Bible Versions
Bible Books

2 Corinthians 11 (PAV) Punjabi Old BSI Version

1 ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਾਰੋ, ਹਾਂ, ਤੁਸੀਂ ਜਰੂਰ ਸਹਾਰੋ!
2 ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਜਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਭਈ ਤਾਹਨੂੰ ਪਾਕ ਕੁਆਰੀਂ ਵਾਂਙੁ ਮਸੀਹ ਦੇ ਅਰਪਨ ਕਰਾਂ
3 ਪਰ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ
4 ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ ਜਿਹ ਦੀ ਅਸਾਂ ਨਾ ਕੀਤੀ ਯਾ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ ਯਾ ਕੋਈ ਹੋਰ ਖੁਸ਼ ਖਬਰੀ ਜਿਹ ਨੂੰ ਤੁਸਾਂ ਕਬੂਲ ਨਾ ਕੀਤਾ ਤਾਂ ਤੁਸੀਂ ਅੱਛੀ ਤਰਾਂ ਉਹ ਨੂੰ ਸਹਾਰ ਲੈਂਦੇ!
5 ਕਿਉ ਜੋ ਮੈਂ ਆਪਣੇ ਆਪ ਨੂੰ ਉਨ੍ਹਾਂ ਮਹਾਨ ਰਸੂਲਾਂ ਤੋਂ ਕਿਸੇ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ
6 ਪਰ ਭਾਵੇਂ ਮੈਂ ਬੋਲਣ ਵਿੱਚ ਅਨਾੜੀ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸਾਂ ਹਰ ਤਰਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਹ ਨੂੰ ਪਰਗਟ ਕੀਤਾ
7 ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ ਖਬਰੀ ਤੁਹਾਨੂੰ ਮੁਖਤ ਸੁਣਾ ਕੇ ਆਪ ਨੂੰ ਨੀਵੀਆਂ ਕੀਤਾ ਭਈ ਤੁਸੀਂ ਉੱਚੇ ਕੀਤੇ ਜਾਓ ਭਲਾ, ਇਹ ਦੇ ਵਿੱਚ ਕੋਈ ਪਾਪ ਕੀਤਾ
8 ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਯਾਂ ਤੋਂ ਖਰਚ ਲੈ ਕੇ ਉਨ੍ਹਾਂ ਨੂੰ ਲੁੱਟ ਲਿਆ
9 ਅਰ ਜਦ ਤੁਹਾਡੇ ਕੋਲ ਹੁੰਦਿਆਂ ਮੈਨੂੰ ਲੋੜ ਪਈ ਤਾਂ ਕਿਸੇ ਉੱਤੇ ਭਾਰੂ ਨਾ ਹੋਇਆ ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਤੋਂ ਕੇ ਮੇਰੀ ਲੋੜ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਭਾਰੂ ਹੋਣ ਤੋਂ ਰੁਕਿਆ ਰਿਹਾ ਅਤੇ ਰੁਕਿਆ ਰਹਾਂਗਾ ਵੀ
10 ਜੇ ਮਸੀਹ ਦੀ ਸਚਿਆਈ ਮੇਰੇ ਵਿੱਚ ਹੈ ਤਾਂ ਅਖਾਯਾ ਦਿਆਂ ਹਲਕਿਆਂ ਵਿੱਚ ਏਹ ਮੇਰਾ ਅਭਮਾਨ ਕਦੀ ਨਹੀਂ ਰੁਕੇਗਾ
11 ਕਿਉਂॽ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਰੱਖਦਾॽ ਪਰਮੇਸ਼ੁਰ ਜਾਣਦਾ ਹੈ!।।
12 ਪਰ ਮੈਂ ਜੋ ਕਰਦਾ ਹਾਂ ਸੋਈ ਕਰਦਾ ਰਹਾਂਗਾ ਤਾਂ ਜੋ ਮੈਂ ਦਾਉ ਲੱਭਣ ਵਾਲਿਆਂ ਦੇ ਦਾਉ ਝਾੜ ਸੁੱਟਾਂ ਭਈ ਜਿਸ ਗੱਲ ਵਿੱਚ ਓਹ ਅਭਮਾਨ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ
13 ਕਿਉਂ ਜੋ ਏਹੋ ਜੇਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ
14 ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ
15 ਇਸ ਲਈ ਜੋ ਉਹ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ।।
16 ਮੈਂ ਫੇਰ ਇਹ ਆਖਦਾ ਹਾਂ ਭਈ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਨੂੰ ਮੂਰਖ ਹੀ ਜਾਣ ਕੇ ਕਬੂਲ ਕਰੋ ਤਾਂ ਜੋ ਮੈਂ ਵੀ ਥੋੜਾ ਜਿਹਾ ਅਭਮਾਨ ਕਰਾਂ
