Bible Versions
Bible Books

2 Kings 25 (PAV) Punjabi Old BSI Version

1 ਐਉਂ ਹੋਇਆ ਭਈ ਉਹ ਦੀ ਪਾਤਸ਼ਾਹੀ ਦੇ ਨੌਵੇਂ ਵਰਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਪਾਤਸ਼ਾਹ ਨਬੂਕਦ-ਨੱਸਰ ਨੇ ਆਪਣੀ ਸਾਰੀ ਸੈਨਾ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਰ ਉਹ ਦੇ ਸਾਹਮਣੇ ਡੇਰੇ ਲਾ ਲਏ ਅਰ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ ਦੁਆਲੇ ਦਮਦਮਾ ਬਣਾਇਆ
2 ਅਰ ਸਿਦਕੀਯਾਹ ਪਾਤਸ਼ਾਹ ਦੀ ਪਾਤਸ਼ਾਹੀ ਦੇ ਗਿਆਰਵੇਂ ਵਰਹੇ ਤਾਈਂ ਸ਼ਹਿਰ ਘੇਰਿਆ ਰਿਹਾ
3 ਚੌਥੇ ਮਹਿਨੇ ਦੇ ਨੌਵੇਂ ਦਿਹਾੜੇ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਰ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ
4 ਤਦ ਸ਼ਹਿਰ ਤੋਂੜਿਆ ਗਿਆ ਅਰ ਦੋਹਾਂ ਕੰਧਾਂ ਦੇ ਵਿੱਚਕਾਰ ਜੋ ਫਾਟਕ ਪਾਤਸ਼ਾਹ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਜੋਧੇ ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ ਦੁਆਲੇ ਸਨ ਤਾਂ ਪਾਤਸ਼ਾਹ ਮਦਾਨ ਦੇ ਰਾਹ ਗਿਆ
5 ਅਤੇ ਕਸਦੀਆਂ ਦੀ ਸੈਨਾ ਨੇ ਪਾਤਸ਼ਾਹ ਦਾ ਪਿੱਛਾ ਕੀਤਾ ਅਰ ਯਰੀਹੋ ਦੇ ਮਦਾਨ ਵਿੱਚ ਉਹ ਨੂੰ ਜਾ ਲਿਆ ਅਰ ਉਹ ਦੀ ਸਾਰੀ ਸੈਨਾ ਉਹ ਦੇ ਕੋਲੋਂ ਖਿੰਡ ਪੁੰਡ ਗਈ
6 ਸੋ ਉਨ੍ਹਾਂ ਨੇ ਪਾਤਸ਼ਾਹ ਨੂੰ ਫੜ ਲਿਆ ਅਰ ਉਹ ਨੂੰ ਰਿਬਲਾਹ ਵਿੱਚ ਬਾਬਲ ਦੇ ਪਾਤਸ਼ਾਹ ਕੋਲ ਲਿਆਏ ਤਾਂ ਉਨ੍ਹਾਂ ਨੇ ਉਹ ਦਾ ਨਿਆਉਂ ਕੀਤਾ
7 ਅਤੇ ਉਨ੍ਹਾਂ ਨੇ ਸਿਦਕੀਯਾਹ ਦਿਆਂ ਪੁੱਤ੍ਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਅਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਰ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਏ।।
8 ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਜੋ ਬਾਬਲ ਦੇ ਪਾਤਸ਼ਾਹ ਨਬੂਕਦ-ਨੱਸਰ ਦਾ ਉੱਨੀਵਾਂ ਵਰਹਾ ਸੀ ਸ਼ਾਹੀ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਪਾਤਸ਼ਾਹ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ
9 ਅਰ ਯਹੋਵਾਹ ਦਾ ਭਵਨ ਅਰ ਪਾਤਸ਼ਾਹ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ
10 ਅਤੇ ਕਸਦੀਆਂ ਦੀ ਸਾਰੀ ਸੈਨਾ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ
11 ਅਤੇ ਬਚੇ ਖੁੱਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਪਾਤਸ਼ਾਹ ਵੱਲ ਹੋ ਗਏ ਸਨ ਨਾਲੇ ਦਲ ਦੇ ਬਚੇ ਖੁਚੇ ਉਨ੍ਹਾਂ ਨੂੰ ਨਬੂਜ਼ਰਦਾਨ ਜਲਾਦਾਂ ਦਾ ਸਰਦਾਰ ਅਸੀਰ ਕਰ ਕੇ ਲੈ ਗਿਆ
