Bible Versions
Bible Books

Isaiah 11 (PAV) Punjabi Old BSI Version

1 ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।
2 ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ।
3 ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਹੋਵੇਗਾ, ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫੈਸਲਾ ਦੇਵੇਗਾ।
4 ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, ਉਹ ਧਰਤੀ ਨੂੰ ਆਪਣੇ ਮੂੰਹ ਤੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।
5 ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।।
6 ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇੱਕਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।
7 ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇੱਕਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ।
8 ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।
9 ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।।
10 ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ,. ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਅਸਥਾਨ ਪਰਤਾਪਵਾਨ ਹੋਵੇਗਾ
11 ਅਤੇ ਓਸ ਦਿਨ ਐਉਂ ਹੋਵੇਗਾ ਕਿ ਪ੍ਰਭੁ ਫੇਰ ਦੋਬਾਰਾ ਆਪਣੀ ਪਰਜਾ ਦੇ ਬਕੀਏ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੋੜਨ ਲਈ ਆਪਣਾ ਹੱਥ ਪਾਵੇਗਾ।।
12 ਉਹ ਕੌਮਾਂ ਲਈ ਇੱਕ ਝੰਡਾ ਖੜਾ ਕਰੇਗਾ, ਅਤੇ ਇਸਰਾਏਲ ਦੇ ਛੁੱਟੜਾਂ ਨੂੰ ਇਕੱਠਾ ਕਰੇਗਾ, ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਹੁੰ ਕੂੰਟਾਂ ਤੋਂ ਜਮਾ ਕਰੇਗਾ।
13 ਇਫ਼ਰਾਈਮ ਦੀ ਖੁਣਸ ਜਾਂਦੀ ਰਹੇਗੀ, ਅਤੇ ਯਹੋਵਾਹ ਦੇ ਵੈਰੀ ਕੱਟੇ ਜਾਣਗੇ, ਇਫ਼ਰਾਈਮ ਯਹੂਦਾਹ ਨਾਲ ਖੁਣਸ ਨਾ ਕਰੇਗਾ, ਅਤੇ ਯਹੂਦਾਹ ਇਫ਼ਰਾਈਮ ਨਾਲ ਵੈਰ ਨਾ ਰੱਖੇਗਾ।
14 ਤਾਂ ਓਹ ਸਮੁੰਦਰ ਵੱਲ ਫਲਿਸਤੀਆਂ ਦੇ ਮੋਢੇ ਤੇ ਝਪੱਟਾ ਮਾਰਨਗੇ, ਅਤੇ ਓਹ ਇਕੱਠੇ ਪੂਰਬੀਆਂ ਨੂੰ ਲੁੱਟ ਲੈਣਗੇ, ਓਹ ਆਪਣਾ ਹੱਥ ਅਦੋਮ ਅਰ ਮੋਆਬ ਉੱਤੇ ਪਾਉਣਗੇ, ਅਤੇ ਅੰਮੋਨੀ ਉਨ੍ਹਾਂ ਨੂੰ ਮੰਨਣਗੇ।
15 ਯਹੋਵਾਹ ਮਿਸਰ ਦੀ ਸਮੁੰਦਰੀ ਖਾਡੀ ਦਾ ਸੱਤਿਆ ਨਾਸ ਕਰ ਦੇਵੇਗਾ, ਉਹ ਆਪਣਾ ਹੱਥ ਦਰਿਆ ਉੱਤੇ ਲੂ ਨਾਲ ਹਿਲਾਵੇਗਾ, ਅਤੇ ਉਹ ਨੂੰ ਮਾਰ ਕੇ ਉਹ ਦੇ ਸੱਤ ਨਾਲੇ ਕਰ ਦੇਵੇਗਾ, ਤਾਂ ਉਹ ਓਹਨਾਂ ਨੂੰ ਜੁੱਤੀਆਂ ਸਣੇ ਪਾਰ ਲੰਘਾਵੇਗਾ।
16 ਮੇਰੀ ਪਰਜਾ ਦੇ ਬਕੀਏ ਲਈ ਜਿਹੜਾ ਅੱਸ਼ੂਰ ਤੋਂ ਬਚ ਗਿਆ, ਇੱਕ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ, ਜਦ ਓਹ ਮਿਸਰ ਦੇ ਦੋਸੋਂ ਉਤਾਹਾਂ ਆਏ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×