Bible Versions
Bible Books

Hosea 2 (PAV) Punjabi Old BSI Version

1 ਆਪਣੇ ਭਰਾਵਾਂ ਨੂੰ ਅੰਮੀ ਅਤੇ ਆਪਣੀਆਂ ਭੈਣਾ ਨੂੰ ਰੁਹਾਮਾਹ ਆਖੋ।।
2 ਆਪਣੀ ਮਾਂ ਅੱਗੇ ਢੁੱਚਰ ਡਾਹੋ, ਢੁੱਚਰ ਡਾਹੋ! ਉਹ ਤਾਂ ਮੇਰੀ ਤੀਵੀਂ ਨਹੀਂ, ਨਾ ਮੈਂ ਉਹ ਦਾ ਮਨੁੱਖ ਹਾਂ। ਉਹ ਆਪਣੇ ਜ਼ਨਾਹ ਨੂੰ ਆਪਣੇ ਅੱਗਿਓਂ, ਅਤੇ ਆਪਣੇ ਵਿਭਚਾਰ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ!
3 ਮਤੇ ਮੈਂ ਉਹ ਨੂੰ ਨੰਗੀ ਕਰ ਸੁੱਟਾਂ, ਅਤੇ ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਤਿਵੇਂ ਫੇਰ ਕਰ ਦਿਆਂ, ਅਤੇ ਉਹ ਨੂੰ ਉਜਾੜ ਵਾਂਙੁ ਬਣਾ ਦਿਆਂ, ਉਹ ਨੂੰ ਇੱਕ ਸੁੱਕੀ ਧਰਤੀ ਵਾਂਙੁ ਠਹਿਰਾ ਦਿਆਂ, ਅਤੇ ਉਹ ਨੂੰ ਤਿਹਾ ਨਾਲ ਮਾਰ ਦਿਆਂ।
4 ਮੈਂ ਉਹ ਦੇ ਬੱਚਿਆਂ ਉੱਤੇ ਰਹਮ ਨਾ ਕਰਾਂਗਾ, ਕਿਉਂ ਜੋ ਓਹ ਜ਼ਨਾਹ ਦੇ ਬੱਚੇ ਹਨ।।
5 ਓਹਨਾਂ ਦੀ ਮਾਂ ਨੇ ਜ਼ਨਾਹ ਕੀਤਾ ਹੈ, ਓਹਨਾਂ ਦੀ ਜਣਨੀ ਨੇ ਸ਼ਰਮ ਦਾ ਕੰਮ ਕੀਤਾ, ਕਿਉਂ ਜੋ ਉਹ ਨੇ ਆਖਿਆ, ਮੈਂ ਆਪਣੇ ਧਗੜਿਆਂ ਦੇ ਮਗਰ ਜਾਵਾਂਗੀ, ਜਿਹੜੇ ਮੈਨੂੰ ਮੇਰੀ ਰੋਟੀ ਅਤੇ ਮੇਰਾ ਪਾਣੀ ਦਿੰਦੇ ਹਨ, ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ!
6 ਏਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆ ਨਾਲ ਬੰਦ ਕਰ ਦਿਆਂਗਾ, ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ ਭਈ ਉਹ ਆਪਣੇ ਰਾਹਾਂ ਨੂੰ ਨਾ ਪਾਵੇ।
7 ਉਹ ਆਪਣਿਆਂ ਧਗੜਿਆਂ ਦੇ ਪਿੱਛੇ ਜਾਵੇਗੀ, ਪਰ ਉਹ ਓਹਨਾਂ ਨੂੰ ਨਾ ਪਾਵੇਗੀ, ਉਹ ਓਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ, ਤਾਂ ਉਹ ਆਖੇਗੀ, ਮੈਂ ਜਾਵਾਂਗੀ, ਅਤੇ ਆਪਣੇ ਪਹਿਲੇ ਮਨੁੱਖ ਵੱਲ ਮੁੜਾਂਗੀ, ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ।
8 ਉਹ ਨੇ ਨਾ ਜਾਤਾ ਕਿ ਮੈਂ ਹੀ ਉਹ ਨੂੰ ਅੰਨ, ਨਵੀਂ ਮੈ ਅਤੇ ਤੇਲ ਦਿੰਦਾ ਸਾਂ, ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ, ਜਿਹੜਾ ਓਹਨਾਂ ਨੇ ਬਆਲ ਲਈ ਵਰਤਿਆਂ!
9 ਏਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਲਵਾਂਗਾ, ਨਾਲੇ ਨਵੀਂ ਮੈਂ ਉਸ ਦੀ ਰੁਤ ਸਿਰ, ਮੈਂ ਆਪਣੀ ਉੱਨ ਅਰ ਆਪਣੀ ਕਤਾਨ ਚੁੱਕ ਲਵਾਂਗਾ, ਜੋ ਉਹ ਦੇ ਨੰਗੇਜ਼ ਦੇ ਕੱਜਣ ਲਈ ਸੀ।
10 ਹੁਣ ਮੈਂ ਉਹ ਦਾ ਲੱਛਪੁਣਾ ਉਹ ਦੇ ਧਗੜਿਆਂ ਦੇ ਸਾਹਮਣੇ ਖੋਲ੍ਹ ਦਿਆਂਗਾ, ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ!