12 ਪਰ ਜਲਾਦਾਂ ਦੇ ਸਰਦਾਰ ਨੇ ਦੇਸ ਦਿਆਂ ਅੱਤੀ ਕੰਗਾਲਾਂ ਨੂੰ ਛੱਡ ਦਿੱਤਾ ਕਿ ਦਾਖ ਦੇ ਬਾਗਾਂ ਦੇ ਰਾਖੇ ਤੇ ਬਾਗਬਾਨ ਹੋਣ
13 ਅਤੇ ਪਿੱਤਲ ਦੇ ਓਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਰ ਕੁਰਸੀਆਂ ਨੂੰ ਅਰ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ ਟੁੱਕੜੇ ਕਰ ਦਿੱਤਾ ਅਰ ਓਹ ਓਹਨਾਂ ਦਾ ਪਿੱਤਲ ਬਾਬਲ ਨੂੰ ਲੈ ਗਏ
14 ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਓਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਓਹ ਲੈ ਗਏ
15 ਅਤੇ ਅੰਗੀਠੀਆਂ ਅਰ ਬਾਟੇ ਜੋ ਸੋਨੇ ਦੇ ਸਨ ਓਹਨਾਂ ਦਾ ਸੋਨਾ ਅਰ ਜੋ ਚਾਂਦੀ ਦੇ ਸਨ ਓਹਨਾਂ ਦੀ ਚਾਂਦੀ ਜਲਾਦਾਂ ਦਾ ਸਰਦਾਰ ਲੈ ਗਿਆ
16 ਰਹੇ ਦੋ ਥੰਮ੍ਹ, ਵੱਡਾ ਹੌਦ ਅਰ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਓਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਂਲੋਂ ਬਾਹਰ ਸੀ
17 ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਰ ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਰ ਕਲਸ ਤਿੰਨ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਏਹੋ ਜਿਹਾ ਸੀ ਅਤੇ ਉਸ ਉੱਤੇ ਭੀ ਜਾਲੀ ਸੀ
18 ਅਤੇ ਜਲਾਦਾਂ ਦੇ ਸਰਦਾਰ ਨੇ ਸਰਾਯਾਹ ਪਰਧਾਨ ਜਾਜਕ ਅਰ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਰ ਤਿੰਨਾਂ ਦਰਬਾਨਾਂ ਨੂੰ ਫੜ ਲਿਆ
19 ਅਰ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਜੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਪਾਤਸ਼ਾਹ ਦੇ ਸਨਮੁਖ ਰਹਿੰਦੇ ਸਨ ਉਨ੍ਹਾਂ ਵਿੱਚੋਂ ਪੰਜਾਂ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਰ ਸੈਨਾਪਤੀ ਦਾ ਲਿਖਾਰੀ ਜੋ ਦੇਸ ਦਿਆਂ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਰ ਦੇਸ ਦਿਆਂ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ
20 ਇਨ੍ਹਾਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ ਕੇ ਬਾਬਲ ਦੇ ਪਾਤਸ਼ਾਹ ਦੇ ਕੋਲ ਰਿਬਲਾਹ ਵਿੱਚ ਲੈ ਗਿਆ
21 ਅਤੇ ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਨ੍ਹਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਅਸੀਰ ਹੋ ਗਿਆ
