Bible Versions
Bible Books

Hebrews 7 (PAV) Punjabi Old BSI Version

1 ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ
2 ਜਿਹ ਨੂੰ ਅਬਰਾਹਾਮ ਨੇ ਸਭਨਾਂ ਵਸਤਾਂ ਦਾ ਦਸੌਂਧ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਉਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸਲਾਮਤੀ ਦਾ ਰਾਜਾ
3 ਜਿਹ ਦਾ ਨਾ ਪਿਤਾ ਨਾ ਮਾਤਾ ਨਾ ਕੁਲਪੱਤ੍ਰੀ ਹੈ, ਜਿਹ ਦੇ ਨਾ ਦਿਨਾਂ ਦਾ ਆਦ, ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤ੍ਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ।।
4 ਹੁਣ ਧਿਆਨ ਕਰੋ ਭਈ ਇਹ ਕੇਡਾ ਮਹਾਤਮਾ ਸੀ ਜਿਹ ਨੂੰ ਘਰਾਣੇ ਦੇ ਸਰਦਾਰ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸੌਂਧ ਦਿੱਤਾ
5 ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਸ਼ਰਾ ਦੇ ਅਨੁਸਾਰ ਦਸੌਂਧ ਲੈਣ ਦਾ ਹੁਕਮ ਹੈ
6 ਪਰ ਜਿਹ ਦੀ ਕੁਲਪੱਤ੍ਰੀ ਉਨ੍ਹਾਂ ਨਾਲ ਨਹੀਂ ਸੀ ਰਲਦੀ ਉਹ ਨੇ ਅਬਰਾਹਾਮ ਤੋਂ ਦਸੌਂਧ ਲਿਆ ਅਤੇ ਉਹ ਨੂੰ ਅਸੀਸ ਦਿੱਤੀ ਜਿਹ ਨੂੰ ਬਚਨ ਦਿੱਤੇ ਹੋਏ ਸਨ
7 ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਅਸੀਸ ਮਿਲਦੀ ਹੈ
8 ਅਰ ਇੱਥੇ ਮਰਨ ਵਾਲੇ ਮਨੁੱਖ ਦਸੌਂਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਹ ਦੇ ਵਿਖੇ ਇਹ ਸਾਖੀ ਦਿੱਤੀ ਜਾਂਦੀ ਹੈ ਭਈ ਉਹ ਜੀਉਂਦਾ ਹੈ
9 ਸੋ ਇਹ ਆਖ ਸੱਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸੌਂਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸੌਂਧ ਦਿੱਤਾ
10 ਕਿਉਂ ਜੋ ਉਹ ਅਜੇ ਆਪਣੇ ਪਿਉ ਦੀ ਦੇਹ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਮਿਲਿਆ।।
11 ਸੋ ਜੇ ਲੇਵੀ ਜਾਜਕਾਈ ਨਾਲ ਜਿਹ ਦੇ ਹੁੰਦਿਆਂ ਕੌਮਾਂ ਨੂੰ ਸ਼ਰਾ ਮਿਲੀ ਸੀ ਸੰਪੂਰਨਤਾਈ ਪਰਾਪਤ ਹੁੰਦੀ ਤਾਂ ਫੇਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ
12 ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਸ਼ਰਾ ਦਾ ਵੀ ਬਦਲਣਾ ਅਵੱਸ਼ ਹੈ
13 ਕਿਉਂਕਿ ਜਿਹ ਦੇ ਵਿਖੇ ਏਹ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਕਿਸੇ ਹੋਰ ਗੋਤ ਦਾ ਹੈ ਜਿਸ ਵਿੱਚੋਂ ਜਗਵੇਦੀ ਦੇ ਅੱਗੇ ਕਿਨੇ ਸੇਵਾ ਨਹੀਂ ਕੀਤੀ
