Bible Versions
Bible Books

Isaiah 19 (PAV) Punjabi Old BSI Version

1 ਮਿਸਰ ਲਈ ਅਗੰਮ ਵਾਕ, - ਵੇਖੋ, ਯਹੋਵਾਹ ਉੱਡਦੇ ਬੱਦਲ ਉੱਤੇ ਸਵਾਰ ਹੋਕੇ ਮਿਸਰ ਨੂੰ ਲਗਾ ਆਉਂਦਾ ਹੈ, ਮਿਸਰ ਦੇ ਬੁੱਤ ਉਹ ਦੇ ਹਜ਼ੂਰ ਕੰਬ ਉੱਠਣਗੇ, ਅਤੇ ਮਿਸਰੀਆਂ ਦਾ ਦਿਲ ਉਨ੍ਹਾਂ ਦੇ ਵਿੱਚੋ ਵਿੱਚ ਢਲ ਜਾਵੇਗਾ।
2 ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਪਰੇਰਾਂਗਾ, ਓਹ ਲੜਨਗੇ, ਹਰ ਮਨੁੱਖ ਆਪਣੇ ਭਰਾ ਨਾਲ, ਅਤੇ ਹਰ ਮਨੁੱਖ ਆਪਣੇ ਗੁਆਂਢੀ ਨਾਲ, ਸ਼ਹਿਰ ਸ਼ਹਿਰ ਨਾਲ, ਪਾਤਸ਼ਾਹੀ ਪਾਤਸ਼ਾਹੀ ਨਾਲ।
3 ਮਿਸਰੀਆਂ ਦੀ ਰੂਹ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ ਜਾਵੇਗੀ, ਮੈਂ ਉਨ੍ਹਾਂ ਦੀ ਜੁਗਤੀ ਨੂੰ ਝੱਫ ਲਵਾਂਗਾ, ਅਤੇ ਓਹ ਬੁੱਤਾਂ ਤੋਂ ਪੁੱਛ ਗਿੱਛ ਕਰਨਗੇ, ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ ਤੋਂ ਵੀ।।
4 ਮੈਂ ਮਿਸਰੀਆਂ ਨੂੰ ਕਰੜੇ ਮਾਲਕਾਂ ਦੇ ਵੱਸ ਪਾਵਾਂਗਾ, ਅਤੇ ਇੱਕ ਡਾਢਾ ਰਾਜਾ ਉਨ੍ਹਾਂ ਦੇ ਉੱਤੇ ਰਾਜ ਕਰੇਗਾ, ਸੈਨਾ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ।।
5 ਪਾਣੀ ਸਮੁੰਦਰ ਵਿੱਚੋਂ ਸੁੱਕ ਜਾਵੇਗਾ, ਅਤੇ ਦਰਿਆ ਖੁਸ਼ਕ ਅਰ ਖਾਲੀ ਹੋ ਜਾਵੇਗਾ,
6 ਨਹਿਰਾਂ ਬਦਬੂਦਾਰ ਹੋ ਜਾਣਗੀਆਂ, ਮਿਸਰ ਦੇ ਨਾਲੇ ਘੱਟਦੇ ਘੱਟਦੇ ਸੁੱਕ ਜਾਣਗੇ, ਕਾਨਾ ਤੇ ਪਿਲਛੀ ਗਲ ਜਾਣਗੇ।
7 ਨੀਲ ਦਰਿਆ ਉੱਤੇ, ਉਹ ਦੇ ਕੰਢੇ ਉੱਤੇ ਵਿਰਾਨੀ ਹੋਵੇਗੀ, ਜੋ ਕੁਝ ਨੀਲ ਦਰਿਆ ਉੱਤੇ ਬੀਜਿਆ ਜਾਵੇ, ਉਹ ਸੁੱਕ ਜਾਵੇਗਾ, ਉੱਡ ਜਾਵੇਗਾ ਅਤੇ ਫੇਰ ਹੋਵੇਗਾ ਨਹੀਂ।
8 ਮਾਛੀ ਹਮਸੋਸ ਕਰਨਗੇ, ਓਹ ਸਾਰੇ ਜਿਹੜੇ ਨੀਲ ਵਿੱਚ ਕੁੰਡੀਆਂ ਪਾਉਂਦੇ ਹਨ ਰੋਣਗੇ, ਅਤੇ ਓਹ ਜਿਹੜੇ ਪਾਣੀਆਂ ਦੇ ਉੱਤੇ ਜਾਲ ਵਿਛਾਉਂਦੇ ਹਨ ਢਿੱਲੇ ਪੈ ਜਾਣਗੇ।
