Bible Versions
Bible Books

Jeremiah 13 (PAV) Punjabi Old BSI Version

1 ਯਹੋਵਾਹ ਨੇ ਮੈਨੂੰ ਐਉਂ ਆਖਿਆ ਕਿ ਜਾਹ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰ ਕੱਸਾ ਮੁਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਨੂੰ ਪਾਣੀ ਵਿੱਚ ਨਾ ਭੇਵੀਂ
2 ਸੋ ਮੈਂ ਯਹੋਵਾਹ ਦੇ ਬਚਨ ਦੇ ਅਨੁਸਾਰ ਇੱਕ ਕਮਰ ਕੱਸਾ ਮੁੱਲ ਲਿਆ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲਿਆ
3 ਤਾਂ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ
4 ਜਿਹੜਾ ਕਮਰ ਕੱਸਾ ਤੈਂ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹ ਨੂੰ ਲੈ, ਉੱਠ ਅਤੇ ਫਰਾਤ ਨੂੰ ਜਾਹ ਅਤੇ ਉੱਥੇ ਉਹ ਨੂੰ ਇੱਕ ਚਟਾਨ ਦੀ ਤੇੜ ਵਿੱਚ ਲੁਕਾ ਦੇਹ
5 ਸੋ ਮੈਂ ਗਿਆ ਅਤੇ ਉਹ ਫਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ
6 ਤਾਂ ਐਉਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਉੱਠ ਕੇ ਫਰਾਤ ਨੂੰ ਜਾਹ ਅਤੇ ਉਸ ਕਮਰ ਕੱਸੇ ਨੂੰ ਉੱਥੋਂ ਲੈ ਲੈ ਜਿਹ ਦੇ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ
7 ਤਾਂ ਮੈਂ ਫਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਅਰ ਉਸ ਕਮਰ ਕੱਸੇ ਨੂੰ ਉਸ ਥਾਓਂ ਲਿਆ ਜਿੱਥੇ ਮੈਂ ਉਹ ਨੂੰ ਲੁਕਾਇਆ ਸੀ ਅਤੇ ਵੇਖੋ, ਉਹ ਵਿਗੜ ਗਿਆ ਸੀ, ਉਹ ਕਿਸੇ ਕੰਮ ਦਾ ਨਾ ਰਿਹਾ।।
8 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
9 ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੈਂ ਇਉਂ ਹੀ ਯਹੂਦਾਹ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦਿਆਂਗਾ
10 ਏਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦਿਓਤਿਆਂ ਦੇ ਪਿੱਛੇ ਚੱਲਦੀ, ਓਹਨਾਂ ਦੀ ਪੂਜਾ ਕਰਦੀ ਅਤੇ ਓਹਨਾਂ ਨੂੰ ਮੱਥਾ ਟੇਕਦੀ ਹੈ, ਉਹ ਏਸ ਕਮਰ ਕੱਸੇ ਵਾਂਙੁ ਹੈ ਜਿਹੜਾ ਕਿਸੇ ਕੰਮ ਦਾ ਨਹੀਂ
11 ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਤਿਵੇਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬੱਝੇ ਰਹਿਣ, ਯਹੋਵਾਹ ਦਾ ਵਾਕ ਹੈ, ਭਈ ਓਹ ਮੇਰੇ ਲਈ ਪਰਜਾ, ਨਾਮ, ਉਸਤਤ ਅਤੇ ਸੁਹੱਪਣ ਹੋਣ ਪਰ ਓਹਨਾਂ ਨੇ ਨਾ ਸੁਣਿਆ
12 ਤੂੰ ਓਹਨਾਂ ਨੂੰ ਏਹ ਗੱਲ ਆਖ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਭਈ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ਅਤੇ ਓਹ ਤੈਨੂੰ ਆਖਣਗੇ, ਕੀ ਅਸੀਂ ਸੱਚ ਮੁੱਚ ਨਹੀਂ ਜਾਣਿਆ ਕਿ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ?
