Bible Versions
Bible Books

Mark 1 (PAV) Punjabi Old BSI Version

1 ਪਰਮੇਸ਼ੁਰ ਦੇ ਪੁੱਤ੍ਰ ਯਿਸੂ ਮਸੀਹ ਦੀ ਖੁਸ਼ ਖਬਰੀ ਦਾ ਅਰੰਭ
2 ਜਿਹਾ ਯਸਾਯਾਹ ਨਬੀ ਵਿੱਚ ਲਿਖਿਆ ਹੈ ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਘੱਲਦਾ ਹਾਂ ਜੋ ਤੇਰਾ ਰਸਤਾ ਤਿਆਰ ਕਰੇਗਾ,
3 ਉਜਾੜ ਵਿੱਚ ਇੱਕ ਹੋਕਾ ਦੋਣ ਵਾਲੇ ਦੀ ਅਵਾਜ਼, ਭਈ ਪ੍ਰਭੁ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।।
4 ਯੂਹੰਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਸੀ ਅਰ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪਰਚਾਰ ਕਰਦਾ ਸੀ
5 ਅਤੇ ਸਾਰਾ ਯਹੂਦਿਯਾ ਦੇਸ ਅਰ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿੱਕਲ ਕੇ ਉਹ ਦੇ ਕੋਲ ਚੱਲੇ ਆਉਂਦੇ ਅਤੇ ਆਪੋ ਆਪਣਿਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਤੇ ਹੱਥੋਂ ਬਪਤਿਸਮਾ ਲੈਂਦੇ ਸਨ
6 ਅਤੇ ਯੂਹੰਨਾ ਦੇ ਬਸਤ੍ਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਨਾਲ ਸੀ ਅਤੇ ਉਹ ਟਿੱਡੀਆਂ ਅਰ ਬਣ ਦਾ ਸ਼ਹਿਤ ਖਾਂਦਾ ਹੁੰਦਾ ਸੀ
7 ਅਰ ਉਸ ਨੇ ਪਰਚਾਰ ਕੀਤਾ ਭਈ ਮੇਰੇ ਪਿੱਛੇ ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ ਅਰ ਮੈਂ ਇਸ ਲਾਇਕ ਨਹੀਂ ਜੋ ਨਿਉਂ ਕੇ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਾਂ
8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਉਹ ਤੁਹਾਨੂੰ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦੇਊ।।
9 ਉਨ੍ਹੀ ਦਿਨੀਂ ਐਉਂ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ
10 ਅਰ ਪਾਣੀ ਵਿਚੋਂ ਨਿੱਕਲਦੇ ਸਾਰ ਉਹ ਨੇ ਅਕਾਸ਼ ਨੂੰ ਖੁਲ੍ਹਦਿਆਂ ਅਤੇ ਆਤਮਾ ਨੂੰ ਆਪਣੇ ਉੱਤੇ ਕਬੂਤਰ ਦੀ ਨਿਆਈਂ ਉੱਤਰਦਿਆਂ ਡਿੱਠਾ
11 ਅਤੇ ਇੱਕ ਸੁਰਗੀ ਬਾਣੀ ਆਈ ਜੋ ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।।
12 ਆਤਮਾ ਝੱਟ ਉਹ ਨੂੰ ਉਜਾੜ ਵਿੱਚ ਲੈ ਗਿਆ
