Bible Versions
Bible Books

Job 27 (PAV) Punjabi Old BSI Version

1 ਫੇਰ ਅੱਯੂਬ ਨੇ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ,
2 ਜੀਉਂਦੇ ਪਰਮੇਸ਼ੁਰ ਦੀ ਸੌਂਹ ਜਿਸ ਮੇਰਾ ਨਿਆਉਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਮੇਰੀ ਜਾਨ ਨੂੰ ਕੌੜਾ ਕੀਤਾ!
3 ਜਿੰਨਾ ਚਿਰ ਮੇਰਾ ਸਾਹ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਦਮ ਮੇਰੀਆਂ ਨਾਸਾਂ ਵਿੱਚ ਹੈ,
4 ਮੇਰੇ ਬੁੱਲ੍ਹ ਬਦੀ ਦੀਆਂ ਗੱਲਾਂ ਨਾ ਕਰਨਗੇ, ਮੇਰੀ ਜੀਭ ਮਕਰ ਨਾ ਉੱਚਰੇਗੀ
5 ਇਹ ਮੈਥੋਂ ਦੁਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।
6 ਮੈਂ ਆਪਣਾ ਧਰਮ ਤਕੜਾਈ ਨਾਲ ਫੜਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।।
7 ਮੇਰਾ ਵੈਰੀ ਦੁਸ਼ਟ ਵਾਂਙੁ ਹੋਵੇ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਙੁ।
8 ਨਾਸਤਕ ਨੂੰ ਕੀ ਆਸ਼ਾ ਹੈ ਜਦ ਉਹ ਕੱਟਿਆ ਜਾਵੇ, ਜਦ ਪਰਮੇਸ਼ੁਰ ਉਹ ਦੀ ਜਾਨ ਲੈ ਲਵੇ?
9 ਭਲਾ, ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ, ਜਦ ਦੁਖ ਉਹ ਦੇ ਉੱਤੇ ਆਵੇ?
10 ਕੀ ਉਹ ਸਰਬ ਸ਼ਕਤੀਮਾਨ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ?
11 ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਬਾਬਤ ਸਿਖਾਵਾਂਗਾ, ਜੋ ਕੁੱਝ ਸਰਬ ਸ਼ਕਤੀਮਾਨ ਦੇ ਵਿਖੇ ਹੈ ਮੈਂ ਨਾ ਲੁਕਾਵਾਂਗਾ।
12 ਵੇਖੋ, ਤੁਸੀਂ ਸਭਨਾਂ ਨੇ ਡਿੱਠਾ, ਤਾਂ ਤੁਸੀਂ ਕਿਉਂ ਬਿਲਕੁਲ ਹੀ ਨਿਕੰਮੇ ਹੋ ਗਏ?
13 ਏਹ ਪਰਮੇਸ਼ੁਰ ਦੇ ਨਾਲ ਦੁਸ਼ਟ ਜਨ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ ਜਿਹੜਾ ਉਹ ਸਰਬ ਸ਼ਕਤੀਮਾਨ ਤੋਂ ਲੈਂਦੇ ਹਨ,
14 ਜੇ ਉਹ ਦੇ ਪੁੱਤ੍ਰ ਬਹੁਤੇ ਹੋ ਜਾਣ ਤਾਂ ਇਹ ਤਲਵਾਰ ਲਈ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ।
15 ਉਹ ਦਾ ਬਕੀਆ ਮਰ ਕੇ ਦੱਬਿਆ ਜਾਵੇਗਾ, ਅਤੇ ਉਹ ਦੀਆਂ ਵਿਧਵਾਂ ਨਾ ਰੋਣਗੀਆਂ।
16 ਜੇ ਉਹ ਖ਼ਾਕ ਵਾਂਙੁ ਚਾਂਦੀ ਦੇ ਢੇਰ ਨਾ ਲਵੇ, ਅਤੇ ਮਿੱਟੀ ਵਾਂਙੁ ਬਸਤ੍ਰ ਤਿਆਰ ਕਰੇ,-
17 ਉਹ ਤਿਆਰ ਤਾਂ ਕਰੇ ਪਰ ਪਾਉਣਗੇ ਉਹ ਨੂੰ ਧਰਮੀ ਅਤੇ ਉਹ ਚਾਂਦੀ ਬੇਦੋਸ਼ੇ ਵੰਡ ਲੈਣਗੇ
18 ਉਹ ਆਪਣਾ ਘਰ ਮੱਕੜੀ ਵਾਂਙੁ ਬਣਾਉਂਦਾ ਹੈ, ਅਤੇ ਇੱਕ ਕੁੱਲੀ ਵਾਂਙੁ ਜਿਹ ਨੂੰ ਕੋਈ ਰਾਖਾ ਬਣਾਉਂਦਾ ਹੈ।
19 ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਫੇਰ ਇਉਂ ਨਹੀਂ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਹੈ ਨਹੀਂ।
20 ਭੈਜਲ ਉਹ ਨੂੰ ਪਾਣੀਆਂ ਵਾਂਙੁ ਪੈਂਦੇ, ਝੱਖੜ ਰਾਤ ਨੂੰ ਉਹ ਨੂੰ ਉਡਾ ਲੈ ਜਾਂਦਾ ਹੈ।
21 ਪੁਰੇ ਦੀ ਹਵਾ ਉਹ ਨੂੰ ਚੁੱਕਦੀ ਅਤੇ ਉਹ ਚੱਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਲੈ ਜਾਂਦੀ ਹੈ।
22 ਅਤੇ ਉਹ ਉਸ ਉੱਤੇ ਤਰਸ ਖਾਧੇ ਬਿਨਾ ਆਪਣੇ ਆਪ ਨੂੰ ਸੁੱਟੇਗੀ, ਉਹ ਉਸ ਦੇ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ।
23 ਉਹ ਉਸ ਦੇ ਉੱਤੇ ਤਾਉੜੀ ਵਜਾਵੇਗੀ ਅਤੇ ਉਹ ਦੇ ਉੱਤੇ ਆਪਣੇ ਥਾਂ ਤੋਂ ਛੁਛਕਾਰੇਗੀ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×