Bible Versions
Bible Books

Job 21 (PAV) Punjabi Old BSI Version

1 ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 ਗੌਹ ਨਾਲ ਮੇਰੀ ਗੱਲ ਸੁਣੋ, ਅਤੇ ਏਹੋ ਤੁਹਾਡੀ ਤਸੱਲੀ ਹੋਵੇ।
3 ਮੇਰੀ ਸਹਿ ਲਓ ਤੇ ਮੈਂ ਬੋਲਾਂਗਾ, ਅਤੇ ਮੇਰੇ ਬੋਲਣ ਦੇ ਮਗਰੋਂ ਤੂੰ ਠੱਠਾ ਕਰ!
4 ਕੀ ਮੇਰਾ ਗਿਲਾ ਆਦਮੀ ਉੱਤੇ ਹੈ? ਫੇਰ ਮੇਰਾ ਆਤਮਾ ਕਿਉਂ ਨਾ ਅੱਕੇ?
5 ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ!।।
6 ਜਦ ਮੈਂ ਚੇਤੇ ਕਰਦਾ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ!
7 ਦੁਸ਼ਟ ਕਿਉਂ ਜੀਉਂਦੇ ਰਹਿੰਦੇ, ਬੁੱਢੇ ਹੋ ਜਾਂਦੇ ਸਗੋਂ ਮਾਲ ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ?
8 ਉਨ੍ਹਾਂ ਦੀ ਅੰਸ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਨਮੁਖ, ਅਤੇ ਉਨ੍ਹਾਂ ਦੀ ਉਲਾਦ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ੍ਹ ਹੋ ਜਾਂਦੀ ਹੈ।
9 ਉਨ੍ਹਾਂ ਦੇ ਘਰ ਭੈ ਤੋਂ ਰਹਿਤ ਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਨ੍ਹਾਂ ਉੱਤੇ ਨਹੀਂ ਹੈ।
10 ਉਨ੍ਹਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਤੇ ਥੋਥਾ ਨਹੀਂ ਪੈਂਦਾ, ਉਨ੍ਹਾਂ ਦੀ ਗਾਂ ਸੂੰਦੀ ਹੈ ਅਤੇ ਉਹ ਦਾ ਗੱਭ ਨਹੀਂ ਡਿੱਗਦਾ।
11 ਓਹ ਆਪਣੇ ਨਿਆਣੇ ਇੱਜੜ ਵਾਂਙੁ ਬਾਹਰ ਘੱਲਦੇ ਹਨ ਅਤੇ ਉਨ੍ਹਾਂ ਦੇ ਬੱਚੇ ਨੱਚਦੇ ਹਨ।
12 ਓਹ ਡੱਫ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।
13 ਓਹ ਅੱਛੇ ਦਿਨ ਕੱਟਦੇ ਹਨ, ਪਰ ਇੱਕ ਫੇਰੇ ਵਿੱਚ ਪਤਾਲ ਨੂੰ ਉਤਰ ਜਾਂਦੇ ਹਨ!
14 ਓਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ!
15 ਸਰਬ ਸ਼ਕਤੀਮਾਨ ਹੈ ਕੀ, ਜੋ ਆਪਾਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਆਪਾਂ ਉਹ ਦੇ ਅੱਗੇ ਅਰਦਾਸ ਕਰੀਏ?
16 ਵੇਖੋ, ਉਨ੍ਹਾਂ ਦੀ ਭਾਗਵਾਨੀ ਉਨ੍ਹਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਹੈ।
17 ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝ ਜਾਂਦਾ ਅਤੇ ਉਨ੍ਹਾਂ ਦੀ ਬਿਪਤਾ ਉਨ੍ਹਾਂ ਉੱਤੇ ਪੈਂਦੀ ਹੈ, ਉਹ ਆਪਣੇ ਕ੍ਰੋਧ ਵਿੱਚ ਦੁਖ ਵੰਡਦਾ ਹੈ।
18 ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਙੁ ਹਨ, ਅਤੇ ਭੋ ਵਾਂਙੁ ਹਨ ਜਿਹ ਨੂੰ ਝੱਖੜ ਝੋਲਾ ਉਡਾ ਲੈ ਜਾਂਦਾ ਹੈ।
19 ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਉਸ ਦਾ ਬਦਲਾ ਉਹ ਨੂੰ ਹੀ ਦੇਵੇ ਭਈ ਉਹ ਜਾਣ ਲਵੇ।
20 ਉਹ ਦੀਆਂ ਅੱਖੀਆਂ ਉਹ ਦੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕਹਿਰ ਵਿੱਚੋਂ ਪੀਵੇ।
21 ਉਹ ਨੂੰ ਤਾਂ ਆਪਣੇ ਪਿੱਛੋਂ ਆਪਣੇ ਘਰਾਣੇ ਵਿੱਚ ਕੀ ਖੁਸ਼ੀ ਹੈ, ਜਦ ਉਹ ਦੇ ਮਹੀਨਿਆਂ ਦੀ ਗਿਣਤੀ ਵੀ ਟੁੱਟ ਗਈ?
22 ਕੀ ਉਹ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ? ਉਹ ਤਾਂ ਉੱਚਿਆਂ ਉੱਚਿਆਂ ਦਾ ਨਿਆਉਂ ਕਰਦਾ ਹੈ।।
23 ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਹ ਦੀ ਚੈਨ ਤੇ ਸੁਖ ਸੰਪੂਰਨ ਹਨ।
24 ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ,
25 ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁਖ ਨਹੀਂ ਭੋਗਦਾ ਹੈ।
26 ਉਹ ਦੋਵੇਂ ਖ਼ਾਕ ਵਿੱਚ ਪਏ ਰਹਿੰਦੇ ਹਨ, ਅਤੇ ਕੀੜੇ ਉਨ੍ਹਾਂ ਨੂੰ ਢੱਕ ਲੈਂਦੇ ਹਨ।।
27 ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਨ੍ਹਾਂ ਜੁਗਤੀਆਂ ਨੂੰ ਵੀ ਜਿਨ੍ਹਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ।
28 ਤੁਸੀਂ ਤਾਂ ਕਹਿੰਦੇ ਹੋ ਭਈ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਹ ਦੇ ਵਿੱਚ ਦੁਸ਼ਟ ਵੱਸਦੇ ਸਨ?
29 ਕੀ ਤੁਸਾਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਨ੍ਹਾਂ ਦੇ ਨਿਸ਼ਾਨਾਂ ਨੂੰ ਨਹੀਂ ਸਿਆਣਦੇ ਹੋ,
30 ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਓਹ ਗਜ਼ਬ ਦੇ ਦਿਨ ਲਈ ਲਿਆਇਆ ਜਾਂਦਾ ਹੈ?
31 ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ?
32 ਉਹ ਕਬਰ ਵਿੱਚ ਪੁਚਾਇਆ ਜਾਂਦਾ ਹੈ, ਅਤੇ ਉਹ ਦੀ ਮੜ੍ਹੀ ਉੱਤੇ ਪਹਿਰਾ ਦਿੱਤਾ ਜਾਂਦਾ ਹੈ।
33 ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਅਤੇ ਸਾਰੇ ਆਦਮੀ ਉਹ ਦੇ ਪਿੱਛੇ ਚਲਾਣਾ ਕਰਨਗੇ ਜਿਵੇਂ ਉਹ ਦੇ ਅੱਗੇ ਅਣਗਿਣਤ ਗਏ।
34 ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਰਹਿ ਜਾਂਦੀ ਹੈ?
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×