13 ਤਦ ਤੂੰ ਓਹਨਾਂ ਨੂੰ ਆਖ, ਯਹੋਵਾਹ ਐਉਂ ਆਖਦਾ ਹੈ, - ਵੇਖ, ਮੈਂ ਏਸ ਦੇ ਸਾਰੇ ਵਾਸੀਆਂ ਨੂੰ ਅਤੇ ਪਾਤਸ਼ਾਹਾਂ ਨੂੰ ਜਿਹੜੇ ਦਾਊਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ
14 ਮੈਂ ਓਹਨਾਂ ਸਾਰਿਆਂ ਨੂੰ ਟਕਰਾ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤ੍ਰ ਨਾਲ, ਯਹੋਵਾਹ ਦਾ ਵਾਕ ਹੈ, ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਓਹਨਾਂ ਨੂੰ ਨਾਸ ਨਾ ਕਰ ਦਿਆਂ।।
15 ਸੁਣੋ ਅਤੇ ਕੰਨ ਲਾਓ, ਹੰਕਾਰ ਨਾ ਕਰੋ, ਕਿਉਂ ਜੋ ਯਹੋਵਾਹ ਬੋਲਿਆ ਹੈ।
16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦਿਓ, ਏਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਏਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਹਾੜਾਂ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ।
17 ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਨ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ।।
18 ਪਾਤਸ਼ਾਹ ਅਤੇ ਰਾਣੀ ਨੂੰ ਆਖ, ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ।
19 ਦੱਖਣ ਦੇ ਸ਼ਹਿਰ ਬੰਦ ਹੋ ਗਏ, ਓਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਯਹੂਦਾਹ ਅਸੀਰ ਹੋ ਗਿਆ, ਸਾਰੇ ਦੇ ਸਾਰੇ ਅਸੀਰ ਹੋ ਗਏ।।
20 ਆਪਣੀਆਂ ਅੱਖਾਂ ਚੁੱਕ, ਤੇ ਉੱਤਰ ਵੱਲੋਂ ਆਉਣ ਵਾਲਿਆਂ ਨੂੰ ਵੇਖ! ਉਹ ਇੱਜੜ ਕਿੱਥੇ ਹੈ ਜਿਹੜਾ ਤੈਨੂੰ ਦਿੱਤਾ ਗਿਆ ਸੀ? ਹਾਂ, ਤੇਰਾ ਸੋਹਣਾ ਇੱਜੜ?
21 ਤੂੰ ਕੀ ਆਖੇਂਗੀ ਜਦ ਉਹ ਤੇਰੇ ਉੱਤੇ ਆਗੂ ਹੋਣ ਲਈ, ਓਹਨਾਂ ਨੂੰ ਠਹਿਰਾਵੇ ਜਿਨ੍ਹਾਂ ਨੂੰ ਤੈਂ ਆਪ ਸਿਖਾਇਆ, ਭਈ ਓਹ ਤੇਰੇ ਯਾਰ ਹੋਣ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਤੀਵੀਂ ਨੂੰ ਜਣਨ ਦੀਆਂ ਲੱਗਦੀਆਂ ਹਨ?
22 ਜੇ ਤੂੰ ਆਪਣੇ ਦਿਲ ਵਿੱਚ ਆਖੇਂ, ਏਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ? ਏਹ ਤੇਰੀ ਬਦੀ ਦੇ ਵਾਫਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ।
23 ਭਲਾ, ਹਬਸ਼ੀ ਆਪਣੀ ਖੱਲ ਨੂੰ, ਯਾ ਚਿੱਤਾ ਆਪਣੇ ਦਾਗਾਂ ਨੂੰ ਬਦਲ ਸੱਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸੱਕਦਾ ਹੈਂ, ਜਿਹ ਨੇ ਬੁਰੀਆਈ ਸਿੱਖੀ ਹਈ ਹੈ!
24 ਮੈਂ ਓਹਨਾਂ ਨੂੰ ਭੋਹ ਵਾਂਙੁ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।
25 ਏਹ ਤੇਰਾ ਗੁਣਾ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੈਂ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।
26 ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ।
27 ਤੇਰਾ ਜ਼ਨਾਹ, ਤੇਰਾ ਹਿਣਕਣਾ, ਤੇਰੇ ਗੁੰਡੇ ਵਿਭਚਾਰ, ਪੈਲੀਆਂ ਵਿੱਚ, ਟਿੱਬਿਆਂ ਉੱਤੇ, ਏਹ ਤੇਰੇ ਘਿਣਾਉਣੇ ਕੰਮ ਮੈਂ ਵੇਖੇ। ਹੇ ਯਰੂਸ਼ਲਮ, ਹਾਇ ਤੇਰੇ ਉੱਤੇ! ਤੂੰ ਪਾਕ ਸਾਫ਼ ਨਾ ਹੋਵੇਂਗਾ! ਕਿੰਨਾ ਸਮਾਂ ਅਜੇ ਹੋਰ ਹੈ?
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×