Bible Versions
Bible Books

Proverbs 14 (PAV) Punjabi Old BSI Version

1 ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।
2 ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈ ਮੰਨਦਾ ਹੈ, ਪਰ ਜਿਹੜਾ ਵਿੰਗੀ ਚਾਲ ਚੱਲਦਾ ਹੈ ਉਹ ਉਸ ਨੂੰ ਤੁੱਛ ਜਾਣਦਾ ਹੈ।
3 ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੁੱਲ੍ਹ ਓਹਨਾਂ ਦੀ ਰੱਛਿਆ ਕਰਦੇ ਹਨ।
4 ਜਿੱਥੇ ਬਲਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲਦ ਦੇ ਜ਼ੋਰ ਨਾਲ ਅੰਨ ਬਾਹਲਾ ਪੈਦਾ ਹੁੰਦਾ ਹੈ।
5 ਮਾਤਬਰ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ।
6 ਮਖੌਲੀਆਂ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ।
7 ਮੂਰਖ ਤੋਂ ਲਾਂਭੇ ਹੋ ਜਾਹ, ਕਿਉਂ ਜੋ ਤੂੰ ਉਹ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਏਂਗਾ।
8 ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖਾਂ ਦੀ ਮੂਰਖਤਾਈ ਛਲ ਹੀ ਹੈ।
9 ਮੂਰਖ ਪਾਪ ਕਰ ਕੇ ਹੱਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ।
10 ਮਨ ਆਪ ਹੀ ਆਪਣੀ ਕੁੜੱਤਨ ਜਾਣਦਾ ਹੈ, ਉਹ ਦੀ ਖੁਸੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸੱਕਦਾ।
11 ਦੁਸ਼ਟਾਂ ਦਾ ਘਰ ਉੱਜੜ ਜਾਵੇਗਾ, ਪਰ ਸਚਿਆਰਾਂ ਦਾ ਤੰਬੂ ਲਾਭਵੰਤ ਹੋਵੇਗਾ।
12 ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।
13 ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ, ਅਤੇ ਅਨੰਦ ਦੇ ਅੰਤ ਵਿੱਚ ਸੋਗ ਹੁੰਦਾ ਹੈ।
14 ਮਨਮੁੱਖ ਆਪਣੀ ਚਾਲ ਦਾ, ਅਤੇ ਸਰਮੁਖ ਆਪਣੀ ਕੀਤੀ ਦਾ ਫਲ ਭੋਗੇਗਾ।
15 ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।
16 ਬੁੱਧਵਾਨ ਤਾਂ ਭੈ ਕਰ ਕੇ ਬੁਰਿਆਈ ਤੋਂ ਲਾਂਭੇ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ।।
17 ਜਿਹੜਾ ਛੇਤੀ ਗੁੱਸੇ ਹੋ ਜਾਂਦਾ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ।
18 ਭੋਲਿਆਂ ਲੋਕਾਂ ਦੇ ਵੰਡੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ।
19 ਭੈੜੇ ਭਲਿਆਂ ਦੇ ਅੱਗੇ ਨਿਉਂਦੇ ਹਨ, ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ।
20 ਕੰਗਾਲ ਆਪਣੇ ਗੁਆਂਢੀਆਂ ਲਈ ਵੀ ਘਿਣਾਉਣਾ ਹੈ, ਪਰ ਧੰਨਵਾਨ ਦੇ ਪ੍ਰੇਮੀ ਢੇਰ ਸਾਰੇ ਹੁੰਦੇ ਹਨ।
21 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਮਸਕੀਨਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ।
22 ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਓਹ ਭੁੱਲ ਨਹੀਂ ਕਰਦੇ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਤੇ ਸਚਿਆਈ ਹੁੰਦੀ ਹੈ।
23 ਮਿਹਨਤ ਦੇ ਨਾਲ ਸਦਾ ਖੱਟੀ ਹੁੰਦੀ ਹੈ, ਪਰ ਬੁੱਲ੍ਹਾਂ ਦੇ ਬਕਵਾਸ ਨਾਲ ਤਾਂ ਥੁੜ ਹੀ ਰਹਿੰਦੀ ਹੈ।
24 ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਲੜੀ ਮੂਰਖਤਾਈ ਹੀ ਹੈ
25 ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਛੁਡਾ ਲੈਂਦਾ ਹੈ, ਪਰ ਧੋਖੇਬਾਜ਼ ਕੂੜ ਮਾਰਦਾ ਹੈ।
26 ਯਹੋਵਾਹ ਦੇ ਭੈ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤ੍ਰਾਂ ਲਈ ਪਨਾਹ ਦਾ ਥਾਂ ਹੈ।
27 ਯਹੋਵਾਹ ਦਾ ਭੈ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ।
28 ਰਈਅਤ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਉੱਮਤ ਦੇ ਘਟ ਹੋਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ।
29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।
30 ਸ਼ਾਂਤ ਮਨ ਸਰੀਰ ਦਾ ਜੀਉਣ ਹੈ, ਪਰ ਖ਼ੁਣਸ ਹੱਡੀਆਂ ਦੀ ਸਾੜ ਹੈ।
31 ਜਿਹੜਾ ਗਰੀਬ ਉੱਤੇ ਅੰਨ੍ਹੇਰ ਕਰਦਾ ਹੈ, ਉਹ ਆਪਣੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ।
32 ਦੁਸ਼ਟ ਤਾਂ ਆਪਣੀ ਬੁਰਿਆਈ ਨਾਲ ਢਹਿ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਨਾਹ ਪਾਉਂਦਾ ਹੈ।
33 ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਝ ਹੈ ਉਹ ਪਰਗਟ ਹੋ ਜਾਂਦਾ ਹੈ।
34 ਧਰਮ ਕੌਮ ਦੀ ਉੱਨਤੀ ਕਰਦਾਹੈ, ਪਰ ਪਾਪ ਉੱਮਤਾਂ ਲਈ ਮੂੰਹ ਕਾਲਾ ਹੈ।
35 ਬੁੱਧਵਾਨ ਨੌਕਰ ਤੋਂ ਪਾਤਸ਼ਾਹ ਪਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਦੀ ਕਰੋਪੀ ਹੁੰਦੀ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×