Bible Versions
Bible Books

Nehemiah 4 (PAV) Punjabi Old BSI Version

1 ਤਾਂ ਐਉਂ ਹੋਇਆ ਕਿ ਜਦ ਸਨਬੱਲਟ ਨੇ ਸੁਣਿਆ ਕਿ ਅਸੀਂ ਕੰਧ ਨੂੰ ਬਣਾਉਂਦੇ ਹਾਂ ਤਾਂ ਉਹ ਨੂੰ ਗੁੱਸਾ ਚੜ੍ਹਿਆ ਅਤੇ ਬਹੁਤ ਨਰਾਜ਼ ਹੋਇਆ ਅਤੇ ਯਹੂਦੀਆਂ ਨੂੰ ਠੱਠੇ ਕੀਤੇ
2 ਅਤੇ ਉਹ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੇ ਲਸ਼ਕਰ ਦੇ ਅੱਗੇ ਆਖਿਆ ਕਿ ਏਹ ਹੁਟੇ ਹੋਏ ਯਹੂਦੀ ਕੀ ਕਰਦੇ ਹਨ? ਕੀ ਓਹ ਆਪਣੇ ਲਈ ਮੋਰਚੇ ਬਣਾ ਰਹੇ ਹਨ? ਕੀ ਓਹ ਬਲੀ ਚੜ੍ਹਾਉਣਗੇ? ਕੀ ਓਹ ਇੱਕੋ ਹੀ ਦਿਨ ਸਭ ਕੁੱਝ ਬਣਾ ਲੈਣਗੇ? ਕੀ ਓਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁੱਗ ਕੇ ਫੇਰ ਨਵੇਂ ਬਣਾ ਲੈਣਗੇ?
3 ਤਾਂ ਟੋਬੀਯਾਹ ਅੰਮੋਨੀ ਨੇ ਜਿਹੜਾ ਉਹ ਦੇ ਕੋਲ ਸੀ ਆਖਿਆ ਕਿ ਏਹ ਜੋ ਬਣਾਉਂਦੇ ਹਨ ਜੇ ਇੱਕ ਲੂਮੜੀ ਏਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਏਸ ਕੰਧ ਨੂੰ ਢਾਹ ਦੇਵੇਗੀ!
4 ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡੀ ਬੇਪਤੀ ਹੁੰਦੀ ਹੈ। ਏਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਪਾ ਅਤੇ ਅਸੀਰੀ ਦੇ ਦੇਸ ਵਿੱਚ ਉਨ੍ਹਾਂ ਨੂੰ ਲੁੱਟ ਦਾ ਮਾਲ ਬਣਾ
5 ਅਤੇ ਉਨ੍ਹਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਨ੍ਹਾਂ ਦੇ ਪਾਪ ਨੂੰ ਆਪਣੇ ਅੱਗੋਂ ਨਾ ਮਿਟਾ, ਕਿਉਂ ਜੋ ਉਨ੍ਹਾਂ ਨੇ ਤੇਰੇ ਕਹਿਰ ਨੂੰ ਕਾਰੀਰਗਾਂ ਦੇ ਅੱਗੇ ਭੜਕਾਇਆ ਹੈ
6 ਸੋ ਅਸੀਂ ਕੰਧ ਬਣਾਉਂਦੇ ਗਏ ਅਤੇ ਸਾਰੀ ਕੰਧ ਅੱਧ ਤੀਕ ਜੋੜੀ ਗਈ ਕਿਉਂ ਜੋ ਲੋਕ ਦਿਲ ਨਾਲ ਕੰਮ ਕਰਦੇ ਸਨ।।
7 ਤਾਂ ਐਉਂ ਹੋਇਆ ਕਿ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ, ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਨ੍ਹਾਂ ਦੇ ਖੱਪੇ ਮਿਲਦੇ ਜਾਂਦੇ ਹਨ ਤਾਂ ਓਹ ਬਹੁਤ ਸੜ ਭੁਜ ਗਏ
