Bible Versions
Bible Books

Acts 15 (PAV) Punjabi Old BSI Version

1 ਕਈ ਆਦਮੀ ਯਹੂਦਿਯਾ ਤੋਂ ਆਣ ਕੇ ਭਾਈਆਂ ਨੂੰ ਸਿਖਾਲਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸੱਕਦੀ
2 ਸੋ ਜਾਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ ਬਹੁਤ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ
3 ਜਾਂ ਓਹ ਕਲੀਸਿਯਾ ਵੱਲੋਂ ਕੁਝ ਦੂਰ ਪੁਚਾਏ ਗਏ ਤਾਂ ਫੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਨ ਦੀ ਖਬਰ ਦਿੰਦੇ ਗਏ ਅਤੇ ਸਭਨਾਂ ਭਾਈਆਂ ਨੂੰ ਬਹੁਤ ਖੁਸ਼ ਕੀਤਾ
4 ਜਾਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਆਦਰ ਭਾਉ ਕੀਤਾ ਅਤੇ ਓਹਨਾਂ ਨੇ ਜੋ ਕੁਝ ਪਰਮੇਸ਼ੁਰ ਨੇ ਓਹਨਾਂ ਦੇ ਨਾਲ ਕੀਤਾ ਸੀ ਸੋ ਸੁਣਾ ਦਿੱਤਾ
5 ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਨਿਹਚਾ ਕੀਤੀ ਉੱਠ ਕੇ ਕਿਹਾ ਭਈ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਸ਼ਰਾ ਨੂੰ ਮੰਨਣ ਦਾ ਹੁਕਮ ਦੇਣਾ ਚੀਹਦਾ ਹੈ।।
6 ਤਾਂ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਭਈ ਏਸ ਗੱਲ ਨੂੰ ਸੋਚਣ
7 ਅਰ ਜਾਂ ਬਹੁਤ ਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, - ਹੇ ਭਾਈਓ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਜੋ ਪਰਾਈਆਂ ਕੌਮਾਂ ਮੇਰੀ ਜ਼ਬਾਨੀ ਖੁਸ਼ ਖਬਰੀ ਦਾ ਬਚਨ ਸੁਣਨ ਅਤੇ ਨਿਹਚਾ ਕਰਨ
8 ਅਤੇ ਪਰਮੇਸ਼ੁਰ ਨੇ ਜੋ ਅੰਤਰਜਾਮੀ ਹੈ ਜਿਹਾ ਸਾਨੂੰ ਤਿਹਾ ਹੀ ਉਨ੍ਹਾਂ ਨੂੰ ਭੀ ਪਵਿਤ੍ਰ ਆਤਮਾ ਦੇ ਕੇ ਉਨ੍ਹਾਂ ਉੱਤੇ ਸਾਖੀ ਦਿੱਤੀ
9 ਅਤੇ ਨਿਹਚਾ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁਝ ਭਿੰਨ ਭੇਦ ਨਾ ਰੱਖਿਆ
10 ਸੋ ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਹ ਨੂੰ ਨਾ ਸਾਡੇ ਪਿਉ ਦਾਦੇ, ਨਾ ਅਸੀਂ ਚੁੱਕ ਸੱਕੇॽ
11 ਪਰ ਸਾਨੂੰ ਪਰਤੀਤ ਹੈ ਕਿ ਅਸੀਂ ਪ੍ਰਭੁ ਯਿਸੂ ਦੀ ਕਿਰਪਾ ਨਾਲ ਬਚਾਏ ਜਾਵਾਂਗੇ ਜਿਸ ਤਰਾਂ ਕਿ ਓਹ ਭੀ।।
12 ਤਾਂ ਸਾਰੀ ਸਭਾ ਚੁੱਪ ਰਹੀ ਅਤੇ ਓਹ ਬਰਨਬਾਸ ਅਰ ਪੌਲੁਸ ਤੋਂ ਇਹ ਵਾਰਤਾ ਸੁਣਨ ਲੱਗੇ ਜੋ ਪਰਮੇਸ਼ੁਰ ਨੇ ਕਿਹੋ ਕਿਹੇ ਨਿਸ਼ਾਨ ਅਤੇ ਅਚੰਭੇ ਓਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਲੇ
13 ਅਰ ਜਾਂ ਓਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, - ਹੇ ਭਾਈਓ, ਮੇਰੀ ਸੁਣੋ
14 ਸ਼ਮਊਨ ਨੇ ਦੱਸਿਆ ਹੈ ਭਈ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ
15 ਅਤੇ ਨਬੀਆਂ ਦੇ ਬਚਨ ਏਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ, -
16 ਇਹ ਦੇ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫੇਰ ਬਣਾ ਕੇ ਖੜਾ ਕਰਾਂਗਾ,
17 ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਸਦਾਉਂਦੇ ਹਨ ਪ੍ਰਭੁ ਨੂੰ ਭਾਲਣ।
18 ਪ੍ਰਭੁ ਜਿਹੜਾ ਮੁੱਢੋਂ ਏਹ ਗੱਲਾਂ ਪਰਗਟ ਕਰਦਾ ਹੈ ਇਉਂ ਆਖਦਾ ਹੈ।।
19 ਸੋ ਮੇਰੀ ਸਲਾਹ ਏਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ ਅਸੀਂ ਓਹਨਾਂ ਨੂੰ ਔਖਿਆਂ ਨਾ ਕਰੀਏ
20 ਸਗੋਂ ਓਹਨਾਂ ਨੂੰ ਲਿਖ ਭੇਜੀਏ ਭਈ ਮੂਰਤਾਂ ਦੀਆਂ ਪਲੀਤਗੀਆਂ ਅਤੇ ਹਰਾਮਕਾਰੀ ਅਤੇ ਗਲ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ
21 ਕਿਉਂ ਜੋ ਅਗਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਅਤੇ ਹਰ ਸਬਤ ਦੇ ਦਿਨ ਸਮਾਜਾਂ ਵਿੱਚ ਉਹ ਦੀ ਪੋਥੀ ਪੜ੍ਹੀ ਜਾਂਦੀ ਹੈ।।
