Bible Versions
Bible Books

Galatians 4 (PAV) Punjabi Old BSI Version

1 ਹੁਣ ਮੈਂ ਆਖਦਾ ਹਾਂ ਭਈ ਅਧਕਾਰੀ ਜਿਨ੍ਹਾਂ ਚਿਰ ਬਾਲਕ ਹੈ ਉਸ ਵਿੱਚ ਅਤੇ ਗੁਲਾਮ ਵਿੱਚ ਕੁਝ ਭਿੰਨ ਭੇਤ ਨਹੀਂ ਭਾਵੇਂ ਉਹ ਸਭ ਦਾ ਮਾਲਕ ਹੈ
2 ਪਰ ਉਸ ਮਿਆਦ ਤੀਕ ਜੋ ਪਿਤਾ ਨੇ ਪਹਿਲਾਂ ਠਹਿਰਾਈ ਹੈ ਸਰਬਰਾਹਾਂ ਅਤੇ ਮੁਖਤਿਆਰਾਂ ਦੇ ਮਤਹਿਤ ਹੈ
3 ਤਿਵੇਂ ਅਸੀਂ ਵੀ ਜਦ ਬਾਲਕ ਸਾਂ ਤਦ ਸੰਸਾਰੀ ਮੂਲ ਗੱਲਾਂ ਦੇ ਬੰਧਨ ਵਿੱਚ ਸਾਂ
4 ਪਰ ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰਾ ਦੇ ਮਤਹਿਤ ਜੰਮਿਆ
5 ਇਸ ਲਈ ਜੋ ਮੁੱਲ ਦੇ ਕੇ ਓਹਨਾਂ ਨੂੰ ਜਿਹੜੇ ਸ਼ਰਾ ਦੇ ਮਤਹਿਤ ਹਨ ਛੁਡਾਵੇ ਭਈ ਲੇਪਾਲਕ ਪੁੱਤ੍ਰ ਹੋਣ ਦੀ ਪਦਵੀ ਸਾਨੂੰ ਪਰਾਪਤ ਹੋਵੇ
6 ਅਤੇ ਤੁਸੀਂ ਜੋ ਪੁੱਤ੍ਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਘੱਲ ਦਿੱਤਾ ਜਿਹੜਾ “ਅੱਬਾ” ਅਰਥਾਤ “ਹੇ ਪਿਤਾ” ਪੁਕਾਰਦਾ ਹੈ
7 ਸੋ ਤੂੰ ਅਗਾਹਾਂ ਨੂੰ ਗੁਲਾਮ ਨਹੀਂ ਸਗੋਂ ਪੁੱਤ੍ਰ ਹੈਂ ਅਤੇ ਜੇ ਪੁੱਤ੍ਰ ਹੈਂ ਤਾਂ ਪਰਮੇਸ਼ੁਰ ਦੇ ਰਾਹੀਂ ਅਧਕਾਰੀ ਵੀ ਹੈਂ।।
8 ਪਰ ਉਸ ਵੇਲੇ ਪਰਮੇਸ਼ੁਰ ਤੋਂ ਅਣਜਾਣ ਜੋ ਸਾਓ ਤੁਸੀਂ ਓਹਨਾਂ ਦੇ ਬੰਧਨ ਵਿੱਚ ਸਾਓ ਜਿਹੜੇ ਅਸਲ ਵਿੱਚ ਇਸ਼ੁਰ ਨਹੀਂ ਸਨ
9 ਪਰ ਹੁਣ ਜੋ ਤੁਸੀਂ ਪਰਮੇਸ਼ੁਰ ਨੂੰ ਜਾਣ ਗਏ ਹੋ ਸਗੋਂ ਪਰਮੇਸ਼ੁਰ ਨੇ ਤੁਹਾਨੂੰ ਜਾਣ ਲਿਆ ਤਾਂ ਕਿੱਕੁਰ ਤੁਸੀਂ ਫੇਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਜਾਂਦੇ ਹੋ ਜਿਨ੍ਹਾਂ ਦੇ ਬੰਧਨ ਵਿੱਚ ਤੁਸੀਂ ਨਵੇਂ ਸਿਰਿਓ ਆਇਆ ਚਾਹੁੰਦੇ ਹੋ?
10 ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਹਾਂ ਨੂੰ ਮੰਨਦੇ ਹੋ!
11 ਤੁਹਾਡੇ ਲਈ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਮਿਹਨਤ ਕੀਤੀ ਹੋਵੇ।।
12 ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਮੇਰੇ ਜਿਹੇ ਬਣੋ ਇਸ ਲਈ ਜੋ ਮੈਂ ਵੀ ਤੁਹਾਡੇ ਜਿਹਾ ਬਣਿਆ ਹਾਂ। ਤੁਸੀਂ ਮੇਰੇ ਨਾਲ ਬੁਰੇ ਨਹੀਂ ਵਰਤੇ,
13 ਪਰ ਤੁਸੀਂ ਜਾਣਦੇ ਹੋ ਜੋ ਮੈਂ ਸਰੀਰ ਦੀ ਮਾਂਦਗੀ ਕਰਕੇ ਪਹਿਲੀ ਵਾਰ ਤੁਹਾਨੂੰ ਖੁਸ਼ ਖਬਰੀ ਸੁਣਾਈ
14 ਅਤੇ ਉਹ ਜੋ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਪਰਤਾਵਾ ਸੀ ਉਹ ਨੂੰ ਤੁਸਾਂ ਤੁੱਛ ਨਾ ਜਾਣਿਆ, ਨਾ ਉਸ ਤੋਂ ਸੂਗ ਕੀਤੀ ਪਰ ਮੈਨੂੰ ਪਰਮੇਸ਼ੁਰ ਦੇ ਦੂਤ ਦੀ ਨਿਆਈਂ ਸਗੋਂ ਮਸੀਹ ਯਿਸੂ ਦੀ ਨਿਆਈਂ ਕਬੂਲ ਕੀਤਾ
15 ਸੋ ਹੁਣ ਤੁਹਾਡਾ ਧੰਨਵਾਦ ਕਿੱਥੇ ਗਿਆ? ਕਿਉਂ ਜੋ ਮੈਂ ਤੁਹਾਡੇ ਲਈ ਸਾਖੀ ਭਰਦਾ ਹਾਂ ਭਈ ਜੇ ਹੋ ਸੱਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ!
