Bible Versions
Bible Books

Isaiah 63 (PAV) Punjabi Old BSI Version

1 ਏਹ ਕੌਣ ਹੈ ਜੋ ਅਦੋਮ ਤੋਂ, ਲਾਲ ਬਸਤਰ ਪਾ ਕੇ ਬਾਸਰਾਹ ਤੋਂ ਲਗਾ ਆਉਂਦਾ ਹੈ? ਜੋ ਆਪਣੇ ਲਿਬਾਸ ਵਿੱਚ ਸ਼ਾਨਦਾਰ ਹੈ, ਅਤੇ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਹੈ? ਮੈਂ ਹਾਂ ਜੋ ਧਰਮ ਨਾਲ ਬੋਲਦਾ, ਜੋ ਬਚਾਉਣ ਲਈ ਸਮਰਥੀ ਹਾਂ।
2 ਤੇਰਾ ਲਿਬਾਸ ਕਿਉਂ ਲਾਲ ਹੈ, ਅਤੇ ਤੇਰਾ ਬਸਤਰ ਚੁਬੱਚੇ ਵਿੱਚ ਦਾਖ ਲਤਾੜਨ ਵਾਲੇ ਜਿਹਾ ਹੈ?
3 ਮੈਂ ਅਕੱਲੇ ਦਾਖ ਦੇ ਚੁਬੱਚੇ ਵਿੱਚ ਲਤਾੜਿਆ, ਅਤੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ। ਹਾਂ, ਮੈਂ ਆਪਣੇ ਕ੍ਰੋਧ ਵਿੱਚ ਓਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਓਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ!
4 ਬਦਲਾ ਲੈਣ ਦਾ ਦਿਲ ਮੇਰੇ ਵਿੱਚ ਜੋ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਵਰਹਾ ਗਿਆ ਹੈ।
5 ਮੈਂ ਨਿਗਾਹ ਕੀਤੀ ਪਰ ਸਹਾਇਕ ਕੋਈ ਨਹੀਂ ਸੀ, ਮੈਂ ਦੰਗ ਰਹਿ ਗਿਆ ਪਰ ਸੰਭਾਲਣ ਵਾਲਾ ਕੋਈ ਨਹੀਂ ਸੀ। ਤਾਂ ਮੇਰੀ ਭੁਜਾ ਨੇ ਮੈਨੂੰ ਬਚਾਇਆ, ਅਤੇ ਮੇਰੇ ਗੁੱਸੇ ਨੇ ਮੈਨੂੰ ਸੰਭਾਲਿਆ।
6 ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਚਿੱਥਿਆ, ਮੈਂ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਖੀਵੇ ਕੀਤਾ, ਅਤੇ ਓਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ।।
7 ਮੈਂ ਯਹੋਵਾਹ ਦੀ ਦਯਾ ਦਾ ਵਰਨਣ ਕਰਾਂਗਾ, ਯਹੋਵਾਹ ਦੀ ਉਸਤਤ ਦਾ ਵੀ, ਉਸ ਸਾਰੇ ਦੇ ਅਨੁਸਾਰ ਜੋ ਯਹੋਵਾਹ ਨੇ ਸਾਨੂੰ ਬਖ਼ਸ਼ਿਆ, ਨਾਲੇ ਇਸਰਾਏਲ ਦੇ ਘਰਾਣੇ ਲਈ ਉਹ ਵੱਡੀ ਭਲਿਆਈ, ਜਿਹ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਓਹਨਾਂ ਨੂੰ ਬਖ਼ਸ਼ ਦਿੱਤਾ।
8 ਓਸ ਤਾਂ ਆਖਿਆ, ਏਹ ਸੱਚ ਮੁੱਚ ਮੇਰੀ ਪਰਜਾ ਹੈ, ਪੁੱਤ੍ਰ ਜੋ ਛਲ ਨਾ ਕਮਾਉਣਗੇ, ਸੋ ਉਹ ਓਹਨਾਂ ਦਾ ਬਚਾਉਣ ਵਾਲਾ ਹੋਇਆ।
9 ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੀ ਹਜ਼ੂਰੀ ਦੇ ਦੂਤ ਨੇ ਓਹਨਾਂ ਨੂੰ ਬਚਾਇਆ, ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ ਵਿੱਚ ਓਹਨਾਂ ਨੂੰ ਛੁਡਾਇਆ, ਉਹ ਓਹਨਾਂ ਨੂੰ ਸਾਰੇ ਪਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।।
