Bible Versions
Bible Books

2 Chronicles 16 (PAV) Punjabi Old BSI Version

1 ਆਸਾ ਦੇ ਰਾਜ ਦੇ ਛੱਤੀਵੇਂ ਵਰਹੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਬਣਾਇਆ ਤਾਂ ਜੋ ਯਹੂਦਾਹ ਦੇ ਪਾਤਸ਼ਾਹ ਆਸਾ ਕੋਲ ਨਾ ਕੋਈ ਜਾਵੇ ਅਤੇ ਨਾ ਕੋਈ ਆਵੇ
2 ਤਾਂ ਆਸਾ ਨੇ ਯਹੋਵਾਹ ਦੇ ਭਵਨ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਪਾਤਸ਼ਾਹ ਬਨ-ਹਦਦ ਕੋਲ ਜੋ ਦੰਮਿਸਕ ਵਿੱਚ ਵੱਸਦਾ ਸੀ ਐਉਂ ਆਖ ਕੇ ਘੱਲ ਦਿੱਤਾ ਕਿ
3 ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ, ਵੇਖ, ਮੈਂ ਤੇਰੇ ਕੋਲ ਚਾਂਦੀ ਤੇ ਸੋਨਾ ਘੱਲਦਾ ਹਾਂ ਭਈ ਤੂੰ ਜਾ ਕੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲੋਂ ਆਪਣਾ ਨੇਮ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲੋਂ ਦੀ ਮੁੜ ਜਾਵੇ
4 ਤਾਂ ਬਨ-ਹਦਦ ਨੇ ਆਸਾ ਪਾਤਸ਼ਾਹ ਦੀ ਗੱਲ ਮੰਨੀ ਅਤੇ ਆਪਣੀਆਂ ਫ਼ੌਜ਼ਾਂ ਦੇ ਸਰਦਾਰਾਂ ਨੂੰ ਇਸਰਾਏਲ ਦੇ ਸ਼ਹਿਰਾਂ ਦੇ ਵਿਰੁੱਧ ਘੱਲਿਆ ਸੋ ਉਨ੍ਹਾਂ ਨੇ ਈਯੋਨ ਅਤੇ ਦਾਨ ਅਤੇ ਅਬੇਲ-ਮਾਇਮ ਅਤੇ ਨਫ਼ਤਾਲੀ ਦੇ ਸ਼ਹਿਰਾਂ ਦੇ ਸਾਰੇ ਭੰਡਾਰਾਂ ਨੂੰ ਤਬਾਹ ਕਰ ਦਿੱਤਾ
5 ਜਦ ਬਆਸ਼ਾ ਨੇ ਏਹ ਸੁਣਿਆ ਤਾਂ ਰਾਮਾਹ ਦਾ ਬਣਾਉਣਾ ਛੱਡ ਕੇ ਆਪਣਾ ਕੰਮ ਬੰਦ ਕਰ ਦਿੱਤਾ
6 ਤਦ ਆਸਾ ਪਾਤਸ਼ਾਹ ਨੇ ਸਾਰੇ ਯਹੂਦਾਹ ਨੂੰ ਆਪਣੇ ਨਾਲ ਲਿਆ ਅਤੇ ਓਹ ਰਾਮਾਹ ਦੇ ਪੱਥਰਾਂ ਅਤੇ ਲੱਕੜੀਆਂ ਨੂੰ ਜਿਨ੍ਹਾਂ ਨਾਲ ਬਆਸ਼ਾ ਬਣਾ ਰਿਹਾ ਸੀ ਚੁੱਕ ਕੇ ਲੈ ਗਏ ਅਤੇ ਉਸ ਉਨ੍ਹਾਂ ਨਾਲ ਗਬਾ ਅਤੇ ਮਿਸਫਾਹ ਨੂੰ ਬਣਾਇਆ
7 ਉਸ ਵੇਲੇ ਹਨਾਨੀ ਗੈਬ ਦਾਨ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਕੋਲ ਆਕੇ ਆਖਣ ਲੱਗਾ, ਤੈਂ ਅਰਾਮ ਦੇ ਪਾਤਸ਼ਾਹ ਉੱਤੇ ਭਰੋਸਾ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਿਆ, ਏਸੇ ਕਾਰਨ ਅਰਾਮ ਦੇ ਪਾਤਸ਼ਾਹ ਦੀ ਸੈਨਾ ਤੇਰੇ ਹੱਥੋਂ ਬਚ ਕੇ ਚੱਲੀ ਗਈ ਹੈ
