Bible Versions
Bible Books

Jeremiah 10 (PAV) Punjabi Old BSI Version

1 ਹੇ ਇਸਰਾਏਲ ਦੇ ਘਰਾਣੇ, ਏਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ,
2 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦਿਆਂ ਨਿਸ਼ਾਨਾਂ ਤੋਂ ਘਾਬਰੋ, ਕਿਉਂ ਜੋ ਕੌਮਾਂ ਓਹਨਾਂ ਤੋਂ ਘਾਬਰਦੀਆਂ ਹਨ।
3 ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਏਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ।
4 ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜ਼ਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸੱਕੇ।
5 ਓਹ ਖਜੂਰ ਵਾਂਙੁ ਸਖ਼ਤ ਹਨ, ਓਹ ਬੋਲ ਨਹੀਂ ਸੱਕਦੇ, ਓਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਓਹ ਤੁਰ ਨਹੀਂ ਸੱਕਦੇ! ਓਹਨਾਂ ਤੋਂ ਨਾ ਡਰੋ, ਕਿਉਂ ਜੋ ਓਹ ਬੁਰਿਆਈ ਨਹੀਂ ਕਰ ਸੱਕਦੇ, ਨਾ ਹੀ ਓਹ ਭਲਿਆਈ ਕਰ ਸੱਕਦੇ ਹਨ।
6 ਹੇ ਯਹੋਵਾਹ, ਤੇਰੇ ਜੇਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ।
7 ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਇਹ ਤੈਨੂੰ ਜੋਗ ਹੈ। ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰਾ ਜਿਹਾ ਕੋਈ ਨਹੀਂ।
8 ਓਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿਖਿਆ ਲਈ ਲੱਕੜੀ ਹੀ ਹੈ।
9 ਤਰਸ਼ੀਸ਼ ਤੋਂ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ ਅਤੇ ਸਰਾਫ਼ ਦੇ ਹੱਥਾਂ ਦਾ ਕੰਮ ਹੈ, ਓਹਨਾਂ ਦੀ ਪੋਸ਼ਾਕ ਨੀਲੀ ਅਤੇ ਬੈਂਗਣੀ ਹੈ, ਓਹ ਸਾਰੇ ਬੁੱਧਵਾਨਾਂ ਦਾ ਕੰਮ ਹੈ!
10 ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪ ਕਾਲ ਦਾ ਪਾਤਸ਼ਾਹ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸੱਕਦੀਆਂ।।
11 ਤੁਸੀਂ ਓਹਨਾਂ ਨੂੰ ਏਸ ਤਰਾਂ ਦੱਸੋ, ਓਹ ਦਿਉਤੇ ਜਿਨ੍ਹਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਓਹ ਧਰਤੀ ਤੋਂ ਅਤੇ ਅਕਾਸ਼ ਦੇ ਹੋਠੋਂ ਮਿਟ ਜਾਣਗੇ।
12 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਹੈ, ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ।
13 ਜਦ ਉਹ ਆਪਣੀ ਅਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣੇ ਖ਼ਜਾਨਿਆਂ ਵਿੱਚੋਂ ਹਵਾ ਬਾਹਰ ਕੱਢਦਾ ਹੈ।
14 ਹਰੇਕ ਆਦਮੀ ਬੇਦਰਦ ਹੋ ਗਿਆ ਹੈ ਅਤੇ ਗਿਆਨਵਾਨ ਨਹੀਂ, ਹਰੇਕ ਸਰਾਫ਼ ਆਪਣੀ ਘੜਤ ਤੋਂ ਲੱਜਿਆਵਾਨ ਹੈ, ਕਿਉਂ ਜੋ ਉਹ ਦੀ ਢਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ।
15 ਓਹ ਵਿਅਰਥ ਹਨ, ਓਹ ਧੋਖੇ ਦਾ ਕੰਮ ਹਨ, ਓਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ।
16 ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਏਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜ਼ਾਂ ਦਾ ਸਾਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ।
17 ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ।
18 ਯਹੋਵਾਹ ਤਾਂ ਐਉਂ ਆਖਦਾ ਹੈ, ਵੇਖੋ, ਮੈਂ ਏਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਓਹਨਾਂ ਨੂੰ ਦੁਖ ਦਿਆਂਗਾ, ਭਈ ਓਹ ਸਮਝਣ।।
19 ਮੇਰੇ ਘਾਉ ਦੇ ਕਾਰਨ ਮੇਰੇ ਉੱਤੇ ਅਫ਼ਸੋਸ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਏਹ ਮੇਰਾ ਦੁਖ ਹੈ, ਮੈਂ ਏਸ ਨੂੰ ਝੱਲਾਂਗਾ।
20 ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤ੍ਰ ਮੇਰੇ ਕੋਲੋਂ ਤੁਰ ਗਏ, ਅਤੇ ਓਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ।
21 ਆਜੜੀ ਤਾਂ ਬੇਦਰਦ ਹਨ, ਓਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਏਸ ਲਈ ਓਹ ਸਫਲ ਨਾ ਹੋਏ, ਓਹਨਾਂ ਦੇ ਸਾਰੇ ਇੱਜੜ ਖੇਰੂੰ ਖੇਰੂੰ ਹੋ ਗਏ।।
22 ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੋਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਓਹ ਗਿੱਦੜਾਂ ਦੇ ਘੁਰਨੇ ਬਣਨ।।
23 ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।
24 ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ।
25 ਤੂੰ ਆਪਣਾ ਗੁੱਸਾ ਓਹਨਾਂ ਕੌਮਾਂ ਉੱਤੇ ਪਾ ਦਿਹ ਜਿਹੜੀਆ ਤੈਨੂੰ ਨਹੀਂ ਜਾਣਦੀਆਂ, ਓਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ। ਓਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×