10 ਪਰ ਓਹ ਆਕੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਗਰੰਜ ਕੀਤਾ, ਉਹ ਉਲਟਾ ਓਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਓਹਨਾਂ ਨਾਲ ਲੜਿਆ।
11 ਤਾਂ ਉਹ ਦੀ ਪਰਜਾ ਨੇ ਮੂਸਾ ਦੇ ਪਰਾਚੀਨ ਦਿਨਾਂ ਨੂੰ ਚੇਤੇ ਕੀਤਾ, - ਉਹ ਕਿੱਥੇ ਹੈ ਜੋ ਓਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਦੇ ਪਾਲੀ ਨੂੰ ਵੀ? ਉਹ ਕਿੱਥੇ ਹੈ ਜਿਹ ਨੇ ਆਪਣਾ ਪਵਿੱਤਰ ਆਤਮਾ ਓਹਨਾਂ ਦੇ ਅੰਦਰ ਪਾਇਆ?
12 ਜਿਹ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਤੇ ਚਲਾਇਆ? ਜਿਹ ਨੇ ਓਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਭਈ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?
13 ਜਿਹ ਨੇ ਡੁੰਘਿਆਈਆਂ ਦੇ ਵਿੱਚ ਓਹਨਾਂ ਦੀ ਅਗਵਾਈ ਕੀਤੀ? ਜਿਵੇਂ ਘੋੜਾ ਉਜਾੜ ਵਿੱਚ, ਓਹਨਾਂ ਨੇ ਠੋਕਰ ਨਾ ਖਾਧੀ।
14 ਜਿਵੇਂ ਡੰਗਰ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਓਹਨਾਂ ਨੂੰ ਅਰਾਮ ਦਿੱਤਾ। ਤੈਂ ਇਉਂ ਆਪਣੀ ਪਰਜਾ ਦੀ ਅਗਵਾਈ ਕੀਤੀ, ਭਈ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ।।
15 ਸੁਰਗੋਂ ਤੱਕ ਅਤੇ ਵੇਖ, ਆਪਣੇ ਪਵਿੱਤ੍ਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਦਿਲੀ ਚਾਹ ਅਤੇ ਤੇਰਾ ਰਹਮ ਜੋ ਮੇਰੇ ਲਈ ਸੀ ਰੁਕ ਗਿਆ ਹੈ।
16 ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਸਿਆਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕਾਲ ਤੋਂ ਹੈ।
17 ਹੇ ਯਹੋਵਾਹ, ਤੈਂ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਕੁਰਾਹੇ ਪੈਣ ਦਿੱਤਾ? ਤੈਂ ਸਾਡੇ ਦਿਲਾਂ ਨੂੰ ਆਪਣੇ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਟਹਿਲੂਆਂ, ਆਪਣੀ ਮਿਲਖ ਦੇ ਗੋਤਾਂ ਦੀ ਖਾਤਰ ਮੁੜ ਆ।
18 ਥੋੜੇ ਚਿਰ ਲਈ ਤੇਰੀ ਪਵਿੱਤ੍ਰ ਪਰਜਾ ਨੇ ਤੇਰੇ ਪਵਿੱਤ੍ਰ ਅਸਥਾਨ ਨੂੰ ਕਬਜ਼ੇ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ।
19 ਅਸੀਂ ਚਿਰ ਤੋਂ ਓਹਨਾਂ ਵਰਗੇ ਹੋ ਗਏ, ਜਿਨ੍ਹਾਂ ਉੱਤੇ ਤੈਂ ਰਾਜ ਨਹੀਂ ਕੀਤਾ, ਓਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਸਦਾਉਂਦੇ ਨਹੀਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×