11 ਮੈਂ ਉਹ ਦੀ ਸਾਰੀ ਖੁਸ਼ੀ ਮੁਕਾ ਦਿਆਂਗਾ, ਉਹ ਦੇ ਪਰਬ, ਉਹ ਦੀਆਂ ਅੱਮਸਿਆਂ, ਉਹ ਦੇ ਸਬਤ, ਅਤੇ ਉਹ ਦੇ ਸਭ ਮਿਥੇ ਹੋਏ ਪਰਬ
12 ਮੈਂ ਉਹ ਦੀਆਂ ਅੰਗੂਰੀ ਵੇਲਾਂ ਅਤੇ ਹਜੀਰਾਂ ਨੂੰ ਵਿਰਾਨ ਕਰਾਂਗਾ, ਜਿਨ੍ਹਾਂ ਦੇ ਵਿਖੇ ਉਸ ਆਖਿਆ, ਏਹ ਮੇਰੀ ਖਰਚੀ ਹੈ, ਜਿਹ ਨੂੰ ਮੇਰੇ ਧਗੜਿਆਂ ਨੇ ਮੈਨੂੰ ਦਿੱਤਾ ਹੈ। ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ, ਅਤੇ ਜੰਗਲੀ ਦਰਿੰਦੇ ਉਨ੍ਹਾਂ ਨੂੰ ਖਾਣਗੇ।
13 ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ, ਜਿਨ੍ਹਾਂ ਦੇ ਲਈ ਉਸ ਧੂਪ ਧੁਖਾਈ, ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ ਉਹ ਆਪਣੇ ਧਗੜਿਆਂ ਦੇ ਪਿੱਛੇ ਗਈ, ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ।।
14 ਏਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ, ਅਤੇ ਉਹ ਨੂੰ ਉਜਾੜ ਵਿੱਚ ਲੈ ਜਾਵਾਂਗਾ, ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ।
15 ਮੈਂ ਉਹ ਨੂੰ ਉੱਥੋਂ ਉਹ ਦੇ ਬਾਗ ਦਿਆਂਗਾ, ਨਾਲੇ ਆਕੋਰ ਦੀ ਖੱਡ ਵੀ ਆਸਾ ਦੇ ਦਰਵੱਜੇ ਲਈ। ਉੱਥੇ ਉਹ ਉੱਤਰ ਦੇਵੇਗੀ ਜਿਵੇਂ ਆਪਣੀ ਜੁਆਨੀ ਦੇ ਦਿਨ ਵਿੱਚ, ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ ਤੋਂ ਉਤਾਹਾਂ ਆਈ।।
16 ਅਤੇ ਉਸ ਦਿਨ ਐਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਤੂੰ ਮੈਨੂੰ ਮੇਰਾ ਪਤੀ ਆਖੇਂਗੀ, ਅਤੇ ਫੇਰ ਮੈਨੂੰ ਮੇਰਾ ਬਆਲ ਨਾ ਆਖੇਂਗੀ।
17 ਮੈਂ ਤਾਂ ਉਹ ਦੇ ਮੂੰਹੋਂ ਬਆਲਾਂ ਦੇ ਨਾਉਂ ਦੂਰ ਕਰਾਂਗਾ, ਅਤੇ ਓਹ ਫੇਰ ਆਪਣੇ ਨਾਉਂ ਤੇ ਚੇਤੇ ਨਾ ਕੀਤੇ ਜਾਣਗੇ।
18 ਮੈਂ ਉਸ ਦਿਨ ਵਿੱਚ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ, ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ, ਅਤੇ ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।।
19 ਮੈਂ ਤੈਨੂੰ ਸਦਾ ਲਈ ਆਪਣੀ ਮੰਗੇਤਰ ਬਣਾਵਾਂਗਾ, ਹਾਂ, ਧਰਮ ਇਨਸਾਫ਼, ਦਯਾ ਅਤੇ ਰਹਮ ਨਾਲ ਮੈਂ ਤੈਨੂੰ ਆਪਣੀ ਮੰਗੇਤਰ ਬਣਾਵਾਂਗਾ,
20 ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਮੰਗੇਤਰ ਬਣਾਵਾਂਗਾ, ਅਤੇ ਤੂੰ ਯਹੋਵਾਹ ਨੂੰ ਜਾਣੇਗੀ।।
21 ਉਸ ਦਿਨ ਐਉਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ, ਯਹੋਵਾਰ ਦਾ ਵਾਕ ਹੈ, ਮੈਂ ਅਕਾਸ਼ਾਂ ਨੂੰ ਉੱਤਰ ਦਿਆਂਗਾ, ਅਤੇ ਓਹ ਧਰਤੀ ਨੂੰ ਉੱਤਰ ਦੇਣਗੇ
22 ਅਤੇ ਧਰਤੀ ਅੰਨ, ਨਵੀਂ ਮੈ ਅਤੇ ਤੇਲ ਨੂੰ ਉੱਤਰ ਦੇਵੇਗੀ, ਅਤੇ ਉਹ ਯਿਜ਼ਰਏਲ ਨੂੰ ਉੱਤਰ ਦੇਣਗੇ।
23 ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ, ਮੈਂ ਲੋ-ਰੁਹਾਮਾਹ ਉੱਤੇ ਰਹਮ ਕਰਾਂਗਾ, ਅਤੇ ਲੋ-ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈਂ, ਅਤੇ ਉਹ ਆਖੇਗਾ, ਮੇਰੇ ਪਰਮੇਸ਼ੁਰ!।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×