22 ਪਰੰਤੂ ਜੋ ਲੋਕ ਯਹੂਦਾਹ ਦੀ ਧਰਤੀ ਵਿੱਚ ਰਹਿ ਗਏ ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਛੱਡ ਦਿੱਤਾ ਉਹ ਨੇ ਅਹੀਕਾਮ ਦੇ ਪੁੱਤ੍ਰ ਅਰ ਸ਼ਾਫਾਨ ਦੇ ਪੋਤੇ ਗਦਲਯਾਹ ਨੂੰ ਠਹਿਰਾ ਦਿੱਤਾ।।
23 ਜਦ ਸਾਰਿਆਂ ਸੈਨਾਪਤੀਆਂ ਅਰ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਭਈ ਬਾਬਲ ਦੇ ਪਾਤਸ਼ਾਹ ਨੇ ਗਦਲਯਾਹ ਨੂੰ ਅਧਕਾਰ ਦੇ ਦਿੱਤਾ ਹੈ ਤਾਂ ਓਹ ਮਿਸਪਹ ਵਿੱਚ ਗਦਲਯਾਹ ਦੇ ਕੋਲ ਆਏ ਅਰਥਾਤ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਅਰ ਕਾਰੇਆਹ ਦਾ ਪੁੱਤ੍ਰ ਯੋਹਨਾਨ ਅਰ ਨਟੋਫਾਥੀ ਤਨਹੁਮਥ ਦਾ ਪੁੱਤ੍ਰ ਸਰਾਯਾਹ ਅਰ ਮਅਕਾਥੀ ਦਾ ਪੁੱਤ੍ਰ ਯਅਜ਼ਨਯਾਹ, ਏਹ ਅਰ ਉਨ੍ਹਾਂ ਦੇ ਮਨੁੱਖ ਵੀ
24 ਅਤੇ ਗਦਲਯਾਹ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦਿਆਂ ਮਨੁੱਖਾਂ ਨੂੰ ਸੌਂਹ ਖਾ ਕੇ ਆਖਿਆ, ਕਸਦੀਆਂ ਦੇ ਚਾਕਰਾਂ ਤੋਂ ਨਾ ਡਰੋਂ। ਦੇਸ ਵਿੱਚ ਵੱਸੋ ਤੇ ਬਾਬਲ ਦੇ ਪਾਤਸ਼ਾਹ ਦੀ ਸੇਵਾ ਕਰੋ ਤਾਂ ਤੁਹਾਡਾ ਭਲਾ ਹੋਵੇਗਾ
25 ਪਰ ਸੱਤਵੇਂ ਮਹੀਨੇ ਐਉਂ ਹੋਇਆ ਕਿ ਨਥਨਯਾਹ ਦੇ ਪੁੱਤ੍ਰ ਤੇ ਅਲੀਸ਼ਾਮਾ ਦੇ ਪੋਤੇ ਇਸ਼ਮਾਏਲ ਜੋ ਰਾਜਬੰਸੀ ਸੀ ਆਪਣੇ ਨਾਲ ਦਸ ਮਨੁੱਖ ਲੈ ਕੇ ਆਇਆ ਕਿ ਗਦਲਯਾਹ ਨੂੰ ਐਉਂ ਮਾਰਿਆ ਕਿ ਉਹ ਮਰ ਗਿਆ ਅਤੇ ਓਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਭੀ ਜੋ ਉਹ ਦੇ ਨਾਲ ਮਿਸਪਹ ਵਿੱਚ ਸਨ
26 ਤਾਂ ਨਿੱਕੇ ਵੱਡੇ ਸਾਰੇ ਲੋਕ ਤੇ ਸੈਨਾਪਤੀ ਉੱਠ ਕੇ ਮਿਸਰ ਨੂੰ ਆਏ ਕਿਉਂ ਜੋ ਓਹ ਕਸਦੀਆਂ ਤੋਂ ਡਰਦੇ ਸਨ।।
27 ਅਤੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਨ ਦੀ ਅਸੀਰੀ ਦੇ ਸੈਂਤੀਵੇਂ ਵਰਹੇ ਦੇ ਬਾਰ੍ਹਵੇਂ ਮਹੀਨੇ ਦੇ ਸਤਾਈਵੇਂ ਦਿਨ ਐਉਂ ਹੋਇਆ ਕਿ ਬਾਬਲ ਦੇ ਪਾਤਸ਼ਾਹ ਅਵੀਲ ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਵਰਹੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਨ ਨੂੰ ਕੈਦੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ
28 ਅਤੇ ਉਹ ਨੇ ਉਹ ਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਅਤੇ ਉਹ ਦੇ ਸਿੰਘਾਸਣ ਨੂੰ ਉਨ੍ਹਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹ ਦੇ ਨਾਲ ਬਾਬਲ ਵਿੱਚ ਸਨ ਉੱਚਿਆਂ ਕੀਤਾ
29 ਆਪਣੇ ਕੈਦ ਵਾਲੇ ਬਸਤਰ ਬਦਲ ਕੇ ਉਹ ਉਮਰ ਭਰ ਉਸ ਦੇ ਸਾਹਮਣੇ ਰੋਟੀ ਖਾਂਦਾ ਰਿਹਾ
30 ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ ਪਾਤਸ਼ਾਹ ਵੱਲੋਂ ਉਹ ਦੀ ਉਮਰ ਭਰ ਨੇਤਕੀ ਦਿੱਤਾ ਜਾਂਦਾ ਰਿਹਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×