22 ਤਦ ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸਿਯਾ ਸਣੇ ਚੰਗਾ ਜਾਣਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਘੱਲਣ ਅਰਥਾਤ ਯਹੂਦਾ ਨੂੰ ਜਿਹੜਾ ਬਰਸੱਬਾਸ ਕਹਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਾਈਆਂ ਵਿੱਚ ਮੁਰਹੈਲ ਸਨ
23 ਅਰ ਉਨ੍ਹਾਂ ਦੇ ਹੱਥ ਇਹ ਲਿਖ ਘੱਲਿਆ ਭਈ ਉਨ੍ਹਾਂ ਭਾਈਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ ਅਤੇ ਸੁਰਿਯਾ ਅਤੇ ਕਲਿਕਿਯਾ ਵਿੱਚ ਰਹਿੰਦੇ ਹਨ ਰਸੂਲਾਂ ਅਤੇ ਬਜ਼ੁਰਗਾਂ ਭਾਈਆਂ ਦਾ ਪਰਨਾਮ
24 ਜਾਂ ਅਸਾਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਘਬਰਾ ਦਿੱਤਾ ਪਰ ਅਸਾਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ
25 ਤਾਂ ਅਸਾਂ ਇੱਕ ਮਨ ਹੋ ਕੇ ਚੰਗਾ ਜਾਣਿਆ ਜੋ ਕਈਕੁ ਪੁਰਸ਼ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ
26 ਜੋ ਅਜੇਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦੇ ਬਦਲੇ ਜੋਖੋਂ ਵਿੱਚ ਪਾ ਦਿੱਤੇ, ਤੁਹਾਡੇ ਕੋਲ ਘੱਲੀਏ
27 ਸੋ ਅਸਾਂ ਯਹੂਦਾਹ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪ ਏਹ ਗੱਲਾਂ ਜਬਾਨੀ ਭੀ ਦੱਸਣਗੇ
28 ਕਿਉਂਕਿ ਪਵਿੱਤ੍ਰ ਆਤਮਾ ਨੇ ਅਤੇ ਅਸਾਂ ਚੰਗਾ ਜਾਣਿਆ ਜੋ ਇਨ੍ਹਾਂ ਜਰੂਰੀ ਗੱਲਾਂ ਤੋਂ ਬਿਨਾ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ
29 ਕਿ ਤੁਸੀਂ ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪ ਨੂੰ ਬਚਾ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਤੁਹਾਡੀ ਕਲਿਆਣ ਹੋਵੇ।।
30 ਫੇਰ ਓਹ ਵਿਦਿਆ ਹੋ ਕੇ ਅੰਤਾਕਿਯਾ ਨੂੰ ਆਏ ਅਰ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ
31 ਓਹ ਪੜ੍ਹ ਕੇ ਏਸ ਤਸੱਲੀ ਦੀ ਗੱਲੋਂ ਬਹੁਤ ਅਨੰਦ ਹੋਏ
32 ਤਾਂ ਯਹੂਦਾ ਅਰ ਸੀਲਾਸ ਨੇ ਜੋ ਆਪ ਭੀ ਨਬੀ ਸਨ ਭਾਈਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਤਕੜੇ ਕੀਤਾ
33 ਅਤੇ ਓਹ ਕਿੰਨਾਕੁ ਚਿਰ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਾਈਆਂ ਕੋਲੋਂ ਸੁੱਖ ਸਾਂਦ ਨਾਲ ਵਿਦਿਆ ਹੋਏ
34 number="34"/>
35 ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੁ ਦਾ ਬਚਨ ਸਿਖਾਲਦੇ ਅਤੇ ਉਹ ਦੀ ਖੁਸ਼ ਖਬਰੀ ਸੁਣਾਉਂਦੇ ਸਨ।।
36 ਕਈ ਦਿਨ ਪਿਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਓ ਹਰੇਕ ਨਗਰ ਵਿੱਚ ਜਿੱਥੇ ਅਸਾਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ ਫੇਰ ਜਾ ਕੇ ਭਾਈਆਂ ਦੀ ਖਬਰ ਲਈਏ ਭਈ ਉਨ੍ਹਾਂ ਦਾ ਕੀ ਹਾਲ ਹੈ
37 ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਸਦਾਉਂਦਾ ਹੈ ਨਾਲ ਲੈ ਚੱਲੀਏ
38 ਪਰ ਪੌਲੁਸ ਨੇ ਚੰਗਾ ਨਾ ਜਾਣਿਆ ਕਿ ਉਹ ਨੂੰ ਨਾਲ ਲੈ ਚੱਲੇ ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ
39 ਤਦ ਉਨ੍ਹਾਂ ਵਿੱਚ ਐੱਨਾ ਵਿਗਾੜ ਹੋਇਆ ਜੋ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ
40 ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਾਂ ਭਾਈਆਂ ਕੋਲੋਂ ਪਰਮੇਸ਼ੁਰ ਦੀ ਕਿਰਪਾ ਨੂੰ ਸੌਂਪਿਆ ਗਿਆ ਤਾਂ ਉਹ ਤੁਰ ਪਿਆ
41 ਅਰ ਸੁਰਿਯਾ ਅਤੇ ਕਿਲਿਕਿਯਾ ਵਿੱਚ ਫਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਤਕੜੇ ਕੀਤਾ।।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×