Bible Versions
Bible Books

2 Samuel 2 (PAV) Punjabi Old BSI Version

1 ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ ਭਈ ਮੈਂ ਯਹੂਦਾਹ ਦੇ ਨਗਰਾਂ ਵਿੱਚੋਂ ਕਿਸੇ ਉੱਤੇ ਚੜ੍ਹ ਜਾਵਾਂ? ਯਹੋਵਾਹ ਨੇ ਉਹ ਨੂੰ ਆਖਿਆ, ਚੜ੍ਹ ਜਾ! ਜਦ ਦਾਊਦ ਨੇ ਆਖਿਆ, ਕਿੱਥੇ ਜਾਵਾਂ? ਉਸ ਨੇ ਆਖਿਆ, ਹਬਰੋਨ ਵੱਲ
2 ਸੋ ਦਾਊਦ ਉੱਥੇ ਚੜ ਗਿਆ ਅਤੇ ਉਹ ਦੇ ਨਾਲ ਉਹ ਦੀਆਂ ਦੋਵੇਂ ਪਤਨੀਆਂ ਅਰਥਾਤ ਯਿਜ਼ਰੇਲਣ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਤੀਵੀਂ ਅਬੀਗੈਲ ਸਨ
3 ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਸਭਨਾਂ ਨੂੰ ਉਨ੍ਹਾਂ ਦੇ ਟੱਬਰਾਂ ਸਣੇ ਉਤਾਹਾਂ ਲੈ ਆਇਆ ਸੋ ਓਹ ਹਬਰੋਨ ਦਿਆਂ ਪਿੰਡਾ ਵਿੱਚ ਆਣ ਵੱਸੇ
4 ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਪਾਤਸ਼ਾਹ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖਬਰ ਦਿੱਤੀ ਭਈ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਸੋ ਯਾਬੇਸ਼ ਗਿਲਆਦ ਦੇ ਲੋਕ ਹਨ।।
5 ਸੋ ਦਾਊਦ ਨੇ ਯਾਬੇਸ਼ ਗਿਲਆਦ ਦਿਆਂ ਲੋਕਾਂ ਕੋਲ ਹਲਕਾਰੇ ਘੱਲ ਕੇ ਉਨ੍ਹਾਂ ਨੂੰ ਆਖਿਆ ਭਈ ਯਹੋਵਾਹ ਵੱਲੋਂ ਤੁਸੀਂ ਮੁਬਾਰਕ ਹੋਵੋ ਕਿਉਂ ਜੋ ਤੁਸਾਂ ਆਪਣੇ ਮਾਲਕ ਸ਼ਾਊਲ ਉੱਤੇ ਐਡੀ ਦਯਾ ਕੀਤੀ ਜੋ ਉਹ ਨੂੰ ਦੱਬ ਦਿੱਤਾ
6 ਹੁਣ ਯਹੋਵਾਹ ਤੁਹਾਡੇ ਉੱਤੇ ਕਿਰਪਾ ਅਤੇ ਸਚਿਆਈ ਕਰਦਾ ਰਹੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਵੱਟਾ ਦਿਆਂਗਾ ਇਸ ਲਈ ਜੋ ਤੁਸਾਂ ਇਹ ਕੰਮ ਕੀਤਾ
7 ਸੋ ਹੁਣ ਤੁਹਾਡੀਆਂ ਬਾਹਾਂ ਤਕੜੀਆਂ ਹੋਣ ਅਤੇ ਤੁਸੀਂ ਵਰਿਆਮਗੀ ਕਰੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਮਸਹ ਕੀਤਾ ਜੋ ਮੈਂ ਤਿੰਨ੍ਹਾਂ ਦਾ ਪਾਤਸ਼ਾਹ ਬਣਾਂ।।
8 ਪਰ ਨੇਰ ਦੇ ਪੁੱਤ੍ਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ ਸ਼ਾਊਲ ਦੇ ਪੁੱਤ੍ਰ ਇਸ਼ਬੋਸ਼ਥ ਨੂੰ ਲੈ ਕੇ ਉਹ ਨੂੰ ਮਹਨਾਇਮ ਵਿੱਚ ਅੱਪੜਾ ਦਿੱਤਾ
9 ਅਤੇ ਉਹ ਨੂੰ ਗਿਲਆਦ, ਅਸ਼ੂਰੀਆਂ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ
10 ਅਤੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਦੀ ਉਮਰ ਚਾਲੀਹਾਂ ਵਰਿਹਾਂ ਦੀ ਸੀ ਜਿਸ ਵੇਲੇ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਦੋ ਵਰ੍ਹੇ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਮਗਰ ਲੱਗਾ