17 ਜੋ ਕੁਝ ਮੈਂ ਇਸ ਅਭਮਾਨ ਕਰਨ ਦੇ ਭਰੋਸੇ ਨਾਲ ਕਹਿੰਦਾ ਹਾਂ ਸੋ ਪ੍ਰਭੁ ਦੀ ਮੱਤ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ
18 ਜਦੋਂ ਬਾਹਲੇ ਲੋਕ ਸਰੀਰ ਦੇ ਅਨੁਸਾਰ ਅਭਮਾਨ ਕਰਦੇ ਹਨ ਮੈਂ ਵੀ ਅਭਮਾਨ ਕਰਾਂਗਾ
19 ਕਿਉਂ ਜੋ ਤੁਸੀਂ ਆਪ ਸਿਆਣੇ ਹੋ ਜੋ ਤਦੇ ਮੂਰਖਾਂ ਦਾ ਖੁਸ਼ੀ ਨਾਲ ਸਹਾਰਾ ਲੈਂਦੇ ਹੋ
20 ਜਦ ਕੋਈ ਤੁਹਾਨੂੰ ਗੁਲਾਮੀ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਚੱਟ ਕਰ ਜਾਂਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ
21 ਮੈਂ ਨਿਆਦਰੀ ਦੇ ਰਾਹ ਵਿੱਚ ਆਖਦਾ ਹੈਂ ਭਈ ਅਸੀਂ ਵੀ ਮਾੜੇ ਜੇਹੇ ਸਾਂ ਪਰ ਜਿਸ ਗੱਲ ਵਿੱਚ ਕੋਈ ਦਿਲੇਰ ਹੈ (ਮੈਂ ਮੂਰਖਤਾਈ ਨਾਲ ਇਹ ਆਖਦਾ ਹਾਂ) ਮੈਂ ਵੀ ਦਿਲੇਰ ਹਾਂ
22 ਕੀ ਓਹ ਇਬਰਾਨੀ ਹਨॽ ਮੈਂ ਵੀ ਹਾਂ ਕੀ ਓਹ ਇਸਰਾਏਲੀ ਹਨॽ ਮੈਂ ਵੀ ਹਾਂ। ਕੀ ਓਹ ਅਬਰਾਹਾਮ ਦੀ ਅੰਸ ਹਨॽ ਮੈਂ ਵੀ ਹਾਂ
23 ਕੀ ਓਹ ਮਸੀਹ ਦੇ ਸੇਵਕ ਹਨॽ ਮੈਂ ਬੇਸੁੱਧ ਵਾਂਙੁ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਦੇ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ
24 ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ ਚਾਲੀ ਕੋਰੜੇ ਖਾਧੇ
25 ਮੈਂ ਤਿੰਨ ਵਾਰੀ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰੀ ਪਥਰਾਉ ਹੋਇਆ, ਤਿੰਨ ਵਾਰੀ ਬੇੜੇ ਦੇ ਗਰਕਣ ਤੋਂ ਦੁਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ
26 ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦਿਆਂ ਭੌਜਲਾਂ ਵਿੱਚ, ਡਾਕੂਆਂ ਦਿਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੌਜਲਾਂ ਵਿੱਚ, ਨਗਰ ਦਿਆਂ ਭੌਜਲਾਂ ਵਿੱਚ, ਉਜਾੜ ਦਿਆਂ ਭੌਜਲਾਂ ਵਿੱਚ, ਸਮੁੰਦਰ ਦਿਆਂ ਭੌਜਲਾਂ ਵਿੱਚ, ਖੋਟੇ ਭਰਾਵਾਂ ਦਿਆਂ ਭੌਜਲਾਂ ਵਿੱਚ
27 ਮਿਹਨਤ ਪੋਹਰਿਆਂ ਵਿੱਚ, ਕਈ ਵਾਰੀ ਉਣੀਂਦਿਆਂ ਵਿੱਚ, ਭੁੱਖ ਅਤੇ ਤਰੇਹ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ
28 ਅਤੇ ਹੋਰ ਗੱਲਾਂ ਤੋਂ ਬਾਝ ਸਾਰੀਆਂ ਕਲੀਸਿਯਾਂ ਦੀ ਚਿੰਤਾ ਮੈਨੂੰ ਰੋਜ ਆਣ ਦਬਾਉਂਦੀ ਹੈ
29 ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂॽ ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾॽ।।
30 ਜੇ ਅਭਮਾਨ ਕਰਨਾ ਵੀ ਪਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਮਾਨ ਕਰਾਂਗਾ
31 ਪ੍ਰਭੁ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਜੁੱਗੋ ਜੁੱਗ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ
32 ਦੰਮਿਸਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਸੀ ਦੰਮਿਸ਼ਕੀਆਂ ਦੇ ਸ਼ਹਿਰ ਉੱਤੇ ਮੇਰੇ ਫੜਨ ਲਈ ਪਹਿਰਾ ਬਹਾਲਿਆ
33 ਅਤੇ ਮੈਂ ਤਾਕੀ ਥਾਣੀ ਟੋਕਰੇ ਵਿੱਚ ਸਫ਼ੀਲ ਉੱਪਰ ਦੀ ਉਤਾਰਿਆ ਗਿਆ ਅਤੇ ਉਹ ਦੇ ਹੱਥੋਂ ਬਚ ਨਿੱਕਲਿਆ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×