8 ਤਾਂ ਉਨ੍ਹਾਂ ਸਾਰਿਆਂ ਨੇ ਇੱਕ ਮਨ ਹੋ ਕੇ ਮਤਾ ਪਕਾਇਆ ਕਿ ਆਓ, ਯਰੂਸ਼ਲਮ ਨਾਲ ਲੜੀਏ ਅਤੇ ਉਹ ਦੇ ਕੰਮਾਂ ਵਿੱਚ ਧਾਂਦਲ ਪਾ ਦੇਈਏ
9 ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਰਹੇ ਅਤੇ ਉਨ੍ਹਾਂ ਦੇ ਕਾਰਨ ਆਪਣੇ ਲਈ ਦਿਨ ਰਾਤ ਉਨ੍ਹਾਂ ਦੇ ਵਿਰੁੱਧ ਪਹਿਰਾ ਖੜ੍ਹਾ ਕੀਤਾ
10 ਤਾਂ ਯਹੂਦਾਹ ਨੇ ਆਖਿਆ ਕਿ ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਅਸੀਂ ਕੰਧ ਨੂੰ ਬਣਾ ਨਹੀਂ ਸੱਕਦੇ
11 ਅਤੇ ਸਾਡੇ ਵਿਰੋਧੀਆਂ ਨੇ ਆਖਿਆ, ਜੱਦ ਤਕ ਅਸੀਂ ਉਨ੍ਹਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਵੱਢ ਨਾ ਸੁੱਟੀਏ ਅਤੇ ਉਨ੍ਹਾਂ ਦੇ ਕੰਮ ਨੂੰ ਡਕ ਨਾ ਦੇਈਏ ਤਦ ਤਕ ਓਹ ਨਾ ਜਾਣਨਗੇ ਅਤੇ ਨਾ ਵੇਖਣਗੇ
12 ਤਾਂ ਐਉਂ ਹੋਇਆ ਜਦ ਓਹ ਯਹੂਦੀ ਜਿਹੜੇ ਉਨ੍ਹਾਂ ਦੇ ਨੇੜੇ ਤੇੜੇ ਵੱਸਦੇ ਸਨ ਆਏ ਤਾਂ ਉਨ੍ਹਾਂ ਨੇ ਕੇ ਸਾਨੂੰ ਦੱਸ ਵਾਰ ਆਖਿਆ, ਓਹ ਸਾਰਿਆਂ ਥਾਵਾਂ ਵਿੱਚੋਂ ਸਾਡੇ ਉੱਤੇ ਚੜ੍ਹ ਆਉਣਗੇ
13 ਏਸ ਲਈ ਮੈਂ ਨੀਵਿਆਂ ਥਾਵਾਂ ਵਿੱਚ ਕੰਧ ਦੇ ਪਿੱਛੇ ਖੁਲ੍ਹਿਆਂ ਥਾਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਟੱਬਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਆਪਣੀਆਂ ਬਰਛੀਆਂ ਅਤੇ ਆਪਣੀਆਂ ਕਮਾਨਾਂ ਨਾਲ ਖੜੇ ਕੀਤਾ
14 ਮੈਂ ਵੇਖਿਆ ਅਤੇ ਉੱਠਿਆ ਅਤੇ ਉਨ੍ਹਾਂ ਸ਼ਰੀਫਾਂ ਅਤੇ ਰਈਸਾਂ ਅਤੇ ਬਾਕੀ ਲੋਕਾਂ ਨੂੰ ਆਖਿਆ, ਉਨ੍ਹਾਂ ਕੋਲੋਂ ਨਾ ਡਰੋ, ਪ੍ਰਭੁ ਨੂੰ ਜਿਹੜਾ ਵੱਡਾ ਤੇ ਭੈ ਦਾਇਕ ਹੈ ਯਾਦ ਰੱਖੋ ਅਤੇ ਆਪਣੇ ਭਰਾਵਾਂ ਲਈ ਅਤੇ ਆਪਣਿਆਂ ਪੁੱਤ੍ਰਾਂ ਲਈ, ਆਪਣੀਆਂ ਧੀਆਂ ਲਈ, ਆਪਣੀਆਂ ਤੀਵੀਆਂ ਲਈ ਅਤੇ ਆਪਣਿਆਂ ਘਰਾਂ ਲਈ ਲੜੋ!।।
15 ਤਾਂ ਐਉਂ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਏਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੇ ਮਤੇ ਨੂੰ ਤੁੱਛ ਕਰ ਦਿੱਤਾ ਤਦ ਅਸੀਂ ਸਾਰੇ ਦੇ ਸਾਰੇ ਕੰਧ ਵੱਲ ਮੁੜ ਆਏ ਅਤੇ ਹਰ ਮਨੁੱਖ ਆਪਣੇ ਕੰਮ ਨੂੰ ਗਿਆ