11 ਅਤੇ ਉਹ ਚਿਰ ਜਿਸ ਵਿੱਚ ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਰਾਜ ਕੀਤਾ ਸੋ ਸੱਤ ਵਰਹੇ ਅਤੇ ਛੇ ਮਹੀਨੇ ਸੀ।।
12 ਨੇਰ ਦੇ ਪੁੱਤ੍ਰ ਅਬਨੇਰ ਅਤੇ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਦੇ ਟਹਿਲੂਏ ਮਹਨਾਇਮ ਵਿੱਚੋਂ ਤੁਰ ਕੇ ਗਿਬਓਨ ਵਿੱਚ ਆਏ
13 ਅਤੇ ਸਰੂਯਾਹ ਦਾ ਪੁੱਤ੍ਰ ਯੋਆਬ ਅਤੇ ਦਾਊਦ ਦੇ ਟਹਿਲੂਏ ਨਿੱਕਲੇ ਅਤੇ ਗਿਬਓਨ ਦੇ ਤਲਾ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾ ਦੇ ਉਰਲੇ ਬੰਨੇ ਅਤੇ ਦੂਜਾ ਤਲਾ ਦੇ ਪਰਲੇ ਬੰਨੇ
14 ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਕਿ ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਸੋ ਯੋਆਬ ਬੋਲਿਆ, ਉੱਠਣ
15 ਤਦ ਸ਼ਾਊਲ ਦੇ ਪੁੱਤ੍ਰ ਈਸ਼ਬੋਸ਼ਥ ਵੱਲੋ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਟਹਿਲੂਆਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ
16 ਅਤੇ ਇੱਕ ਇੱਕ ਨੇ ਆਪੋ ਆਪਣੇ ਗੁਆਂਢੀ ਨੂੰ ਸਿਰੋਂ ਫੜ ਕੇ ਆਪਣੀ ਤਲਵਾਰ ਆਪਣੇ ਗੁਆਂਢੀ ਦੀ ਵੱਖੀ ਵਿੱਚ ਧਸਾ ਦਿੱਤੀ ਸੋ ਉਹ ਇਕੱਠੇ ਹੀ ਡਿੱਗ ਪਏ। ਇਸ ਲਈ ਉਸ ਥਾਂ ਨਾਉਂ ਹਲਕ ਹੱਸੂਰੀਮ ਰੱਖਿਆ ਜੋ ਗਿਬਓਨ ਵਿੱਚ ਹੈ
17 ਅਤੇ ਉਸ ਦਿਹਾੜੇ ਵੱਡੀ ਤਕੜੀ ਲੜਾਈ ਮੱਚੀ ਅਤੇ ਅਬਨੇਰ ਅਰ ਇਸਰਾਏਲ ਦੇ ਲੋਕ ਦਾਊਦ ਦੇ ਟਹਿਲੂਆਂ ਅੱਗੋਂ ਹਾਰ ਗਏ।।
18 ਉੱਥੇ ਸਰੂਯਾਹ ਦੇ ਤਿੰਨ ਪੁੱਤ੍ਰ ਯੋਆਬ ਅਤੇ ਅਬੀਸ਼ਈ ਅਤੇ ਅਸਾਹੇਲ ਵੀ ਸਨ ਅਤੇ ਅਸਾਹੇਲ ਉਜਾੜ ਦੇ ਹਿਰਨ ਵਰਗੇ ਪੈਰਾਂ ਦਾ ਕਾਹਲਾ ਸੀ
19 ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਨੂੰ ਜਾਂਦੀ ਵੇਰ ਉਹ ਸੱਜੇ ਯਾ ਖੱਬੇ ਹੱਥ ਨੂੰ ਨਾ ਭਵਿਆਂ
20 ਤਦ ਅਬਨੇਰ ਨੇ ਆਪਣੇ ਮਗਰ ਵੇਖ ਕੇ ਉਹ ਨੂੰ ਆਖਿਆ, ਤੂੰ ਹੀ ਅਸਾਹੇਲ ਹੈਂ? ਉਹ ਬੋਲਿਆ, ਆਹੋ!
21 ਤਾਂ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਯਾ ਖੱਬੇ ਹੱਥ ਨੂੰ ਮੁੜ ਕੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ ਲੈ ਅਤੇ ਉਹ ਦੇ ਸ਼ਸਤ੍ਰ ਲੁੱਟ ਲੈ ਪਰ ਅਸਾਹੇਲ ਨੇ ਨਾ ਚਾਹਿਆ ਜੋ ਉਹ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਵਾਂ
22 ਅਬਨੇਰ ਨੇ ਅਸਾਹੇਲ ਨੂੰ ਫੇਰ ਆਖਿਆ, ਮੇਰੇ ਮਗਰ ਲੱਗਣੋਂ ਹਟ ਜਾਹ! ਮੈਂ ਤੈਨੂੰ ਵੱਢ ਕੇ ਧਰਤੀ ਉੱਤੇ ਕਾਹਨੂੰ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿੱਕਣ ਮੂੰਹ ਵਿਖਾਵਾਂਗਾ?
