸ਼ਾਫਾਟ ਦਾ ਪੁੱਤ੍ਰ ਯਹੋਰਾਮ ਯਹੂਦਾਹ ਦੇ ਪਾਤਸ਼ਾਹ ਦੇ ਦੂਜੇ ਵਰਹੇ ਯਹੋਰਾਮ ਉਸ ਦੇ ਥਾਂ ਰਾਜ ਕਰਨ ਲੱਗਾ
18 ਹੁਣ ਅਹਜ਼ਯਾਹ ਦੇ ਬਾਕੀ ਕੰਮ ਜੋ ਉਸ ਨੇ ਕੀਤੇ ਕੀ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਨਹੀਂ ਹਨ?।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×