Bible Versions
Bible Books

Matthew 16 (PAV) Punjabi Old BSI Version

1 ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਅਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦਿਹ
2 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਭਈ ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਅਕਾਸ਼ ਲਾਲ ਹੈ
3 ਅਤੇ ਸਵੇਰ ਨੂੰ ਆਖਦੇ ਹੋ, ਅੱਜ ਅਨ੍ਹੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸੱਕਦੇ
4 ਇਸ ਪੀਹੜੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ ਪਰ ਯੂਨਾਹ ਦੇ ਨਿਸ਼ਾਨ ਬਿਨਾ ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।।
5 ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ
6 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ
7 ਅਤੇ ਓਹ ਆਪੋ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ ਭਈ ਅਸੀਂ ਰੋਟੀ ਜੋ ਨਹੀਂ ਲਿਆਏ
8 ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੇ ਥੋੜ੍ਹੀ ਪਰਤੀਤ ਵਾਲਿਓ ਤੁਸੀਂ ਆਪੇ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ?
9 ਭਲਾ ਤੁਸੀਂ ਅਜੇ ਨਹੀਂ ਸਮਝਦੇ ਹੋ ਅਤੇ ਉਨ੍ਹਾਂ ਪੰਜਾਂ ਹਜ਼ਾਰਾਂ ਦੀਆਂ ਪੰਜ ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਅਰ ਤੁਸਾਂ ਕਿੰਨੀਆਂ ਟੋਕਰੀਆਂ ਚੁੱਕ ਲਈਆ?
10 ਅਤੇ ਨਾ ਉਨ੍ਹਾਂ ਚੋਹੁੰ ਹਜ਼ਾਰਾ ਦੀਆਂ ਸੱਤ ਰੋਟੀਆਂ ਨੂੰ ਅਰ ਤੁਸਾਂ ਕਿੰਨੇ ਟੋਕਰੇ ਚੁੱਕ ਲਏ ਸਨ?
11 ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ?
12 ਤਦ ਓਹ ਸਮਝੇ ਭਈ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ।।
13 ਯਿਸੂ ਨੇ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤ੍ਰ ਨੂੰ ਕੀ ਆਖਦੇ ਹਨ?
14 ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਤੇ ਕਈ ਯਿਰਮਿਯਾਹ ਯਾ ਨਬੀਆਂ ਵਿੱਚੋਂ ਕੋਈ
15 ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?
16 ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ
17 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈਂ ਤੂੰ ਸ਼ਮਊਨ ਬਰ-ਯੋਨਾਹ ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪਰਗਟ ਕੀਤੀ
18 ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ
19 ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਸੁਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਸੁਰਗ ਵਿੱਚ ਖੋਲ੍ਹਿਆ ਜਾਵੇਗਾ
20 ਤਦ ਉਹ ਨੇ ਚੇਲਿਆਂ ਨੂੰ ਤਗੀਦ ਕੀਤੀ ਭਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ।।
21 ਉਸ ਸਮੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਈ ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ
22 ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ ਅਤੇ ਉਹ ਨੂੰ ਕਿਹਾ, ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!
23 ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ
24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ
25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ
26 ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?
27 ਕਿਉਂ ਜੋ ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਤੇ ਤੇਜ ਨਾਲ ਆਵੇਗਾ ਅਤੇ ਉਸ ਸਮੇ ਉਹ ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ
28 ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×