23 ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪੁੱਠੇ ਸਿਰੇ ਨਾਲ ਉਹ ਦੀ ਪੰਜਵੀ ਪਸਲੀ ਦੇ ਹੇਠ ਉਹ ਨੂੰ ਅਜੇਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ ਸੋ ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ ਅਤੇ ਅਜੇਹਾ ਹੋਇਆ ਭਈ ਜਿਹੜਾ ਕੋਈ ਉੱਥੇ ਜਿੱਥੇ ਅਸਾਹੇਲ ਮੋਇਆ ਪਿਆ ਸੀ ਆਉਂਦਾ ਸੀ ਤਾਂ ਉੱਥੇ ਹੀ ਖਲੋਤਾ ਰਹਿੰਦਾ ਸੀ
24 ਤਦ ਯੋਆਬ ਅਤੇ ਅਬੀਸ਼ਈ ਭੀ ਅਬਨੇਰ ਦੇ ਪਿੱਛੇ ਲੱਗ ਪਏ ਅਤੇ ਜਾਂ ਓਹ ਅੰਮਾਹ ਦੇ ਪਹਾੜ ਤੋੜੀ ਜੋ ਗਿਬਓਨ ਦੀ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਅੱਪੜੇ ਤਾਂ ਸੂਰਜ ਡੁੱਬ ਗਿਆ
25 ਅਤੇ ਬਿਨਯਾਮੀਨੀ ਅਬਨੇਰ ਦੇ ਮਗਰ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਹਾੜ ਦੀ ਟੀਸੀ ਉੱਤੇ ਖਲੋ ਗਏ
26 ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਤਲਵਾਰ ਓੜਕ ਤੋੜੀ ਨਾਸ ਕਰਦੀ ਰਹੇਗੀ? ਭਲਾ, ਤੂੰ ਨਹੀਂ ਜਾਣਦਾ ਜੋ ਉਹ ਦਾ ਛੇਕੜ ਕੌੜਾ ਹੋਵੇਗਾ ਅਤੇ ਤਦ ਤੋੜੀ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੋਂਗਾ?
27 ਤਦ ਯੋਆਬ ਨੇ ਆਖਿਆ, ਜੀਉਂਦੇ ਪਰਮੇਸ਼ੁਰ ਦੀ ਸੌਂਹ ਜੇ ਕਦੀ ਤੂੰ ਏਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸੱਭੋ ਆਪੋ ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ
28 ਸੋ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫੇਰ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਲੜਾਈ ਵੀ ਹੋਰ ਨਾ ਕੀਤੀ
29 ਅਤੇ ਅਬਨੇਰ ਅਰ ਉਹ ਦੇ ਲੋਕ ਉਸ ਸਾਰੀ ਰਾਤ ਰੜੇ ਵਿੱਚੇ ਤੁਰੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਸਾਰੇ ਬਿਤਰੋਨ ਵਿੱਚ ਦੀ ਗਏ ਅਤੇ ਮਹਨਾਇਮ ਵਿੱਚ ਫੇਰ ਗਏ
30 ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ ਅਤੇ ਜਾਂ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਟਹਿਲੂਆਂ ਵਿੱਚੋਂ ਅਸਾਹੇਲ ਖੁਣੋਂ ਉੱਨੀ ਮਨੁੱਖ ਨਾ ਲੱਭੇ
31 ਪਰ ਦਾਊਦ ਦੇ ਟਹਿਲੂਆਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਟਹਿਲੂਆਂ ਵਿੱਚੋਂ ਲੋਕਾਂ ਨੂੰ ਅਜੇਹਾ ਮਾਰਿਆ ਜੋ ਤਿੰਨ ਸੌ ਸੱਠ ਮਨੁੱਖ ਮਰ ਗਏ।।
32 ਸੋ ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਉ ਦੀ ਸਮਾਧ ਵਿੱਚ ਜੋ ਬੈਤਲਹਮ ਵਿੱਚ ਸੀ ਉਹ ਨੂੰ ਦੱਬ ਦਿੱਤਾ ਅਤੇ ਯੋਆਬ ਅਰ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹੁ ਫਟਦਿਆਂ ਸਾਰ ਹਬਰੋਨ ਵਿੱਚ ਗਏ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×