16 ਤਾਂ ਐਉਂ ਹੋਇਆ ਕਿ ਉਸ ਦਿਨ ਤੋਂ ਅੱਗੇ ਨੂੰ ਮੇਰੇ ਅੱਧੇ ਜੁਆਨ ਕੰਮ ਉੱਤੇ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ ਅਤੇ ਢਾਲਾਂ ਅਤੇ ਕਮਾਨਾਂ ਲੈ ਕੇ ਅਤੇ ਸੰਜੋਆਂ ਪਾਕੇ ਅਤੇ ਸਰਦਾਰ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਪਿੱਛੇ ਸਨ
17 ਓਹ ਜਿਹੜੇ ਕੰਧ ਬਣਾਉਂਦੇ ਸਨ ਅਤੇ ਓਹ ਜਿਹੜੇ ਭਾਰ ਚੁੱਕਦੇ ਸਨ ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਸ਼ੱਸਤ੍ਰ ਫੜਦੇ ਸਨ
18 ਅਤੇ ਬਣਾਉਣ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ ਅਤੇ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਸੀ
19 ਤਾਂ ਮੈਂ ਸ਼ਰੀਫਾਂ ਅਤੇ ਰਈਸਾਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ ਕਿ ਕੰਮ ਬਹੁਤ ਅਤੇ ਫੈਲਿਆ ਹੋਇਆ ਹੈ ਤੇ ਅਸੀਂ ਕੰਧ ਉੱਤੇ ਖਿਲਰੇ ਹੋਏ ਹਾਂ ਅਤੇ ਇੱਕ ਦੂਸਰੇ ਤੋਂ ਦੂਰ ਹਾਂ
20 ਜਿਸ ਥਾਂ ਵਿੱਚ ਤੁਸੀਂ ਨਰਸਿੰਗੇ ਦੀ ਅਵਾਜ਼ ਨੂੰ ਸੁਣੋ ਓਧਰ ਹੀ ਸਾਡੇ ਕੋਲ ਇੱਕਠੇ ਹੋ ਜਾਓ। ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ
21 ਅਸੀਂ ਕੰਮ ਕਰਦੇ ਗਏ ਅੱਧੇ ਉਨ੍ਹਾਂ ਵਿੱਚੋਂ ਸੂਰਜ ਚੜ੍ਹਣ ਤੋਂ ਤਾਰਿਆਂ ਦੇ ਵਿਖਾਈ ਦੇਣ ਤੀਕ ਬਰਛੀਆਂ ਨੂੰ ਥੰਮ੍ਹੀ ਰੱਖਦੇ ਸਨ
22 ਨਾਲੇ ਮੈਂ ਉਸ ਵੇਲੇ ਲੋਕਾਂ ਨੂੰ ਆਖਿਆ, ਹਰ ਮਨੁੱਖ ਆਪਣੇ ਜੁਆਨ ਸਣੇ ਯਰੂਸ਼ਲਮ ਵਿੱਚ ਰਾਤ ਕੱਟੇ ਤਾਂ ਜੋ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ
23 ਸੋ ਨਾ ਮੈਂ ਕਦੀ ਕੱਪੜੇ ਲਾਹੇ, ਨਾ ਮੇਰੇ ਭਰਾਵਾਂ, ਨਾ ਮੇਰੇ ਜੁਆਨਾਂ ਅਤੇ ਨਾ ਉਨ੍ਹਾਂ ਲੋਕਾਂ ਨੇ ਜਿਹੜੇ ਰਾਖੀ ਲਈ ਮੇਰੇ ਨਾਲ ਸਨ ਸਗੋਂ ਹਰ ਮਨੁੱਖ ਪਾਣੀ ਲੈਣ ਲਈ ਆਪਣਾ ਸ਼ੱਸਤ੍ਰ ਨਾਲ ਰੱਖਦਾ ਸੀ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×