Bible Versions
Bible Books

Isaiah 26 (PAV) Punjabi Old BSI Version

1 ਓਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ, - ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਤੇ ਸਫੀਲਾਂ ਉਸ ਨੇ ਮੁਕਤੀ ਠਹਿਰਾਈਆਂ।
2 ਫਾਟਕ ਖੋਲ੍ਹੋ! ਭਈ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਨਾ ਕਰਦੀ ਹੈ ਅੰਦਰ ਆਵੇ।
3 ਜਿਹੜਾ ਤੇਰੇ ਵਿੱਚ ਲਿਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ।
4 ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਯਾਹ ਯਹੋਵਾਹ ਸਨਾਤਨ ਚਟਾਨ ਹੈ।
5 ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਣੇ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੀਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੀਕ ਲਾਹ ਦਿੰਦਾ ਹੈ।
6 ਪੈਰ ਉਸ ਨੂੰ ਮਿੱਧਣਗੇ, ਮਸਕੀਨਾਂ ਦੇ ਪੈਰ, ਗਰੀਬਾਂ ਦੇ ਕਦਮ।।
7 ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ।
8 ਹਾਂ, ਤੇਰੇ ਨਿਆਉਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰੇ ਨਾਮ ਲਈ ਅਰ ਤੇਰੀ ਯਾਦ ਲਈ ਸਾਡੇ ਜੀ ਦੀ ਇੱਛਿਆ ਹੈ।
9 ਰਾਤ ਨੂੰ ਮੇਰਾ ਜੀ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੈਨੂੰ ਤਰਸਦਾ ਹੈ, ਜਦ ਕਿ ਤੇਰਾ ਨਿਆਉਂ ਧਰਤੀ ਉੱਤੇ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ।
10 ਭਾਵੇਂ ਦੁਸ਼ਟ ਉੱਤੇ ਕਿਰਪਾ ਹੋਵੇ, ਪਰ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਭੀ ਉਹ ਉਲਟਾ ਕੰਮ ਕਰੇਗਾ, ਅਤੇ ਯਹੋਵਾਹ ਦਾ ਤੇਜ ਨਾ ਵੇਖੇਗਾ।।
11 ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਓਹ ਵੇਖਦੇ ਨਹੀਂ, ਓਹ ਪਰਜਾ ਲਈ ਤੇਰੀ ਅਣਖ ਨੂੰ ਵੇਖਣ ਤੇ ਲਾਜ ਖਾਣ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ!
12 ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਤੈਂ ਸਾਡੇ ਲਈ ਸਾਡੇ ਸਭ ਕੰਮ ਜੋ ਪੂਰੇ ਕੀਤੇ।
13 ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੈਥੋਂ ਬਿਨਾ ਹੋਰਨਾਂ ਪ੍ਰਭੁਆਂ ਨੇ ਸਾਡੇ ਉੱਤੇ ਹਕੂਮਤ ਕੀਤੀ, ਪਰ ਅਸੀਂ ਤੇਰੇ ਹੀ ਨਾਮ ਨੂੰ ਚੇਤੇ ਰੱਖਾਂਗੇ।
14 ਓਹ ਮੁਰਦੇ ਹਨ, ਓਹ ਨਾ ਜੀਉਣਗੇ, ਓਹ ਭੂਤਨੇ ਹਨ, ਓਹ ਨਾ ਉੱਠਣਗੇ, ਐਉਂ ਤੈਂ ਓਹਨਾਂ ਦੀ ਖਬਰ ਲਈ ਅਤੇ ਓਹਨਾਂ ਨੂੰ ਗੁਲ ਕਰ ਦਿੱਤਾ, ਅਤੇ ਓਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ।
15 ਯਹੋਵਾਹ, ਤੈਂ ਕੌਮ ਨੂੰ ਵਧਾਇਆ, ਤੈਂ ਕੌਮ ਨੂੰ ਵਧਾਇਆ ਤੈਂ ਜਲਾਲ ਪਾਇਆ, ਤੈਂ ਦੇਸ ਦੀਆਂ ਹੱਦਾਂ ਨੂੰ ਦੂਰ ਦੂਰ ਫੈਲਾਇਆ।।
16 ਹੇ ਯਹੋਵਾਹ, ਦੁਖ ਵਿੱਚ ਓਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਓਹਨਾਂ ਉੱਤੇ ਹੋਇਆ, ਤਾਂ ਓਹ ਹੌਲੀ ਹੌਲੀ ਪ੍ਰਾਰਥਨਾ ਕਰਨ ਲੱਗੇ।
17 ਜਿਵੇਂ ਗਰਭਣੀ ਜਦ ਉਹ ਜਣਨ ਦੇ ਨੇੜੇ ਹੁੰਦੀ ਹੈ, ਆਪਣੀਆਂ ਪੀੜਾਂ ਵਿੱਚ ਤੜਫਦੀ ਅਰ ਚਿੱਲਾਉਂਦੀ ਹੈ, ਤਿਵੇਂ ਹੀ ਅਸੀਂ ਵੀ ਤੇਰੇ ਹਜ਼ੂਰ ਸਾਂ, ਹੇ ਯਹੋਵਾਹ!
18 ਅਸੀਂ ਗਰਭੀ ਹੋਏ, ਅਸੀਂ ਤੜਫੇ, ਪਰ ਜਾਣੋ ਅਸਾਂ ਹਵਾ ਹੀ ਜਣੀ! ਅਸਾਂ ਧਰਤੀ ਵਿੱਚ ਬਚਾਓ ਨਹੀਂ ਕੀਤਾ, ਅਤੇ ਜਗਤ ਦੇ ਵਾਸੀ ਨਹੀਂ ਡਿੱਗੇ।
19 ਤੇਰੇ ਮੁਰਦੇ ਜੀਉਣਗੇ, ਮੇਰੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਹੈ, ਅਤੇ ਧਰਤੀ ਭੂਤਨਿਆਂ ਨੂੰ ਕੱਢੇਗੀ।।
20 ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।
21 ਵੇਖੋ ਤਾਂ, ਯਹੋਵਾਹ ਆਪਣੇ ਅਸਥਾਨ ਤੋਂ ਨਿੱਕਲ ਰਿਹਾ ਹੈ, ਭਈ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣਾ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×