16 ਫੇਰ ਕੀ ਮੈਂ ਤੁਹਾਨੂੰ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ?
17 ਉਹ ਤੁਹਾਨੂੰ ਫੁਸਲਾਉਂਦੇ ਤਾਂ ਬਹੁਤ ਹਨ ਪਰ ਭਲੀ ਨੀਤ ਨਾਲ ਨਹੀਂ ਸਗੋਂ ਓਹ ਤੁਹਾਨੂੰ ਛੇਕਿਆ ਚਾਹੁੰਦੇ ਹਨ ਭਈ ਤੁਸੀਂ ਵੀ ਓਹਨਾਂ ਨੂੰ ਫੁਸਲਾਓ
18 ਪਰ ਭਲਾ ਇਹ ਹੈ ਜੋ ਭਲੀ ਗੱਲੇ ਸਦਾ ਤੁਹਾਨੂੰ ਫੁਸਲਾਉਣ ਅਤੇ ਨਾ ਕੇਵਲ ਓਸ ਵੇਲੇ ਜਾਂ ਮੈਂ ਤੁਹਾਡੇ ਕੋਲ ਹੋਵਾਂ
19 ਹੇ ਮੇਰੇ ਬੱਚਿਓ, ਜਿੰਨਾ ਚਿਰ ਤੁਹਾਡੇ ਵਿੱਚ ਮਸੀਹ ਸੂਰਤ ਨਾ ਫੜ ਲੈ ਮੈਨੂੰ ਤੁਹਾਡੇ ਲਈ ਫੇਰ ਪੀੜਾਂ ਲੱਗੀਆਂ ਹੋਈਆਂ ਹਨ
20 ਅਤੇ ਮੈਂ ਚਾਹੁੰਦਾ ਸਾਂ ਜੋ ਹੁਣ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰਾਂ ਬੋਲਦਾ ਕਿਉਂ ਜੋ ਤੁਹਾਡੀ ਵੱਲੋਂ ਮੈਂ ਦੁਬਧਾ ਵਿੱਚ ਪਿਆ ਹੋਇਆ ਹਾਂ।।
21 ਤੁਸੀਂ ਜੋ ਸ਼ਰਾ ਦੇ ਮਤਹਿਤ ਹੋਣਾ ਚਾਹੁੰਦੇ ਹੋ ਮੈਨੂੰ ਦੱਸੋਂ, ਭਲਾ, ਤੁਸੀਂ ਸ਼ਰਾ ਨੂੰ ਨਹੀਂ ਸੁਣਦੇ?
22 ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤ੍ਰ ਹੋਏ, ਇੱਕ ਗੋੱਲੀ ਤੋਂ ਅਤੇ ਦੂਜਾ ਅਜ਼ਾਦ ਤੋਂ
23 ਪਰ ਜਿਹੜਾ ਗੋੱਲੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਤੋਂ ਹੋਇਆ ਉਹ ਬਚਨ ਦੇ ਕਾਰਨ ਜੰਮਿਆ
24 ਏਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਜੋ ਏਹ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜੋਂ ਹੈ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ
25 ਅਤੇ ਇਹ ਹਾਜਰਾ ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦੀ ਯਰੂਸ਼ਲਮ ਉਹ ਦਾ ਜਵਾਬ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਸਣੇ ਗੁਲਾਮੀ ਵਿੱਚ ਪਈ ਹੈ
26 ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ
27 ਕਿਉਂ ਜੋ ਲਿਖਿਆ ਹੋਇਆ ਹੈ - ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।।
28 ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਙੁ ਬਚਨ ਦੀ ਸੰਤਾਨ ਹਾਂ
29 ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤਿਵੇਂ ਹੁਣ ਵੀ ਹੁੰਦਾ ਹੈ
30 ਪਰ ਧਰਮ ਪੁਸਤਕ ਕੀ ਆਖਦਾ ਹੈ? ਗੋੱਲੀ ਅਤੇ ਉਸ ਦੇ ਪੁਤ੍ਰ ਨੂੰ ਕੱਢ ਦੇਹ ਕਿਉਂ ਜੋ ਗੋੱਲੀ ਦਾ ਪੁੱਤ੍ਰ ਅਜ਼ਾਦ ਦੇ ਪੁੱਤ੍ਰ ਦੇ ਨਾਲ ਅਧਕਾਰੀ ਨਹੀਂ ਹੋਵੇਗਾ
31 ਇਸ ਲਈ, ਹੇ ਭਰਾਵੋ, ਅਸੀਂ ਗੋੱਲੀ ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×