9 ਮਹੀਨ ਕਤਾਨ ਦੇ ਕਾਰੀਗਰ, ਅਤੇ ਚਿੱਟੇ ਸੂਤ ਦੇ ਬੁਣਨ ਵਾਲੇ ਲਾਜ ਖਾਣਗੇ।
10 ਦੇਸ ਦੇ ਸੰਭਾਲੂ ਭੰਨੇ ਜਾਣਗੇ, ਅਤੇ ਸਾਰੇ ਮਜੂਰ ਪ੍ਰਾਣਾਂ ਤੋਂ ਔਖੇ ਹੋਣਗੇ।।
11 ਸੋਆਨ ਦੇ ਸਰਦਾਰ ਉੱਕੇ ਹੀ ਮੂਰਖ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖਚਰਪੁਣਾ ਹੀ ਹੈ। ਫੇਰ ਤੁਸੀਂ ਕਿਵੇਂ ਫ਼ਿਰਊਨ ਨੂੰ ਆਖਦੇ ਹੋ, ਮੈਂ ਸਿਆਣਿਆਂ ਦਾ ਪੁੱਤ੍ਰ ਹਾਂ, ਪਰਾਚੀਨ ਦੇ ਰਾਜਿਆਂ ਦੀ ਅੰਸ ਹਾਂ?
12 ਹੁਣ ਤੇਰੇ ਸਿਆਣੇ ਕਿੱਥੇ ਹਨ? ਓਹ ਤੈਨੂੰ ਦੱਸਣ ਅਤੇ ਓਹ ਜਾਣਨ, ਕਿ ਸੈਨਾਂ ਦੇ ਯਹੋਵਾਹ ਨੇ ਮਿਸਰ ਲਈ ਕੀ ਠਾਣਿਆ ਹੈ।
13 ਸੋਆਨ ਦੇ ਸਰਦਾਰ ਪਗਲੇ ਹੋ ਗਏ, ਨੋਫ ਦੇ ਸਰਦਾਰ ਧੋਖਾ ਖਾ ਗਏ, ਅਤੇ ਉਹ ਦੇ ਗੋਤਾਂ ਦੇ ਸਿਰੇ ਦੇ ਪੱਥਰਾਂ ਨੇ ਮਿਸਰ ਨੂੰ ਕੁਰਾਹੇ ਪਾਇਆ।
14 ਯਹੋਵਾਹ ਨੇ ਉਹ ਦੇ ਅੰਦਰ ਟੇਢੀ ਰੂਹ ਰਲਾ ਦਿੱਤੀ, ਉਨ੍ਹਾਂ ਨੇ ਮਿਸਰ ਨੂੰ ਉਹ ਦੇ ਸਭ ਕੰਮਾਂ ਵਿੱਚ ਡਗਮਗਾ ਦਿੱਤਾ ਹੈ, ਜਿਵੇਂ ਸ਼ਰਾਬੀ ਆਪਣੀ ਕੈ ਨਾਲ ਡਗਮਾਉਂਦਾ ਹੈ।
15 ਫੇਰ ਮਿਸਰ ਲਈ ਕੋਈ ਕੰਮ ਨਹੀਂ ਹੋਵੇਗਾ, ਜਿਹੜਾ ਸਿਰ ਯਾ ਪੂਛ, ਖਜੂਰ ਦੀ ਟਹਿਣੀ ਯਾ ਕਾਨਾ ਕਰ ਸੱਕੇ।।
16 ਓਸ ਦਿਨ ਮਿਸਰੀ ਤੀਵੀਆਂ ਵਾਂਙੁ ਹੋਣਗੇ ਅਤੇ ਓਹ ਸੈਨਾਂ ਦੇ ਯਹੋਵਾਹ ਦੇ ਹੱਥ ਹਿਲਾਉਣੋਂ ਜਿਹੜਾ ਉਹ ਓਹਨਾਂ ਦੇ ਉੱਤੇ ਹਿਲਾਉਂਦਾ ਹੈ ਡਰਨਗੇ ਤੇ ਕੰਬਣਗੇ
17 ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਹਰੇਕ ਜਿਹ ਨੂੰ ਏਹ ਦੀ ਗੱਲ ਆਖੀ ਜਾਵੇ ਸੈਨਾਂ ਦੇ ਯਹੋਵਾਹ ਦੇ ਪਰੋਜਨ ਦੇ ਕਾਰਨ ਜਿਹੜਾ ਉਹ ਨੇ ਉਨ੍ਹਾਂ ਦੇ ਵਿਰੁੱਧ ਠਾਣਿਆ ਹੈ ਡਰੇਗਾ।।
