Bible Versions
Bible Books

Ruth 4 (PAV) Punjabi Old BSI Version

1 ਤਦ ਬੋਅਜ਼ ਡੇਉੜ੍ਹੀ ਉੱਤੇ ਗਿਆ ਅਤੇ ਉੱਥੇ ਜਾ ਬੈਠਾ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਹ ਦੀ ਗੱਲ ਬੋਅਜ਼ ਨੇ ਕੀਤੀ ਸੀ ਕੋਲੇਂ ਦੀ ਲੰਘ ਰਿਹਾ ਸੀ ਸੋ ਉਸ ਨੂੰ ਉਸ ਨੇ ਆਖਿਆ, ਓਏ ਫਲਾਣਿਆਂ, ਓਰੇ ਅਤੇ ਇੱਕ ਪਾਸੇ ਬੈਠ ਤਾਂ ਉਹ ਮੁੜ ਕੇ ਇੱਕ ਪਾਸੇ ਬੈਠ ਗਿਆ
2 ਉਹ ਨੇ ਸ਼ਹਿਰ ਦਿਆਂ ਬਜ਼ੁਰਗਾਂ ਵਿੱਚੋਂ ਦਸਾਂ ਮਨੁੱਖਾਂ ਨੂੰ ਸੱਦਿਆ ਅਤੇ ਆਖਿਆ, ਐਥੇ ਬੈਠੋ ਸੋ ਉਹ ਬੈਠ ਗਏ
3 ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਆਖਿਆ, ਨਾਓਮੀ ਜਿਹੜੀ ਮੋਆਬ ਦੇ ਦੇਸੋਂ ਮੁੜ ਆਈ ਹੈ ਸੋ ਇੱਕ ਟੋਟਾ ਪੈਲੀ ਦਾ ਵੇਚਦੀ ਹੈ ਜੋ ਸਾਡੇ ਭਰਾ ਅਲੀਮਲਕ ਦਾ ਸੀ
4 ਸੋ ਮੈਂ ਆਖਿਆ ਭਈ ਤੇਰੇ ਕੰਨੀਂ ਕੱਢ ਲਵਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਮੂੰਹ ਤੇ ਜੋ ਬੈਠੇ ਹਨ ਅਤੇ ਮੇਰੀ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਨੂੰ ਮੁੱਲ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ ਅਰ ਜੇ ਨਹੀਂ ਤਾਂ ਮੈਨੂੰ ਦੱਸ ਜੋ ਮੈਨੂੰ ਭੀ ਖਬਰ ਹੋਵੇ ਕਿਉਂ ਜੋ ਤੇਰੇ ਬਿਨਾਂ ਹਰ ਕੋਈ ਨਹੀਂ ਛੁਡਾ ਸੱਕਦਾ ਅਤੇ ਮੈਂ ਤੇਰੇ ਪਿਛੋਂ ਹਾਂ। ਉਹ ਬੋਲਿਆ, ਮੈਂ ਛੁਡਾਵਾਂਗਾ
5 ਤਦ ਬੋਅਜ਼ ਨੇ ਆਖਿਆ, ਜਿਸ ਦਿਨ ਤੋਂ ਉਹ ਪੈਲੀ ਨਾਓਮੀ ਦੇ ਹੱਥੋਂ ਮੁੱਲ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮੋਏ ਦੀ ਤੀਵੀਂ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ।।
6 ਤਦ ਉਸ ਛੁਡਾਉਣ ਵਾਲੇ ਨੇ ਆਖਿਆ, ਮੈਂ ਆਪਣੇ ਲਈ ਤਾਂ ਉਹ ਨੂੰ ਛੁਡਾ ਸੱਕਦਾ ਅਜਿਹਾ ਨਾ ਹੋਵੇ ਜੋ ਮੈਂ ਆਪਣੀ ਪੱਤੀ ਵਿਗਾੜ ਬੈਠਾਂ ਸੋ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ ਕਿਉਂ ਜੋ ਮੈਂ ਆਪ ਨਹੀਂ ਛੁਡਾ ਸੱਕਦਾ