13 ਅਰ ਉਜਾੜ ਵਿੱਚ ਚਾਹਲੀਆਂ ਦਿਨਾਂ ਤੀਕਰ ਸ਼ਤਾਨ ਉਹ ਨੂੰ ਪਰਤਾਉਂਦਾ ਰਿਹਾ ਅਤੇ ਉਹ ਜੰਗਲੀ ਜਨਾਉਰਾਂ ਨਾਲ ਰਹਿੰਦਾ ਸੀ ਅਤੇ ਦੂਤ ਉਹ ਦੀ ਟਹਿਲ ਕਰਦੇ ਸਨ।।
14 ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਰ ਉਸ ਨੇ ਪਰਮੇਸ਼ੁਰ ਦੀ ਖੁਸ਼ ਖਬਰੀ ਦਾ ਪਰਚਾਰ ਕਰ ਕੇ ਆਖਿਆ
15 ਸਮਾਂ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।।
16 ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸ ਨੇ ਸ਼ਮਊਨ ਅਰ ਸ਼ਮਊਨ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ ਕਿਉਂ ਜੋ ਉਹ ਮਾਛੀ ਸਨ
17 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ
18 ਅਤੇ ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ
19 ਅਰ ਥੋੜੀ ਦੂਰ ਅੱਗੇ ਵਧ ਕੇ ਉਹ ਨੇ ਜ਼ਬਦੀ ਦੇ ਪੁੱਤ੍ਰ ਯਾਕੂਬ ਅਤੇ ਉਹ ਦੇ ਭਰਾ ਯੂਹੰਨਾ ਨੂੰ ਵੇਖਿਆ ਜੋ ਬੇੜੀ ਉੱਤੇ ਜਾਲਾਂ ਨੂੰ ਸੁਧਾਰਦੇ ਸਨ
20 ਅਰ ਝੱਟ ਉਸ ਨੇ ਉਨ੍ਹਾਂ ਨੂੰ ਸੱਦਿਆ ਅਤੇ ਓਹ ਆਪਣੇ ਪਿਓ ਜ਼ਬਦੀ ਨੂੰ ਕਾਮਿਆਂ ਸਣੇ ਬੇੜੀ ਵਿੱਚ ਛੱਡ ਕੇ ਉਹ ਦੇ ਮਗਰ ਤੁਰ ਪਏ।।
21 ਤਾਂ ਓਹ ਕਫ਼ਰਨਾਹੂਮ ਵਿੱਚ ਵੜੇ ਅਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ
22 ਅਤੇ ਓਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ
23 ਅਤੇ ਉਸ ਵੇਲੇ ਉਨ੍ਹਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਹ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਅਤੇ ਇਉਂ ਕਹਿ ਕੇ ਉੱਚੀ ਅਵਾਜ਼ ਨਾਲ ਬੋਲ ਉੱਠਿਆ,
24 ਹੇ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ!
25 ਤਾਂ ਯਿਸੂ ਨੇ ਉਹ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾਹ!
26 ਸੋ ਉਹ ਭਰਿਸ਼ਟ ਆਤਮਾ ਉਸ ਨੂੰ ਮਰੋੜ ਮਰਾੜ ਕੇ ਵੱਡੀ ਅਵਾਜ਼ ਨਾਲ ਚੀਕਾਂ ਮਾਰਦਾ ਉਸ ਵਿੱਚੋਂ ਨਿੱਕਲ ਗਿਆ
27 ਅਤੇ ਓਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ ਭਈ ਇਹ ਕੀ ਹੈ? ਇੱਕ ਨਵੀਂ ਸਿੱਖਿਆ! ਉਹ ਤਾਂ ਭਰਿਸ਼ਟ ਆਤਮਿਆਂ ਨੂੰ ਇਖ਼ਤਿਆਰ ਨਾਲ ਹੁਕਮ ਕਰਦਾ ਹੈ ਅਤੇ ਓਹ ਉਸ ਦੀ ਮੰਨ ਲੈਂਦੇ ਹਨ!