18 ਓਸ ਦਿਨ ਮਿਸਰ ਦੇਸ ਵਿੱਚ ਪੰਜ ਸ਼ਹਿਰ ਹੋਣਗੇ ਜਿਹੜੇ ਕਨਾਨ ਦੀ ਬੋਲੀ ਬੋਲਣਗੇ ਅਤੇ ਜਿਹੜੇ ਸੈਨਾਂ ਦੇ ਯਹੋਵਾਹ ਦੀ ਸੌਂਹ ਖਾਣਗੇ। ਇੱਕ ਨਾਸ਼ ਨਗਰ ਅਖਵਾਏਗਾ।।
19 ਓਸ ਦਿਨ ਮਿਸਰ ਦੇਸ ਦੇ ਵਿੱਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ
20 ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ। ਜਦ ਓਹ ਜ਼ਾਲਮਾਂ ਦੇ ਕਾਰਨ ਯਹੋਵਾਹ ਦੀ ਦੁਹਾਈ ਦੇਣਗੇ, ਤਦ ਉਹ ਉਨ੍ਹਾਂ ਦੇ ਲਈ ਇੱਕ ਬਚਾਊ, ਇੱਕ ਮਹਾ ਪੁਰਸ਼ ਘੱਲੇਗਾ ਅਤੇ ਉਹ ਉਨ੍ਹਾਂ ਨੂੰ ਛੁਡਾਵੇਗਾ
21 ਯਹੋਵਾਹ ਮਿਸਰੀਆਂ ਲਈ ਆਪ ਨੂੰ ਪਰਗਟ ਕਰੇਗਾ ਸੋ ਓਸ ਦਿਨ ਮਿਸਰੀ ਯਹੋਵਾਹ ਨੂੰ ਜਾਣਨਗੇ ਅਤੇ ਓਹ ਬਲੀਆਂ ਅਰ ਭੇਟਾਂ ਨਾਲ ਉਪਾਸਨਾ ਕਰਨਗੇ ਅਤੇ ਯਹੋਵਾਹ ਲਈ ਓਹ ਸੁੱਖਣਾਂ ਸੁੱਖਣਗੇ ਅਤੇ ਪੂਰੀਆਂ ਵੀ ਕਰਨਗੇ
22 ਅਤੇ ਯਹੋਵਾਹ ਮਿਸਰ ਨੂੰ ਮਾਰੇਗਾ, ਨਾਲੇ ਮਾਰੇਗਾ ਨਾਲੇ ਚੰਗਾ ਕਰੇਗਾ ਅਤੇ ਓਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਓਹਨਾਂ ਦੀ ਦੁਹਾਈ ਮੰਨੇਗਾ ਅਤੇ ਓਹਨਾਂ ਨੂੰ ਚੰਗਾ ਕਰੇਗਾ।।
23 ਓਸ ਦਿਨ ਇੱਕ ਸੜਕ ਮਿਸਰ ਤੋਂ ਅੱਸ਼ੂਰ ਤੀਕ ਹੋਵੇਗੀ ਅਤੇ ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਜਾਣਗੇ ਅਤੇ ਮਿਸਰੀ ਅੱਸ਼ੂਰੀਆਂ ਨਾਲ ਭਗਤੀ ਕਰਨਗੇ
24 ਓਸ ਦਿਨ ਇਸਰਾਏਲ ਮਿਸਰ ਨਾਲ ਅਰ ਅੱਸ਼ੂਰ ਨਾਲ ਤੀਜਾ ਹੋਵੇਗਾ, ਅਰਥਾਤ ਧਰਤੀ ਦੇ ਵਿੱਚ ਇੱਕ ਬਰਕਤ
25 ਜਿੰਨ੍ਹਾਂ ਨੂੰ ਸੈਨਾਂ ਦੇ ਯਹੋਵਾਹ ਨੇ ਏਹ ਆਖ ਕੇ ਬਰਕਤ ਦਿੱਤੀ ਕਿ ਮਿਸਰ ਮੇਰੀ ਪਰਜਾ ਅਤੇ ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਮੀਰਾਸ ਮੁਬਾਰਕ ਹੋਵੇ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×