7 ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਭਨਾਂ ਗੱਲਾਂ ਦੇ ਪੱਕਾ ਕਰਨ ਦੀ ਇਹ ਰੀਤੀ ਹੁੰਦੀ ਸੀ ਜੋ ਇੱਕ ਜਣਾ ਆਪਣੀ ਜੁੱਤੀ ਲਾਹ ਕੇ ਆਪਣੇ ਗੁਆਢੀਂ ਨੂੰ ਦੇ ਦਿੰਦਾ ਸੀ, ਇਹ ਇਸਰਾਏਲ ਵਿੱਚ ਸਬੂਤ ਦੇਣ ਦੀ ਮਰਜਾਦਾ ਸੀ
8 ਸੋ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਆਖਿਆ, ਤੂੰ ਆਪ ਹੀ ਲੈ ਲੈ ਸੋ ਉਸ ਨੇ ਆਪਣੀ ਜੁੱਤੀ ਲਾਹੀ।।
9 ਤਾਂ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰਿਆਂ ਲੋਕਾਂ ਨੂੰ ਆਖਿਆ, ਤੁਸੀਂ ਅੱਜ ਦੇ ਦਿਨ ਗਵਾਹ ਹੋਏ ਜੋ ਮੈਂ ਅਲੀਮਲਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਮੁੱਲ ਲੈ ਲਿਆ
10 ਨਾਲੇ ਮੈਂ ਮਹਿਲੋਨ ਦੀ ਤੀਵੀਂ ਮੋਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਤਾਂ ਜੋ ਉਹ ਮੇਰੀ ਪਤਨੀ ਬਣੇ ਇਸ ਕਰ ਕੇ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੇ ਭਰਾਵਾਂ ਅਤੇ ਉਹ ਦੇ ਥਾਵਾਂ ਦੇ ਫਾਟਕਾਂ ਤੋਂ ਮਿਟ ਨਾ ਜਾਵੇ। ਤੁਸੀਂ ਅੱਜ ਦੇ ਦਿਨ ਗਵਾਹ ਹੋ
11 ਤਦ ਸਾਰਿਆਂ ਲੋਕਾਂ ਨੇ ਜੋ ਡਿਉੜ੍ਹੀ ਉੱਤੇ ਸਨ ਅਤੇ ਉਹਾਂ ਬਜ਼ੁਰਗਾਂ ਨੇ ਆਖਿਆ, ਅਸੀਂ ਗਵਾਹ ਹਾਂ। ਯਹੋਵਾਹ ਉਸ ਤੀਵੀਂ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਾਖੇਲ ਅਤੇ ਲਿਆਹ ਵਰਗੀ ਕਰੇ ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ। ਤੂੰ ਇਫ਼ਰਾਥਾਹ ਵਿੱਚ ਸੂਰਮਗਤੀ ਕਰੇਂ ਅਤੇ ਬੈਤਲਹਮ ਵਿੱਚ ਤੇਰਾ ਨਾਉਂ ਉਜਾਗਰ ਹੋਵੇ
12 ਤੇਰਾ ਟੱਬਰ ਜੋ ਯਹੋਵਾਹ ਤੈਨੂੰ ਇਸ ਛੋਕਰੀ ਕੋਲੋਂ ਦੇਵੇਗਾ ਫਾਰਸ ਦੇ ਟੱਬਰ ਵਰਗਾ ਹੋਵੇ ਜਿਹ ਨੂੰ ਤਾਮਾਰ ਯਹੂਦਾਹ ਦੇ ਲਈ ਜਣੀਂ।।
13 ਤਦ ਬੋਅਜ਼ ਨੇ ਰੂਥ ਨੂੰ ਲਿਆ ਅਤੇ ਉਹ ਉਸ ਦੀ ਪਤਨੀ ਹੋ ਗਈ ਅਤੇ ਜਦ ਉਸ ਨੇ ਉਹ ਦੇ ਨਾਲ ਸੰਗ ਕੀਤਾ ਤਾਂ ਯਹੋਵਾਹ ਨੇ ਉਹ ਨੂੰ ਗਰਭ ਦੀ ਬਖਸ਼ੀਸ਼ ਦਿੱਤੀ ਅਤੇ ਉਹ ਪੁੱਤ੍ਰ ਜਣੀ
14 ਤਾਂ ਤੀਵੀਆਂ ਨੇ ਨਾਓਮੀ ਨੂੰ ਆਖਿਆ, ਮੁਬਾਰਕ ਯਹੋਵਾਹ ਹੈ ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਖੁਣੋਂ ਨਾ ਛੱਡਿਆ ਜੋ ਉਹ ਦਾ ਨਾਉਂ ਇਸਰਾਏਲ ਵਿੱਚ ਉਜਾਗਰ ਹੋਵੇ!