28 ਓਵੇਂ ਹੀ ਗਲੀਲ ਦੇ ਸਾਰੇ ਇਲਾਕੇ ਵਿੱਚ ਉਹ ਦੀ ਧੁੰਮ ਪੈ ਗਈ।।
29 ਓਹ ਝੱਟ ਸਮਾਜ ਵਿਚੋਂ ਬਾਹਰ ਨਿੱਕਲ ਕੇ ਯਾਕੂਬ ਅਰ ਯੂਹੰਨਾ ਸਣੇ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ
30 ਅਤੇ ਸ਼ਮਊਨ ਦੀ ਸੱਸ ਤਾਪ ਨਾਲ ਪਈ ਸੀ। ਤਾਂ ਉਨ੍ਹਾਂ ਨੇ ਝੱਟ ਉਸ ਨੂੰ ਉਹ ਦੀ ਖਬਰ ਕੀਤੀ
31 ਅਰ ਉਹ ਕੋਲ ਆਇਆ ਅਤੇ ਉਹ ਨੂੰ ਹੱਥੋਂ ਫੜ ਕੇ ਉਠਾਲਿਆ ਤਾਂ ਉਹ ਦਾ ਤਾਪ ਲਹਿ ਗਿਆ ਅਤੇ ਉਹ ਨੇ ਉਨ੍ਹਾਂ ਦੀ ਖ਼ਾਤਰ ਕੀਤੀ।।
32 ਅਤੇ ਸੰਝ ਨੂੰ ਸੂਰਜ ਡੁੱਬ ਗਿਆ ਤਾਂ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਸ ਕੋਲ ਲਿਆਏ
33 ਅਰ ਸਾਰਾ ਨਗਰ ਬੂਹੇ ਉੱਤੇ ਇੱਕਠਾ ਹੋਇਆ ਸੀ
34 ਅਤੇ ਉਸ ਨੇ ਬਹੁਤਿਆਂ ਨੂੰ ਜਿਹੜੇ ਭਾਂਤ ਭਾਂਤ ਦੇ ਰੋਗੀ ਸਨ ਚੰਗਾ ਕੀਤਾ ਅਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿਉਂ ਜੋ ਓਹ ਉਸ ਨੂੰ ਪਛਾਣਦੇ ਸਨ।।
35 ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆ ਉੱਠ ਕੇ ਬਾਹਰ ਨਿੱਕਲਿਆ ਅਰ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ
36 ਅਤੇ ਸ਼ਮਊਨ ਅਰ ਉਹ ਦੇ ਸਾਥੀ ਉਸ ਦੇ ਪਿੱਛੇ ਗਏ
37 ਅਰ ਜਾਂ ਉਨ੍ਹਾਂ ਉਸ ਨੂੰ ਲੱਭ ਲਿਆ ਤਾਂ ਉਹ ਨੂੰ ਕਿਹਾ, ਤੈਨੂੰ ਸੱਭੇ ਭਾਲਦੇ ਹਨ
38 ਉਸ ਨੇ ਉਨ੍ਹਾਂ ਨੂੰ ਕਿਹਾ, ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਨਿੱਕਲਿਆ ਹਾਂ
39 ਤਾਂ ਉਹ ਸਾਰੀ ਗਲੀਲ ਵਿੱਚ ਉਨ੍ਹਾਂ ਦੀਆਂ ਸਮਾਜਾਂ ਵਿੱਚ ਜਾ ਕੇ ਮਨਾਦੀ ਕਰਦਾ ਅਰ ਭੂਤਾਂ ਨੂੰ ਕੱਢਦਾ ਸੀ।।
40 ਇੱਕ ਕੋੜ੍ਹੀ ਨੇ ਉਹ ਦੇ ਕੋਲ ਆਣ ਕੇ ਉਹ ਦੀ ਮਿੰਨਤ ਕੀਤੀ ਅਰ ਉਹ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇਂ ਤਾਂ ਮੈਂਨੂੰ ਸ਼ੁੱਧ ਕਰ ਸੱਕਦਾ ਹੈਂ
41 ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੰਦਾ ਹਾਂ,ਤੂੰ ਸ਼ੁੱਧ ਹੋ ਜਾਹ
42 ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ!
43 ਤਦ ਉਸ ਨੇ ਉਹ ਨੂੰ ਤਗੀਦ ਕਰ ਕੇ ਉਸੇ ਵੇਲੇ ਘੱਲ ਦਿੱਤਾ
44 ਅਤੇ ਉਹ ਨੂੰ ਇਹ ਕਿਹਾ,ਵੇਖ ਕਿਸੇ ਨੂੰ ਕੁੱਝ ਨਾ ਦੱਸੀਂ ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ
45 ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫੇਰ ਨਗਰ ਵਿੱਚ ਖੁਲ੍ਹਮਖੁਲ੍ਹਾ ਨਾ ਵੜ ਸੱਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰਿਓਂ ਉਹ ਦੇ ਕੋਲ ਆਉਦੇਂ ਜਾਂਦੇ ਸਨ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×