Bible Versions
Bible Books

Isaiah 23 (PAV) Punjabi Old BSI Version

1 ਸੂਰ ਲਈ ਅਗੰਮ ਵਾਕ, - ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਏਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ।
2 ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸੀਦੋਨ ਦੇ ਬੁਪਾਰੀਆਂ ਨੇ ਸਮੁੰਦਰ ਲੰਘਦਿਆਂ ਭਰ ਦਿੱਤਾ।
3 ਬਹੁਤਿਆਂ ਪਾਣੀਆਂ ਦੇ ਉੱਤੇ ਸ਼ਿਹੋਰ ਦਾ ਅੰਨ, ਨੀਲ ਦੀ ਫ਼ਸਲ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।
4 ਹੇ ਸੀਦੋਨ, ਲਾਜ ਖਾਹ! ਕਿਉਂ ਜੋ ਸਮੁੰਦਰ ਨੇ, ਸਮੁੰਦਰ ਦੇ ਗੜ੍ਹ ਨੂੰ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ।
5 ਜਦ ਇਹ ਖਬਰ ਮਿਸਰ ਨੂੰ ਮਿਲੇ, ਤਾਂ ਓਹ ਸੂਰ ਦੀ ਖਬਰ ਉੱਤੇ ਤੜਫਣਗੇ।
6 ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ!
7 ਭਲਾ, ਏਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪਰਾਚੀਨ ਸਮੇਂ ਵਿੱਚ ਹੋਇਆ, ਜਿਹ ਦੇ ਪੈਰ ਉਹ ਨੂੰ ਦੂਰ ਦੂਰ ਟਿਕਣ ਲਈ ਲੈ ਗਏ ਸਨ?
8 ਕਿਸ ਏਹ ਸੂਰ ਦੇ ਵਿਰੁੱਧ ਠਾਣਿਆ, ਜਿਹੜਾ ਸਿਹਰੇ ਬੰਨ੍ਹਣ ਵਾਲਾ ਹੈ, ਜਿਹ ਦੇ ਬੁਪਾਰੀ ਸਰਦਾਰ ਹਨ, ਜਿਹ ਦੇ ਸੌਦਾਗਰ ਧਰਤੀ ਦੇ ਆਦਰਵਾਨ ਹਨ?
9 ਸੈਨਾਂ ਦੇ ਯਹੋਵਾਹ ਨੇ ਏਹ ਠਾਣਿਆ ਹੈ, ਭਈ ਹੰਕਾਰ ਦੀ ਸਾਰੀ ਸਜ਼ਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਆਦਰਵੰਤਾਂ ਨੂੰ ਬੇਪਤ ਕਰੇ।।
10 ਨੀਲ ਦਰਿਆ ਵਾਂਙੁ ਆਪਣੇ ਦੇਸ਼ ਨੂੰ ਲੰਘ ਜਾ, ਹੇ ਤਰਸ਼ੀਸ਼ ਦੀਏ ਧੀਏ, ਹੁਣ ਕੋਈ ਰੋਕ ਨਹੀਂ!
11 ਉਹਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਪਾਤਸ਼ਾਹੀਆਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਭਈ ਉਹ ਦੇ ਗੜ੍ਹ ਨਾਸ ਹੋ ਜਾਣ।
12 ਉਸ ਨੇ ਆਖਿਆ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਹੇ ਸੀਦੋਨ ਦੀਏ ਦੁਖਿਆਰੀਏ ਕੁਆਰੀਏ ਧੀਏ, ਉੱਠ ਕਿੱਤੀਮ ਨੂੰ ਲੰਘ ਜਾਹ! ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।।
13 ਵੇਖੋ, ਕਸਦੀਆਂ ਦੇ ਦੇਸ ਨੂੰ! ਏਹ ਲੋਕ ਅਜੇ ਨਹੀਂ ਹਨ, ਅੱਸ਼ੂਰੀਆਂ ਨੇ ਉਹ ਨੂੰ ਉਜਾੜ ਦੇ ਦਰਿੰਦੀਆਂ ਲਈ ਠਹਿਰਾਇਆ, ਓਹਨਾਂ ਨੇ ਆਪਣੇ ਜੰਗੀ ਬੁਰਜ ਖੜੇ ਕੀਤੇ, ਓਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਉਹ ਨੂੰ ਥੇਹ ਬਣਾ ਦਿੱਤਾ।
14 ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਤੁਹਾਡਾ ਗੜ੍ਹ ਬਰਬਾਦ ਹੋ ਗਿਆ।।
15 ਓਸ ਦਿਨ ਐਉਂ ਹੋਵੇਗਾ ਕਿ ਸੂਰ ਸੱਤਰਾਂ ਵਰਿਹਾਂ ਲਈ ਇੱਕ ਪਾਤਸ਼ਾਹ ਦੇ ਦਿਨਾਂ ਵਾਂਙੁ ਵਿਸਾਰਿਆ ਜਾਵੇਗਾ। ਸੱਤਰਾਂ ਵਰਿਹਾਂ ਦੇ ਅੰਤ ਵਿੱਚ ਸੂਰ ਲਈ ਕੰਜਰੀ ਦੇ ਗੀਤ ਵਾਂਙੁ ਹੋਵੇਗਾ, -
16 ਬਰਬਤ ਲੈ, ਸ਼ਹਿਰ ਵਿੱਚ ਫਿਰ, ਹੇ ਵਿਸਰੀਏ ਕੰਜਰੀਏ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਭਈ ਤੂੰ ਚੇਤੇ ਆਵੇਂ।।
17 ਸੱਤਰਾਂ ਵਰਿਹਾਂ ਦੇ ਅੰਤ ਵਿੱਚ ਐਉਂ ਹੋਵੇਗਾ ਕਿ ਯਹੋਵਾਹ ਸੂਰ ਦੀ ਖਬਰ ਲਵੇਗਾ ਅਤੇ ਉਹ ਆਪਣੀ ਖਰਚੀ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਨਾਲ ਕੰਜਰਪੁਣਾ ਕਰੇਗੀ
18 ਉਹ ਦੀ ਖੱਟੀ ਅਰ ਉਹ ਦੀ ਖਰਚੀ ਯਹੋਵਾਹ ਲਈ ਸੰਕਲਪ ਕੀਤੀ ਜਾਵੇਗੀ। ਨਾ ਉਹ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਖੱਟੀ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗੀ ਭਈ ਓਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×