15 ਅਤੇ ਉਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰੇ ਬੁਢੇਪੇ ਦਾ ਪਾਲਣਹਾਰਾ ਹੋਵੇਗਾ ਕਿਉਂ ਜੋ ਤੇਰੀ ਨੂੰਹ ਜੋ ਤੈਨੂੰ ਚਾਹੁੰਦੀ ਹੈ ਅਤੇ ਤੇਰੀ ਲਈ ਸੱਤਾਂ ਪੁੱਤ੍ਰਾਂ ਨਾਲੋਂ ਚੰਗੀ ਹੈ ਉਹ ਨੂੰ ਜਣੀ
16 ਤਾਂ ਨਾਓਮੀ ਨੇ ਉਸ ਬਾਲ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਉਹ ਦੀ ਦਾਈ ਬਣੀ
17 ਤਦ ਉਹ ਦੀਆਂ ਗੁਆਢਣਾਂ ਨੇ ਉਹ ਦਾ ਨਾਉਂ ਧਰ ਕੇ ਆਖਿਆ, ਨਾਓਮੀ ਦੇ ਲਈ ਪੁੱਤ੍ਰ ਜੰਮਿਆਂ ਅਤੇ ਉਨ੍ਹਾਂ ਨੇ ਉਸ ਦਾ ਨਾਉਂ ਓਬੇਦ ਧਰਿਆ। ਉਹ ਯੱਸੀ ਦਾ ਪਿਤਾ ਅਤੇ ਦਾਊਦ ਦਾ ਬਾਬਾ ਸੀ
18 ਸੋ ਫਾਰਸ ਦੀ ਕੁਲ ਪੱਤ੍ਰੀ ਇਹ ਹੈ, ਫਾਰਸ ਤੋਂ ਹਸਰੋਨ ਜੰਮਿਆਂ
19 ਅਤੇ ਹਸਰੋਨ ਤੋਂ ਰਾਮ ਜੰਮਿਆਂ ਅਤੇ ਰਾਮ ਤੋਂ ਅਮਿਨਦਾਬ ਜੰਮਿਆਂ
20 ਅਤੇ ਅਮਿਨਦਾਬ ਤੋਂ ਨਹਿਸ਼ੋਨ ਜੰਮਿਆਂ ਅਤੇ ਨਹਿਸ਼ੋਨ ਤੋਂ ਸਲਮੋਨ ਜੰਮਿਆਂ
21 ਅਤੇ ਸਲਮੋਨ ਤੋਂ ਬੋਅਜ਼ ਜੰਮਿਆਂ ਅਤੇ ਬੋਅਜ਼ ਤੋਂ ਓਬੇਦ ਜੰਮਿਆਂ
22 ਅਤੇ ਓਬੇਦ ਤੋਂ ਯੱਸੀ ਜੰਮਿਆਂ ਅਤੇ ਯੱਸੀ ਤੋਂ ਦਾਊਦ ਜੰਮਿਆਂ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×