14 ਕਿਉਂ ਜੋ ਇਹ ਪਰਗਟ ਹੈ ਭਈ ਸਾਡਾ ਪ੍ਰਭੁ ਯਹੂਦਾਹ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਵਿਖੇ ਕੁਝ ਨਹੀਂ ਆਖਿਆ
15 ਅਤੇ ਜਦੋਂ ਮਲਕਿਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ
16 ਜਿਹੜਾ ਸਰੀਰ ਦੇ ਸਰਬੰਧੀ ਹੁਕਮ ਦੇ ਅਨੁਸਾਰ ਨਹੀਂ ਪਰ ਅਵਨਾਸੀ ਜੀਵਨ ਦੀ ਸ਼ਕਤੀ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਕਹਿਣਾ ਹੋਰ ਵੀ ਸਾਫ਼ ਹੁੰਦਾ ਹੈ
17 ਕਿਉਂ ਜੋ ਇਹ ਸਾਖੀ ਦਿੱਤੀ ਹੋਈ ਹੈ, - ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ, ਸਦਾ ਤੀਕ ਦਾ ਜਾਜਕ ਹੈਂ।।
18 ਅਗਲਾ ਹੁਕਮ ਨਤਾਣਾ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ।
19 ਕਿਉਂਕਿ ਸ਼ਰਾ ਨੇ ਕੁਝ ਭੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸਾ ਰੱਖੀ ਪਈ ਹੈ ਜਿਹ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਅੱਪੜਦੇ ਹਾਂ
20 ਅਤੇ ਇਹ ਬਿਨਾ ਸੌਂਹ ਖਾਂਧੇ ਨਾ ਬਣਿਆ
21 ਕਿਉਂ ਜੋ ਉਹ ਬਿਨਾ ਸੌਂਹ ਖਾਧੇ ਜਾਜਕ ਬਣੇ ਹਨ ਪਰ ਇਹ ਸੌਂਹ ਖਾਣ ਨਾਲ ਓਸ ਤੋਂ ਬਣਿਆ ਜਿਨ ਉਸ ਨੂੰ ਆਖਿਆ, -
22 ਪ੍ਰਭੁ ਨੇ ਸੌਂਹ ਖਾਧੀ, ਅਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੀਕ ਦਾ ਜਾਜਕ ਹੈਂ।। ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ
23 ਫੇਰ ਓਹ ਤਾਂ ਬਹੁਤੇ ਜਾਜਕ ਬਣੇ ਸਨ ਏਸ ਲਈ ਜੋ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ
24 ਪਰ ਇਹ ਸਦਾ ਤੀਕ ਜੋ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ
25 ਇਸ ਲਈ ਓਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।।
26 ਇਹੋ ਜਿਹਾ ਪਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ
27 ਜਿਹ ਨੂੰ ਉਨ੍ਹਾਂ ਪਰਧਾਨ ਜਾਜਕਾਂ ਵਾਂਙੁ ਲੋੜ ਨਹੀਂ ਭਈ ਪਹਿਲਾਂ ਆਪਣਿਆਂ ਅਤੇ ਫੇਰ ਪਰਜਾ ਦਿਆਂ ਪਾਪਾਂ ਲਈ ਬਲੀਦਾਨ ਨਿੱਤ ਚੜ੍ਹਾਇਆ ਕਰੇ ਕਿਉਂ ਜੋ ਉਹ ਇੱਕੋ ਵਾਰ ਇਹ ਕਰ ਗੁਜ਼ਰਿਆ ਜਦੋਂ ਆਪਣੇ ਆਪ ਨੂੰ ਚੜ੍ਹਾ ਦਿੱਤਾ
28 ਸ਼ਰਾ ਤਾਂ ਮਨੁੱਖਾਂ ਨੂੰ ਜਿਹੜੇ ਨਿਤਾਣੇ ਹਨ ਪਰਧਾਨ ਜਾਜਕ ਠਹਿਰਾਉਂਦੀ ਹੈ ਪਰ ਸੌਂਹ ਦਾ ਬਚਨ ਜਿਹੜਾ ਸ਼ਰਾ ਦੇ ਮਗਰੋਂ ਹੋਇਆ ਸੀ ਪੁੱਤ੍ਰ ਨੂੰ, ਜੋ ਸਦਾ ਤੀਕ ਸਿੱਧ ਕੀਤਾ ਹੋਇਆ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×