8 ਕੀ ਕੂਸ਼ੀਆਂ ਅਤੇ ਲੂਬੀਆਂ ਦੀ ਸੈਨਾ ਵੱਡੀ ਭਾਰੀ ਨਹੀਂ ਸੀ ਜਿਨ੍ਹਾਂ ਦੇ ਨਾਲ ਰਥ ਅਤੇ ਅਸਵਾਰ ਬਹੁਤ ਗਿਣਤੀ ਵਿੱਚ ਸਨ? ਤਾਂ ਵੀ ਤੂੰ ਯਹੋਵਾਹ ਉੱਤੇ ਭਰੋਸਾ ਰੱਖਿਆ ਏਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ
9 ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ। ਏਸ ਗੱਲ ਵਿੱਚ ਤੈਂ ਮੂਰਖਤਾਈ ਕੀਤੀ ਏਸ ਲਈ ਹੁਣ ਤੇਰੇ ਲਈ ਲੜਾਈ ਹੀ ਲੜਾਈ ਹੈ
10 ਤਦ ਆਸਾ ਨੇ ਉਸ ਗੈਬਦਾਨ ਤੋਂ ਨਾਰਾਜ਼ ਹੋ ਕੋ ਉਸ ਨੂੰ ਕੈਦਖ਼ਾਨੇ ਵਿੱਚ ਪਾ ਦਿੱਤਾ ਕਿਉਂ ਜੋ ਉਹ ਉਸ ਦੀ ਗੱਲ ਦੇ ਕਾਰਨ ਬਹੁਤ ਹਰਖ ਵਿੱਚ ਗਿਆ ਅਤੇ ਆਸਾ ਨੇ ਉਸ ਸਮੇਂ ਲੋਕਾਂ ਵਿੱਚੋਂ ਕਈਆਂ ਹੋਰਨਾਂ ਉੱਤੇ ਵੀ ਜ਼ੁਲਮ ਕੀਤਾ
11 ਅਤੇ ਵੇਖੋ, ਆਸਾ ਦੇ ਕੰਮ ਮੁੱਢ ਤੋਂ ਅੰਤ ਤੀਕ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿੱਖੇ ਹਨ
12 ਅਤੇ ਆਸਾ ਦੀ ਪਾਤਸ਼ਾਹੀ ਦੇ ਉਨਤਾਲੀਵੇਂ ਵਰਹੇ ਉਸ ਦੇ ਪੈਰ ਵਿੱਚ ਇੱਕ ਰੋਗ ਲੱਗਾ ਅਤੇ ਉਹ ਰੋਗ ਬਹੁਤ ਵੱਧ ਗਿਆ ਤਾਂ ਵੀ ਉਹ ਆਪਣੀ ਬਿਮਾਰੀ ਵਿੱਚ ਯਹੋਵਾਹ ਦਾ ਚਾਹਵੰਦ ਨਾ ਹੋਇਆ ਸਗੋਂ ਵੈਦਾਂ ਦੇ ਮਗਰ ਲੱਗਾ
13 ਤਾਂ ਆਸਾ ਆਪਣੇ ਪਿਤ੍ਰਾਂ ਦੇ ਨਾਲ ਸੌਂ ਗਿਆ। ਉਹ ਇੱਕਤਾਲੀ ਵਰਹੇ ਰਾਜ ਕਰ ਕੇ ਮੋਇਆ
14 ਉਨ੍ਹਾਂ ਨੇ ਉਹ ਨੂੰ ਉਸ ਕਬਰ ਵਿੱਚ ਜਿਹੜੀ ਉਹ ਨੇ ਆਪਣੇ ਲਈ ਦਾਊਦ ਦੇ ਸ਼ਹਿਰ ਵਿੱਚ ਪੁਟਵਾਈ ਸੀ ਦੱਬਿਆ ਅਤੇ ਉਹ ਨੂੰ ਉਸ ਖੱਫਣ ਵਿੱਚ ਲਿਟਾ ਦਿੱਤਾ ਜਿਹੜਾ ਸੁਗੰਧਾਂ ਅਤੇ ਕਈ ਪਰਕਾਰ ਦੇ ਮਸਾਲਿਆਂ ਨਾਲ ਭਰਿਆ ਹੋਇਆ ਸੀ ਜਿਨ੍ਹਾਂ ਨੂੰ ਗਾਧੀਆਂ ਦੀ ਕਾਰੀਗਰੀ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਉਹ ਦੇ ਲਈ ਇੱਕ ਵੱਡੀ ਅੱਗ ਬਾਲੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×