Bible Versions
Bible Books

Proverbs 12 (PAV) Punjabi Old BSI Version

1 ਜੋ ਸੁਧਾਰ ਨਾਲ ਪ੍ਰੀਤ ਰੱਖਦਾ ਹੈ, ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜ ਨੂੰ ਬੁਰਾ ਜਾਣਦਾ ਹੈ ਉਹ ਪਸੂ ਵਰਗਾ ਹੈ।
2 ਭਲੇ ਮਾਨਸ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।
3 ਖੋਟ ਨਾਲ ਕੋਈ ਮਨੁੱਖ ਅਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ।
4 ਪਤਵੰਤੀ ਤੀਵੀਂ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀਆਂ ਹੱਡੀਆਂ ਦਾ ਸਾੜਾ ਹੈ।
5 ਧਰਮੀਆਂ ਦੀਆਂ ਚਿਤਮਣੀਆਂ ਤਾਂ ਨਿਆਉਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਤੇ ਮਤੇ ਛਲ ਹੁੰਦੇ ਹਨ।
6 ਦੁਸ਼ਟਾਂ ਦੀਆਂ ਗੱਲਾਂ ਖ਼ੂਨ ਦੇ ਘਾਤ ਦੀਆਂ ਹਨ, ਪਰ ਸਚਿਆਰਾਂ ਦੇ ਮੂੰਹ ਓਹਨਾਂ ਨੂੰ ਛੁਡਾ ਲੈਂਦੇ ਹਨ।
7 ਦੁਸ਼ਟ ਉਲਟਾਏ ਜਾਂਦੇ ਅਤੇ ਓਹ ਹੁੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਖੜਾ ਰਹੇਗਾ।
8 ਆਦਮੀ ਦਾ ਜਸ ਉਹ ਦੀ ਚਤਰਾਈ ਦੇ ਅਨੁਸਾਰ ਹੁੰਦਾ ਹੈ, ਪਰ ਪੁੱਠੇ ਦਿਲ ਵਾਲਾ ਤੁੱਛ ਸਮਝਿਆ ਜਾਂਦਾ ਹੈ।
9 ਪਤਹੀਣ ਜਿਹ ਦੇ ਕੋਲ ਟਹਿਲੂਆ ਹੈ, ਉਸ ਨਾਲੋਂ ਚੰਗਾ ਹੈ ਜੋ ਵਡਿਆਈ ਮਾਰਦਾ ਪਰ ਰੋਟੀਓਂ ਵੀ ਤੰਗ ਹੈ।
10 ਧਰਮੀ ਆਪਣੇ ਪਸੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟਾਂ ਦਾ ਰਹਮ ਨਿਰਦਈ ਹੀ ਹੈ।
11 ਜਿਹੜਾ ਆਪਣੀ ਭੋਂ ਨੂੰ ਦੱਬ ਕੇ ਵਾਹੇਗਾ ਉਹ ਰੱਜ ਕੇ ਖਾਏਗਾ, ਤੇ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।
12 ਦੁਸ਼ਟ ਬੁਰਿਆਰਾਂ ਦੇ ਜਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ੍ਹ ਫਲਦੀ ਹੈ।
13 ਬੁਰਿਆਰ ਆਪਣੇ ਬੁਲ੍ਹਾਂ ਦੇ ਅਪਰਾਧ ਨਾਲ ਫੱਸ ਜਾਂਦਾ ਹੈ, ਪਰ ਧਰਮੀ ਦੁਖ ਤੋਂ ਬਚ ਨਿੱਕਲਦਾ ਹੈ।
14 ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਿਆਈ ਨਾਲ ਤ੍ਰਿਪਤ ਹੁੰਦਾ ਹੈ, ਅਤੇ ਜੇਹੀ ਕਿਸੇ ਦੀ ਕਰਨੀ ਤੇਹੀ ਉਸੇ ਦੀ ਭਰਨੀ।
15 ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।
16 ਮੂਰਖ ਦੀ ਖੱਚ ਝੱਟ ਪਰਗਟ ਹੋ ਜਾਂਦੀ ਹੈ, ਪਰ ਸਿਆਣਾ ਅਪਜਸ ਨੂੰ ਛਿਪਾ ਲੈਂਦਾ ਹੈਂ।
17 ਜਿਹੜਾ ਸੱਚ ਬੋਲਦਾ ਹੈ ਉਹ ਧਰਮ ਨੂੰ ਦੱਸਦਾ ਹੈ, ਪਰ ਝੂਠਾ ਗਵਾਹ ਛਲ ਨੂੰ।
18 ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।
19 ਸੱਚੇ ਬੁੱਲ੍ਹ ਸਦਾ ਤਾਈਂ ਰਹਿਣਗੇ, ਪਰ ਝੂਠੀ ਜੀਭ ਛਿਨ ਮਾਤ੍ਰ ਦੀ ਹੈ।
20 ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹੂਆਂ ਲਈ ਅਨੰਦ ਹੁੰਦਾ ਹੈ।
21 ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ।
22 ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ, ਪਰ ਜੋ ਵਫ਼ਾਦਾਰੀ ਵਰਤਦੇ ਹਨ ਉਹ ਓਹਨਾਂ ਨੂੰ ਪਸੰਦ ਕਰਦਾ ਹੈ।
23 ਸਿਆਣਾ ਆਦਮੀ ਗਿਆਨ ਨੂੰ ਲੁਕਾਈ ਰੱਖਦਾ ਹੈ, ਪਰ ਮੂਰਖ ਦਾ ਦਿਲ ਮੂਰਖਤਾਈ ਦਾ ਪਰਚਾਰ ਕਰਦਾ ਹੈ।
24 ਉੱਦਮੀ ਦਾ ਹੱਥ ਹਾਕਮੀ ਕਰੇਗਾ, ਪਰ ਆਲਸੀ ਕਰ ਦੇਣ ਵਾਲਾ ਬਣੇਗਾ।
25 ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।
26 ਧਰਮੀ ਆਪਣੇ ਗੁਆਂਢੀ ਨੂੰ ਰਾਹ ਦੱਸਦਾ ਹੈ, ਪਰ ਦੁਸ਼ਟ ਦੀ ਚਾਲ ਉਹ ਨੂੰ ਭੁਲਾ ਦਿੰਦੀ ਹੈ।
27 ਆਲਸੀ ਮਨੁੱਖ ਸ਼ਿਕਾਰ ਕਰਕੇ ਉਹ ਨੂੰ ਭੁੰਨਦਾ ਵੀ ਨਹੀਂ, ਪਰ ਆਦਮੀ ਦਾ ਅਨਮੋਲ ਪਦਾਰਥ ਉੱਦਮੀ ਲਈ ਹੈ।
28 ਧਰਮ ਦੇ ਰਾਹ ਵਿੱਚ ਜੀਉਣ ਹੈ, ਅਤੇ ਉਹ ਦੇ ਪਹੇ ਵਿੱਚ ਮੂਲੋਂ ਮੌਤ ਨਹੀਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×